ਸ਼ਹਿਣਾ ਵਿਖੇ ਐੱਨਆਰਆਈ ਔਰਤ ਦੇ ਕਤਲ ਮਾਮਲੇ ’ਚ ਪੰਜ ਗ੍ਰਿਫ਼ਤਾਰ

ਜ਼ਿਲ੍ਹੇ ਬਰਨਾਲਾ ਦੇ ਕਸਬਾ ਸ਼ਹਿਣਾ ਦੀ ਸੰਘਣੀ ਅਬਾਦੀ ਵਾਲੇ ਖੇਤਰ ’ਚ ਲੰਘੇ ਵੀਰਵਾਰ ਕਰੀਬ ਅੱਧੀ ਦਰਜਨ ਅਣਪਛਾਤੇ ਨੌਜਵਾਨ ਲੁਟੇਰਿਆਂ ਵੱਲੋਂ ਐੱਨਆਰਆਈ ਬਜ਼ੁਰਗ ਜੋੜਾ ਸੇਵਾ ਮੁਕਤ ਮੁੱਖ ਅਧਿਆਪਕ ਲਛਮਣ ਸਿੰਘ ਝਮਟ ਤੇ ਉਸ ਦੀ

ਬਰਨਾਲਾ : ਜ਼ਿਲ੍ਹੇ ਬਰਨਾਲਾ ਦੇ ਕਸਬਾ ਸ਼ਹਿਣਾ ਦੀ ਸੰਘਣੀ ਅਬਾਦੀ ਵਾਲੇ ਖੇਤਰ ’ਚ ਲੰਘੇ ਵੀਰਵਾਰ ਕਰੀਬ ਅੱਧੀ ਦਰਜਨ ਅਣਪਛਾਤੇ ਨੌਜਵਾਨ ਲੁਟੇਰਿਆਂ ਵੱਲੋਂ ਐੱਨਆਰਆਈ ਸੇਵਾ ਮੁਕਤ ਮੁੱਖ ਅਧਿਆਪਕ ਲਛਮਣ ਸਿੰਘ ਝਮਟ ਤੇ ਉਸ ਦੀ ਪਤਨੀ ਅਮਰਜੀਤ ਕੌਰ ਦੇ ਘਰ ਅੰਦਰ ਦਾਖਲ ਹੋ ਕੇ ਸੋਨੇ ਦੇ ਗਹਿਣੇ ਲੁੱਟ ਦੌਰਾਨ, ਬਜ਼ੁਰਗ ਔਰਤ ਦਾ ਕਤਲ ਕਰ ਕੇ ਫਰਾਰ ਹੋਣ ਦੇ ਮਾਮਲੇ ਦੀ ਗੁੱਥੀ ਨੂੰ 24 ਘੰਟਿਆਂ ’ਚ ਸੁਲਝਾਉਂਦਿਆਂ 5 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਇਕ ਵਿਅਕਤੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਪ੍ਰੈੱਸ ਕਾਨਫਰੰਸ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਆਈਪੀਐੱਸ ਨੇ ਦੱਸਿਆ ਕਿ ਬੀਤੀ 3 ਨਵੰਬਰ ਨੂੰ ਥਾਣਾ ਸ਼ਹਿਣਾ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕੈਨੇਡਾ ਤੋਂ ਆਏ ਲਛਮਣ ਸਿੰਘ ਰਿਟਾਇਰਡ ਹੈੱਡ ਮਾਸਟਰ ਤੇ ਉਸਦੀ ਪਤਨੀ ਅਮਰਜੀਤ ਕੌਰ ਹਰ ਸਾਲ ਵਾਂਗ ਅਕਤੂਬਰ-ਨਵੰਬਰ ਮਹੀਨੇ ’ਚ ਆਪਣੇ ਜੱਦੀ ਪਿੰਡ ਸ਼ਹਿਣਾ ਵਿਖੇ ਆਏ ਹੋਏ ਸਨ। ਜਦੋਂ ਸਵੇਰੇ 5 ਵਜੇ ਦੇ ਕਰੀਬ ਅਮਰਜੀਤ ਕੌਰ ਚਾਹ ਬਣਾਉਣ ਲਈ ਆਪਣੀ ਰਸੋਈ ’ਚ ਗਈ ਤਾਂ 5\6 ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਦੀਆਂ ਚੀਕਾਂ ਸੁਣ ਕੇ ਲਛਮਣ ਸਿੰਘ ਜਦ ਬਾਹਰ ਆਉਣ ਲੱਗਾ ਤਾਂ ਉਸਨੂੰ ਵੀ ਮੁਲਜ਼ਾਂ ਨੇ ਫੜ੍ਹ ਲਿਆ। ਰੌਲਾ ਪਾ ਰਹੀ ਅਮਰਜੀਤ ਕੌਰ ਦਾ ਮੂੰਹ ਬੰਦ ਕਰਕੇ ਮੁਲਜ਼ਮਾਂ ਨੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਮਾਸਟਰ ਲਛਮਣ ਸਿੰਘ ਦੀਆਂ ਬਾਹਾਂ ਬੰਨ੍ਹਕੇ 7 ਤੋਲੇ ਸੋਨੇ ਦਾ ਕੜਾ ਉਤਾਰ ਲਿਆ।

ਇਸ ਉਪਰੰਤ ਲੁਟੇਰਿਆਂ ਨੇ ਬੈਡਰੂਮ ’ਚ ਪਈ ਅਲਮਾਰੀ ਖੋਲ੍ਹਕੇ ਉਸ ’ਚੋਂ ਸੋਨੇ ਦੇ ਗਹਿਣੇ ਤੇ ਹੋਰ ਕਾਗਜ਼ਾਤ ਚੋਰੀ ਕਰ ਲਏ। ਜਿਸ ’ਤੇ ਪੁਲਿਸ ਨੇ ਥਾਣਾ ਸ਼ਹਿਣਾ ਵਿਖੇ ਮਾਮਲਾ ਦਰਜ ਕਰ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ। ਐੱਸਐੱਸਪੀ ਮਲਿਕ ਨੇ ਦੱਸਿਆ ਕਿ ਘਟਨਾ ਨੂੰ ਟ੍ਰੇਸ ਕਰਨ ਲਈ ਐੱਸ.ਪੀ (ਡੀ) ਰਮਨੀਸ਼ ਕੁਮਾਰ ਚੌਧਰੀ ਪੀਪੀਐੱਸ ਦੀ ਨਿਗਰਾਨੀ ਹੇਠ ਰਵਿੰਦਰ ਸਿੰਘ ਰੰਧਾਵਾ ਡੀਐੱਸਪੀ ਤਪਾ, ਮਾਨਵਜੀਤ ਸਿੰਘ ਸਿੱਧੂ ਡੀਐੱਸਪੀ (ਡੀ) ਬਰਨਾਲਾ ਦੀ ਯੋਗ ਅਗਵਾਈ ਹੇਠ ਸੀਆਈਏ ਸਟਾਫ਼ ਦੇ ਇੰਚਾਰਜ਼ ਇੰਸ. ਬਲਜੀਤ ਸਿੰਘ ਤੇ ਥਾਣਾ ਸ਼ਹਿਣਾ ਦੇ ਮੁਖੀ ਥਾਣੇਦਾਰ ਜਗਦੇਵ ਸਿੰਘ ਸਿੱਧੂ ਦੀ ਟੀਮ ਦਾ ਗਠਨ ਕੀਤਾ ਗਿਆ, ਜਿੰਨ੍ਹਾਂ ਨੇ ਬੜੀ ਡੂੰਘਾਈ ਨਾਲ ਵੱਖ-ਵੱਖ ਪਹਿਲੂਆਂ, ਤਕਨੀਕੀ ਤੇ ਸੁਚਾਰੂ ਢੰਗਾਂ ਨਾਲ ਤਫ਼ਤੀਸ਼ ਅਮਲ ’ਚ ਲਿਆਉਂਦਿਆਂ 5 ਮੁਲਜ਼ਮਾਂ ਹਰਬੰਸ ਸਿੰਘ ਉਰਫ਼ ਬੰਸੀ, ਹਰਜਿੰਦਰ ਸਿੰਘ ਉਰਫ਼ ਸੁੱਖਾ, ਗੁਰਦੀਪ ਸਿੰਘ ਉਰਫ਼ ਦੀਪਾ, ਸਤਵਿੰਦਰ ਸਿੰਘ ਉਰਫ਼ ਸੱਤਾ ਤੇ ਸੁਖਪ੍ਰੀਤ ਸਿੰਘ ਉਰਫ਼ ਸੁੱਖੀ ਵਾਸੀ ਸ਼ਹਿਣਾ ਨੂੰ ਗ੍ਰਿਫ਼ਤਾਰ ਕਰਦਿਆਂ ਇੰਨ੍ਹਾਂ ਪਾਸੋਂ 7 ਤੋਲੇ ਸੋਨੇ ਦਾ ਕੜਾ, 4 ਤੋਲੇ ਸੋਨੇ ਦੀਆਂ 2 ਚੂੜੀਆਂ, 5 ਹਜ਼ਾਰ ਰੁਪਏ ਦੀ ਨਗਦੀ, ਕਰੀਬ 1 ਲੱਖ 10 ਹਜ਼ਾਰ ਰੁਪਏ ਕੀਮਤ ਦੀ ਰਾਡੋ ਘੜੀ ਤੇ 1 ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕਰਵਾਇਆ ਗਿਆ। ਜਦਕਿ ਇੰਨ੍ਹਾਂ ਦੇ 1 ਸਾਥੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ, ਜਿਸਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

– ਸਾਰੇ ਮੁਲਜ਼ਮ ਕਸਬਾ ਸ਼ਹਿਣਾ ਦੇ

ਐੱਸਐੱਸਪੀ ਸੰਦੀਪ ਮਲਿਕ ਨੇ ਅੱਗੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਹੀ ਮੁਲਜ਼ਮ ਕਸਬਾ ਸ਼ਹਿਣਾ ਦੇ ਹੀ ਹਨ ਤੇ ਨਸ਼ਾ ਕਰਨ ਦੇ ਆਦੀ ਹਨ। ਉਨ੍ਹਾਂ ਦੱਸਿਆ ਕਿ ਹਰਬੰਸ ਸਿੰਘ ਉਰਫ਼ ਬੰਸੀ ਲਛਮਣ ਸਿੰਘ ਦਾ ਗੁਆਂਢੀ ਹੈ। ਜੋ ਲਛਮਣ ਸਿੰਘ ਦੇ ਘਰ ਦੇ ਕਰੀਬ ਹੀ ਰਹਿੰਦਾ ਹੈ।

– ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਮਾਮਲੇ

ਜਿਆਦਾ ਜਾਣਕਾਰੀ ਦਿੰਦਿਆਂ ਐੱਸਐੱਸਪੀ ਮਲਿਕ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਚੋਰੀ ਤੇ ਐੱਨਡੀਪੀਐੱਸ ਐਕਟ ਅਧੀਨ ਵੱਖ-ਵੱਖ ਥਾਣਿਆਂ ’ਚ ਮਾਮਲੇ ਦਰਜ ਹਨ। ਮੁਲਜ਼ਮ ਹਰਜਿੰਦਰ ਸਿੰਘ ਉਰਫ਼ ਸੁੱਖਾ ਵਾਸੀ ਸਰਕਾਰੀ ਵਿਹੜਾ, ਸ਼ਹਿਣਾ ਖ਼ਿਲਾਫ਼ ਐੱਨਡੀਪੀਐੱਸ ਐਕਟ ਤੇ ਹੋਰ ਧਾਰਾਵਾਂ ਅਧੀਨ ਥਾਣਾ ਸਦਰ ਬਰਨਾਲਾ ਵਿਖੇ 1, ਥਾਣਾ ਸ਼ਹਿਣਾ ਵਿਖੇ 3, ਥਾਣਾ ਸਿਟੀ ਬਰਨਾਲਾ ਵਿਖੇ 2, ਸੁਖਪ੍ਰੀਤ ਸਿੰਘ ਉਰਫ਼ ਸੁੱਖੀ ਵਾਸੀ ਸ਼ਹਿਣਾ ਖ਼ਿਲਾਫ਼ ਥਾਣਾ ਸਦਰ ਰਾਏਟ ਵਿਖੇ 1, ਥਾਣਾ ਆਨੰਦਪੁਰ ਵਿਖੇ 1, ਥਾਣਾ ਸਿਟੀ ਬਰਨਾਲਾ ਵਿਖੇ 1, ਥਾਣਾ ਸਦਰ ਸੰਗਰੂਰ ਵਿਖੇ 1, ਥਾਣਾ ਬਖਸ਼ੀਵਾਲਾ ਵਿਖੇ 1, ਥਾਣਾ ਸ਼ਹਿਣਾ ਵਿਖੇ 2 ਮਾਮਲੇ ਵੱਖ-ਵੱਖ ਧਾਰਾਵਾਂ ਤਹਿਤ ਦਰਜ ਹਨ। ਇਸੇ ਤਰ੍ਹਾਂ ਸਤਵਿੰਦਰ ਸਿੰਘ ਉਰਫ਼ ਸੱਤਾ ਖ਼ਿਲਾਫ਼ ਥਾਣਾ ਸ਼ਹਿਣਾ ਵਿਖੇ 4, ਥਾਣਾ ਟੱਲੇਵਾਲ ਵਿਖੇ 1 ਤੇ ਥਾਣਾ ਸਿਟੀ ਬਰਨਾਲਾ ਵਿਖੇ 1 ਮਾਮਲਾ ਦਰਜ ਹੈ। ਹਰਬੰਸ ਸਿੰਘ ਉਰਫ਼ ਬੰਸੀ ਖ਼ਿਲਾਫ਼ ਥਾਣਾ ਸ਼ਹਿਣਾ ਵਿਖੇ 3, ਥਾਣਾ ਟੱਲੇਵਾਲ ਵਿਖੇ 1 ਤੇ ਥਾਣਾ ਸਿਟੀ ਬਰਨਾਲਾ ਵਿਖੇ 1 ਮਾਮਲਾ ਦਰਜ ਹੈ। ਜਦਕਿ ਗੁਰਦੀਪ ਸਿੰਘ ਦੀਪਾ ਉਰਫ਼ ਟੱਲੀ ਖ਼ਿਲਾਫ਼ ਪਹਿਲਾਂ ਤੋਂ ਕੋਈ ਮਾਮਲਾ ਦਰਜ ਨਹੀਂ ਹੈ, ਜਿਸਨੇ ਹੋਰਨਾਂ ਮੁਲਜ਼ਮਾਂ ਨਾਲ ਮਿਲਕੇ ਅਪਰਾਧ ਦੀ ਦੁਨੀਆਂ ’ਚ ਇਸ ਪਹਿਲੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

Send this to a friend