ਪਾਕਿਸਤਾਨ ‘ਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਕੈਨੇਡਾ ‘ਚ ਬੈਠੇ ਬਦਨਾਮ ਗੈਂਗਸਟਰ ਲਖਬੀਰ ਸਿੰਘ ਦੇ ਇਸ਼ਾਰੇ ‘ਤੇ ਪੰਜਾਬ ‘ਚ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ
ਅੰਮ੍ਰਿਤਸਰ : ਪਾਕਿਸਤਾਨ ‘ਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਕੈਨੇਡਾ ‘ਚ ਬੈਠੇ ਬਦਨਾਮ ਗੈਂਗਸਟਰ ਲਖਬੀਰ ਸਿੰਘ ਦੇ ਇਸ਼ਾਰੇ ‘ਤੇ ਪੰਜਾਬ ‘ਚ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਮੈਗਜ਼ੀਨ ਅਤੇ ਨੌ ਐੱਮਐੱਮ ਦੇ 45 ਕਾਰਤੂਸ ਅਤੇ ਅੱਠ ਹੋਰ ਕਾਰਤੂਸ ਬਰਾਮਦ ਹੋਏ ਹਨ। ਘਟਨਾ ਨੂੰ ਲੈ ਕੇ ਪੁਲਿਸ ਅਧਿਕਾਰੀ ਵੀਰਵਾਰ ਸਵੇਰੇ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਮਨਜੋਤ ਸਿੰਘ ਉਰਫ਼ ਹਰਮਨ, ਅਕਾਸ਼ਦੀਪ ਸਿੰਘ ਉਰਫ਼ ਰਾਜਾ ਵਾਸੀ ਪਿੰਡ ਸੈਦ ਮੁਬਾਰਕ ਕੁਲੀਆਂ ਜ਼ਿਲ੍ਹਾ ਬਟਾਲਾ, ਗੁਰਪ੍ਰੀਤ ਸਿੰਘ ਵਾਸੀ ਪਿੰਡ ਸਰਹਾਲੀ ਜ਼ਿਲ੍ਹਾ ਤਰਨਤਾਰਨ ਅਤੇ ਅਜਮੀਤ ਸਿੰਘ ਵਾਸੀ ਪਿੰਡ ਨੌਸ਼ਹਿਰਾ ਵਜੋਂ ਹੋਈ ਹੈ।
ਤਿੰਨ ਅੱਤਵਾਦੀਆਂ ਨੂੰ 10 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ
10 ਅਕਤੂਬਰ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਦਿੱਲੀ ਪੁਲਿਸ ਨੇ ਤਰਨਤਾਰਨ ਦੇ ਰਹਿਣ ਵਾਲੇ ਬਲਰਾਜ, ਆਤਿਸ਼ ਅਤੇ ਅਵਿਨਾਸ਼ ਨੂੰ ਸ੍ਰੀ ਦਰਬਾਰ ਸਾਹਿਬ ਨੇੜੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਏਕੇ-47, ਤਿੰਨ ਪਿਸਤੌਲ ਅਤੇ ਵੱਡੀ ਗਿਣਤੀ ਵਿੱਚ ਕਾਰਤੂਸ ਬਰਾਮਦ ਹੋਏ ਹਨ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਤਫਤੀਸ਼ ਨੂੰ ਅੱਗੇ ਵਧਾਇਆ ਤਾਂ ਉਕਤ ਦੋਸ਼ੀਆਂ ਨੇ ਮੰਨਿਆ ਕਿ ਉਪਰੋਕਤ ਚਾਰੇ ਦੋਸ਼ੀਆਂ ਨੇ ਅੱਤਵਾਦੀ ਰਿੰਦਾ ਅਤੇ ਗੈਂਗਸਟਰ ਲਖਬੀਰ ਦੇ ਇਸ਼ਾਰੇ ‘ਤੇ ਆਪਣੇ ਕੋਲ ਹਥਿਆਰਾਂ ਦੀ ਖੇਪ ਵੀ ਸਪਲਾਈ ਕੀਤੀ ਸੀ।
ਭਾਰਤ-ਪਾਕਿ ਸਰਹੱਦ ‘ਤੇ ਲੁਕਾਈ ਗਈ ਹਥਿਆਰਾਂ ਦੀ ਵੱਡੀ ਖੇਪ
ਬੁੱਧਵਾਰ ਨੂੰ ਪੁਲਿਸ ਨੇ ਚਾਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਮੌਕੇ ‘ਤੇ ਦੋ ਮੈਗਜ਼ੀਨ ਅਤੇ ਕੁੱਲ 53 ਕਾਰਤੂਸ ਬਰਾਮਦ ਕੀਤੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਅੱਤਵਾਦੀ ਰਿੰਦਾ ਅਤੇ ਗੈਂਗਸਟਰ ਲਖਬੀਰ ਦੇ ਇਸ਼ਾਰੇ ‘ਤੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਹਥਿਆਰਾਂ ਦੀ ਵੱਡੀ ਖੇਪ ਛੁਪਾ ਰੱਖੀ ਹੈ।