March 20, 2023 5:11 am

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 6986 ਪਿੰਡਾਂ ਵਿੱਚ 66 ਲੱਖ ਤੋਂ ਵੱਧ ਬੂਟੇ ਲਗਾਏ: ਸਾਧੂ ਸਿੰਘ ਧਰਮਸੋਤ

ਚੰਡੀਗੜ੍ਹ, 15 ਜਨਵਰੀ – ਪੰਜਾਬ ਸਰਕਾਰ ਨੇ ਸੂਬੇ ’ਚ ਹਰਿਆਲੀ ਵਧਾਉਣ ਦੇ ਉਦੇਸ਼ ਨਾਲ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁਣ ਤੱਕ 6986 ਪਿੰਡਾਂ ਵਿੱਚ 66 ਲੱਖ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ ਜਦਕਿ ਬਾਕੀ ਪਿੰਡਾਂ ’ਚ ਬੂਟੇ ਲਾਉਣ ਦੀ ਮੁਹਿੰਮ ਜਾਰੀ ਹੈ।ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਸੂਬੇ ’ਚ ਹਰਿਆਲੀ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ’ਚ ਪੂਰੀ ਦੁਨੀਆਂ ਮੌਸਮੀ ਤਬਦੀਲੀਆਂ ਕਾਰਨ ਕਈ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੌਸਮੀ ਤਬਦੀਲੀਆਂ ਨੂੰ ਠੱਲ੍ਹ ਪਾਉਣ ਅਤੇ ਹਰਿਆਲੀ ਵਧਾਉਣ ਲਈ ਤਿਆਰ ਕੀਤੀ ਯੋਜਨਾ ਤਹਿਤ ਸੂਬੇ ਵਿੱਚ ਵੱਡੇ ਪੱਧਰ ’ਤੇ ਵਣ ਹੇਠਲਾ ਖੇਤਰ ਵਧਾਇਆ ਜਾ ਰਿਹਾ ਹੈ।ਸ. ਧਰਮਸੋਤ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ 76.25 ਲੱਖ ਬੂਟੇ 12986 ਪਿੰਡਾਂ ਵਿੱਚ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਦੁਨੀਆਂ ਤੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਪ੍ਰਕਾਸ਼ ਪੁਰਬ ਨੂੰ ਚਿਰਸਥਾਵੀਂ ਯਾਦ ਬਣਾਉਣ ਦੇ ਮਕਸਦ ਨਾਲ ਸੂਬੇ ਭਰ ’ਚ 432 ‘ਨਾਨਕ ਬਗੀਚੀਆਂ’ ਵੀ ਤਿਆਰ ਕੀਤੀਆਂ ਗਈਆਂ ਸਨ ਤਾਂ ਜੋ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਉਣੇ ਹੋਏ ਗੁਰੂ ਸਾਹਿਬ ਵੱਲੋਂ ਵਾਤਾਵਰਣ ਪ੍ਰਤੀ ਦਿੱਤੇ ਸੁਨੇਹੇ ਨੂੰ ਵੀ ਜ਼ਮੀਨੀ ਹਕੀਕਤ ਵਿੱਚ ਬਦਲਿਆ ਜਾ ਸਕੇ।ਜੰਗਲਾਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਸਾਲ ‘ਹਿੰਦ ਦੀ ਚਾਦਰ’ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਹੁਣ ਤੱਕ 66 ਲੱਖ ਬੂਟੇ ਸੂਬੇ ਦੇ 6986 ਪਿੰਡਾਂ ‘ਚ ਲਗਾਏ ਜਾ ਚੁੱਕੇ ਹਨ।ਸ. ਧਰਮਸੋਤ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਿਛਲੇ ਲਗਭੱਗ ਚਾਰ ਸਾਲਾਂ ਦੇ ਸਮੇਂ ਦੌਰਾਨ 2.45 ਕਰੋੜ ਬੂਟੇ ਵੱਖ-ਵੱਖ ਸਕੀਮਾਂ/ਮੁਹਿੰਮਾਂ ਦੌਰਾਨ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਕੇਵਲ ਬੂਟੇ ਲਗਾਉਣ ਤੱਕ ਹੀ ਸੀਮਤ ਨਹੀਂ ਹੈ,ਸਗੋਂ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਯਕੀਨੀ ਬਣਾਉਣ ਦੀ ਦਿਸ਼ਾ ’ਚ ਵੀ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਹਰ ਪਿੰਡ ’ਚ 550 ਬੂਟੇ ਲਗਾਉਣ ਦੀ ਮੁਹਿੰਮ ’ਚ ਖਤਮ ਹੋਏ/ਮਰੇ ਚੁੱਕੇ ਬੂਟਿਆਂ ਦੀ ਥਾਂ ਨਵੇਂ ਬੂਟੇ ਲਗਾਏ ਜਾ ਚੁੱਕੇ ਹਨ।ਜੰਗਲਾਤ ਮੰਤਰੀ ਨੇ ਦੱਸਿਆ ਕਿ ਕਿ 550 ਸਾਲਾ ਮੁਹਿੰਮ ਦੌਰਾਨ ਜੰਗਲਾਤ ਵਿਭਾਗ ਨੇ ਮਗਨਰੇਗਾ ਕਾਮਿਆਂ ਤੇ ਪੰਚਾਇਤਾਂ ਦੇ ਸਹਿਯੋਗ ਨਾਲ ਬੂਟੇ ਲਾਉਣ ਦਾ ਕਾਰਜ ਮੁਕੰਮਲ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਪੰਚਾਇਤ ਵਿਭਾਗ ਵੱਲੋਂ ਰੱਖੇ ਗਏ ‘ਵਣ ਮਿੱਤਰਾਂ’ ਵੱਲੋਂ ਕੀਤੀ ਜਾ ਰਹੀ ਹੈ।

Send this to a friend