April 18, 2026 1:55 am

ਸੰਦੀਪ ਦੇ ਹੱਕ ’ਚ ਆਈਆਂ ਨਿਹੰਗ ਜਥੇਬੰਦੀਆਂ, ਪਰਿਵਾਰ ਦੀ ਸੁਰੱਖਿਆ ਯਕੀਨੀ ਹੋਣ ਤਕ ਰਹਿਣਗੇ ਹਰ ਸਮੇਂ ਹਾਜ਼ਰ

ਅੰਮ੍ਰਿਤਸਰ :ਅੰਮ੍ਰਿਤਸਰ ’ਚ ਬੀਤੇ ਦਿਨੀਂ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਮੁਲਜ਼ਮ ਸੰਦੀਪ ਸਿੰਘ ਉਰਫ ਸੰਨੀ ਦੇ ਅੰਮ੍ਰਿਤਸਰ ਸਥਿਤ ਘਰ ਦੇ ਬਾਹਰ ਨਿਹੰਗ ਜੱਥੇਬੰਦੀਆਂ ਨੇ ਮੋਰਚੇ ਸੰਭਾਲ ਲਏ ਹਨ। ਨਿਹੰਗ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਸੰਦੀਪ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਹੋਣ ਤੱਕ ਉਥੇ ਹੀ ਰਹਿਣਗੇ। ਇੱਥੇ ਦੱਸਣਯੋਗ ਹੈ ਕਿ ਫਿਲਹਾਲ ਸੰਦੀਪ ਪੁਲਿਸ ਹਿਰਾਸਤ ਵਿੱਚ ਹੈ ਤੇ ਭਲਕੇ ਉਸ ਦਾ ਰਿਮਾਂਡ ਪੂਰਾ ਹੋ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਅੰਮ੍ਰਿਤਸਰ ਦੇ ਗੋਪਾਲ ਮੰਦਰ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਸੁਧੀਰ ਸੂਰੀ ਦੀ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਪ੍ਰਸ਼ਾਸਨ ਨੇ ਕੁਝ ਮਿੰਟਾਂ ਵਿੱਚ ਹੀ ਗੋਲੀ ਚਲਾਉਣ ਵਾਲੇ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮ ਕੋਲੋਂ ਉਹ ਪਿਸਤੌਲ ਵੀ ਬਰਾਮਦ ਹੋਇਆ, ਜਿਸ ਨਾਲ ਉਸ ਨੇ ਸੂਰੀ ਦਾ ਕਤਲ ਕੀਤਾ ਸੀ। ਉਦੋਂ ਤੋਂ ਉਸ ਦਾ ਪਰਿਵਾਰ ਘਰੋਂ ਭੱਜ ਚੁੱਕਾ ਸੀ। ਇਸ ਦੇ ਨਾਲ ਹੀ ਕਈ ਹਿੰਦੂ ਸੰਗਠਨ ਸੰਦੀਪ ਅਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦੇ ਰਹੇ ਸਨ ਜਿਸ ਤੋਂ ਬਾਅਦ ਹੁਣ ਨਿਹੰਗ ਸਿੱਖ ਜੱਥੇਬੰਦੀਆਂ ਨੇ ਘਰ ਦੇ ਬਾਹਰ ਡੇਰੇ ਲਾ ਲਏ ਹਨ।

ਸੰਦੀਪ ਸਿੰਘ ਦੇ ਘਰ ਬਾਹਰ ਬੈਠੇ ਨਿਹੰਗ ਜੱਥੇਬੰਦੀਆਂ ਨੇ ਕਿਹਾ ਕਿ ਸੰਦੀਪ ਇਸ ਸਮੇਂ ਪੁਲਿਸ ਦੀ ਹਿਰਾਸਤ ਵਿਚ ਹੈ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿੱਖ ਕੌਮ ਦੀ ਹੈ, ਜੋ ਕਿ ਅਸੀਂ ਬਾਖੂਬੀ ਨਿਭਾਵਾਂਗੇ। ਇਸ ਲਈ ਉਸ ਦੇ ਘਰ ਦੇ ਬਾਹਰ ਹਰ ਰੋਜ਼ ਨਿਹੰਗ ਸਿੱਖ ਸੁਰੱਖਿਆ ਲਈ ਤਿਆਰ ਰਹਿਣਗੇ। ਇਸ ਦੇ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਪ੍ਰਸ਼ਾਸ਼ਨ ਵਲੋਂ ਸੰਦੀਪ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਨਾ ਬਣਾਈ ਜਾਵੇਗੀ ਉਦੋਂ ਤੱਕ ਉਹ ਉੱਥੇ ਹੀ ਰਹਿਣਗੇ।

ਸਿੱਟ ਦੀ ਜਾਂਚ ਵੀ ਹੁਣ ਆਖਰੀ ਪਡ਼ਾਅ ’ਤੇ

ਸਿੱਟ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਦੀਪ ਦੀ ਜਾਂਚ ਤਕਰੀਬਨ ਆਖੀਰੀ ਪਡ਼ਾਅ ’ਤੇ ਹੀ ਹੈ। ਜਿਸ ਵਿਚ ਸਪੈਸ਼ਲ ਟੀਮ ਨੂੰ ਵੀ ਉਸ ਦਾ ਕਿਸੇ ਗੈਂਗਸਟਰ ਜਾਂ ਅੱਤਵਾਦੀ ਨਾਲ ਸਬੰਧ ਸਾਬਤ ਨਹੀਂ ਹੋ ਸਕਿਆ ਹੈ। ਪੁਲਿਸ ਅਧਿਕਾਰੀਆਂ ਦਾ ਉਸ ਦੀ ਜਾਂਚ ਨੂੰ ਲੈ ਕੇ ਬਿੰਦੂ ਹੇਟ ਕਰਾਈਮ ’ਤੇ ਖਡ਼੍ਹਾ ਹੈ। ਇਸ ਤੋਂ ਸਾਬਤ ਹੋ ਰਿਹਾ ਹੈ ਕਿ ਸੰਦੀਪ ਨੇ ਸੁਧੀਰ ਸੂਰੀ ਉਸ ਦੇ ਭਡ਼ਕਾਊ ਭਾਸ਼ਣ ਕਾਰਨ ਹੀ ਮਾਰਿਆ ਹੈ। ਫਿਲਹਾਲ ਪੁਲਿਸ ਸੰਦੀਪ ਦੇ ਸੋਸ਼ਲ ਮੀਡੀਆ ਅਕਾਊਂਟ, ਮੋਬਾਇਲ ਅਤੇ ਇਲੈਕਟ੍ਰਾਨਿਕ ਯੰਤਰਾਂ ਦੀ ਸਕੈਨਿੰਗ ਕਰ ਰਹੀ ਹੈ।

ਐੱਨਆਈਏ ਦੀ ਜਾਂਚ ਅਜੇ ਬਾਕੀ

ਸੁਧੀਰ ਸੂਰੀ ਦੀ ਕਤਲ ਕਾਂਡ ਤੋਂ ਅਗਲੇ ਦਿਨ ਹੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵਲੋਂ ਡੀਜੀਪੀ ਦੀਆ ਹਦਾਇਤਾਂ ਅਨੁਸਾਰ ਸਿੱਟ ਕਾਇਮ ਕੀਤੀ ਗਈ ਸੀ, ਜਿਸ ਦੀ ਜਾਂਚ ਚੱਲ ਰਹੀ ਹੈ ਅਤੇ ਉਧਰ ਦੂਜੇ ਪਾਸੇ ਇਸ ਕਤਲ ਕਾਂਡ ਦੀ ਜਾਂਚ ਐੱਨਆਈਏ ਵਲੋਂ ਵੀ ਕੀਤੀ ਜਾ ਰਹੀ ਹੈ ਜਿਸ ਬਾਰੇ ਅਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ।

ਸੰਦੀਪ 7 ਦਿਨਾਂ ਦੇ ਰਿਮਾਂਡ ’ਤੇ

ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੀ ਮੁਲਜਮ ਸੰਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਅਗਲੇ ਹੀ ਦਿਨ ਸੰਦੀਪ ਨੂੰ ਅਦਾਲਤ ਵਿਚ ਪੇਸ਼ ਕੀਤਾ ਸੀ। ਪੁਲਿਸ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਸੰਦੀਪ ਨੂੰ 7 ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਜਿਸ ਤੋਂ ਬਾਅਦ ਉਸ ਦਾ ਰਿਮਾਂਡ ਕੱਲ ਨੂੰ ਖਤਮ ਹੋ ਰਿਹਾ ਹੈ ਅਤੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Send this to a friend