February 3, 2023 7:18 pm

ਬੀਬੀ ਜਗੀਰ ਕੌਰ ਨੇ ਡਾ. ਅਮਰੀਕ ਸਿੰਘ ਲਤੀਫਪੁਰ ਤੇ ਡਾ. ਸੁਖਬੀਰ ਸਿੰਘ ਨੂੰ ਆਪਣਾ ਓ.ਐਸ.ਡੀ. ਲਗਾਇਆ

ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਦੇ ਓ.ਐਸ.ਡੀ. ਬਣੇ ਸ. ਸਤਬੀਰ ਸਿੰਘ

ਅੰਮ੍ਰਿਤਸਰ, 7 ਦਸੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਡਾ. ਸੁਖਬੀਰ ਸਿੰਘ ਅਤੇ ਡਾ. ਅਮਰੀਕ ਸਿੰਘ ਲਤੀਫਪੁਰ ਨੂੰ ਆਪਣਾ ਆਨਰੇਰੀ ਓ.ਐਸ.ਡੀ. ਨਿਯੁਕਤ ਕੀਤਾ ਹੈ। ਡਾ. ਸੁਖਬੀਰ ਸਿੰਘ ਖਾਲਸਾ ਕਾਲਜ ਜਲੰਧਰ ਤੋਂ ਪ੍ਰੋਫੈਸਰ ਅਤੇ ਡਾ. ਅਮਰੀਕ ਸਿੰਘ ਪੰਜਾਬ ਮੰਡੀ ਬੋਰਡ ਦੇ ਜ਼ਿਲ੍ਹਾ ਦਫ਼ਤਰ ਹੁਸ਼ਿਆਰਪੁਰ ਤੋਂ ਸੁਪ੍ਰਿੰਟੈਂਡੈਂਟ ਸੇਵਾ ਮੁਕਤ ਹੋਏ ਹਨ। ਅੱਜ ਜਾਰੀ ਕੀਤੇ ਗਏ ਦਫ਼ਤਰੀ ਹੁਕਮਾਂ ਅਨੁਸਾਰ ਡਾ. ਸੁਖਬੀਰ ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਨਿੱਜੀ ਸਹਾਇਕ ਵਜੋਂ ਅਤੇ ਡਾ. ਅਮਰੀਕ ਸਿੰਘ ਲਤੀਫਪੁਰ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਸੇਵਾਵਾਂ ਨਿਭਾਉਣਗੇ। ਇਸ ਤੋਂ ਇਲਾਵਾ ਸਾਬਕਾ ਸਕੱਤਰ ਸ. ਸਤਬੀਰ ਸਿੰਘ ਨੂੰ ਮੁੱਖ ਸਕੱਤਰ ਐਡਵੋਕੇਟ ਸ. ਹਰਜਿੰਦਰ ਸਿੰਘ ਦੇ ਆਨਰੇਰੀ ਓ.ਐਸ.ਡੀ. ਦੀਆਂ ਸੇਵਾਵਾਂ ਦਿੱਤੀਆਂ ਗਈਆਂ ਹਨ। ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਸੁਪ੍ਰਿੰਟੈਂਡੈਂਟ ਵਜੋਂ ਸੇਵਾ ਨਿਭਾ ਰਹੇ ਸ. ਮਲਕੀਤ ਸਿੰਘ ਬਹਿੜਵਾਲ ਅਤੇ ਸ਼ਤਾਬਦੀ ਵਿਭਾਗ ਦੇ ਸੁਪਰਵਾਈਜ਼ਰ ਸ. ਮੇਜਰ ਸਿੰਘ ਨੂੰ ਵੀ ਆਪਣੇ ਦਫ਼ਤਰ ਦਾ ਕੰਮ-ਕਾਜ ਦੇਖਣ ਲਈ ਆਦੇਸ਼ ਜਾਰੀ ਕੀਤੇ ਹਨ। ਇਸੇ ਦੌਰਾਨ ਓ.ਐਸ.ਡੀ. ਨਿਯੁਕਤ ਕੀਤੇ ਗਏ ਡਾ. ਸੁਖਬੀਰ ਸਿੰਘ, ਡਾ. ਅਮਰੀਕ ਸਿੰਘ ਲਤੀਫਪੁਰ ਅਤੇ ਸ. ਸਤਬੀਰ ਸਿੰਘ ਨੇ ਆਪਣੀ ਜ਼ੁੰਮੇਵਾਰ ਸੰਭਾਲ ਲਈ ਹੈ। ਇਨ੍ਹਾਂ ਅਧਿਕਾਰੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵਡ, ਮੁੱਖ ਸਕੱਤਰ ਐਡਵੋਕੇਟ ਸ. ਹਰਜਿੰਦਰ ਸਿੰਘ, ਅੰਤ੍ਰਿੰਗ ਮੈਂਬਰ ਬਾਬਾ ਚਰਨਜੀਤ ਸਿੰਘ ਜੱਸੋਵਾਲ, ਮੈਂਬਰ ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਹਰਪਾਲ ਸਿੰਘ ਜੱਲ੍ਹਾ, ਭਾਈ ਅਜਾਇਬ ਸਿੰਘ ਅਭਿਆਸੀ ਅਤੇ ਹੋਰਾਂ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ ਆਦਿ ਮੌਜੂਦ ਸਨ।

Send this to a friend