ਬਾਬੂ ਰਾਮ ਕਮਲ
ਸੰਪਰਕ : 094172-35489
‘‘ਜੀ ਮੈਂ ਵਕੀਲ ਬਿਮਲ ਕੁਮਾਰ ਨੂੰ ਮਿਲਣ ਆਇਆ ਹਾਂ।’’
‘‘ਦੱਸੋ ਮੈਂ ਹੀ ਬਿਮਲ ਕੁਮਾਰ ਹਾਂ।’’
‘‘ਜੀ ਮੇਰਾ ਲੜਕਾ ਦੇਵਰਾਜ ਹੈ, ਉਸ ’ਤੇ ਇਕ ਮੁਕੱਦਮਾ ਬਣ ਗਿਆ ਹੈ।’’
‘‘ਕੀ ਗੁਨਾਹ ਹੋ ਗਿਆ।’’
‘‘ਜੀ ਗੁਨਾਹ ਇਹੋ ਹੀ ਹੈ ਕਿ ਉਹ ਸਰਕਾਰੀ ਨੌਕਰੀ ਇਮਾਨਦਾਰੀ ਨਾਲ ਕਰਦਾ ਹੈ।’’
‘‘ਅਰਥਾਤ …।’’
‘‘ਜੀ ਉਹ ਸਰਕਾਰੀ ਸਕੂਲ ਵਿਚ ਅਧਿਆਪਕ ਹੈ ਅਤੇ ਹੋਰਾਂ ਦੀ ਤਰ੍ਹਾਂ ਨਾ ਤਾਂ ਉਹ ਸਕੂਲ ਸਮੇਂ ਦੌਰਾਨ ਉਥੇ ਸਂੌਦਾ ਹੈ ਅਤੇ ਨਾ ਹੀ ਵਿਹਲਾ ਬੇੈਠਦਾ ਹੈ।’’
‘‘ਹੋਇਆ ਕਿ ਹੈ ਉਸ ਤੋਂ।’’ ਵਕੀਲ ਬਿਮਲ ਕੁਮਾਰ ਦੇ ਤਿੰਨ ਵਾਰ ਪੁੱਛਣ ’ਤੇ ਵੀ ਉਨ੍ਹਾਂ ਗੱਲ ਸਪੱਸ਼ਟ ਨਹੀਂ ਕੀਤੀ ਸੀ।
‘‘ਜੀ ਉਸ ਨੇ ਇਕ ਸ਼ਰਾਰਤਾਂ ਕਰਦੇ ਬੱਚੇ ਸੁਰਿੰਦਰ ਦੇ ਥੱਪੜ ਮਾਰਿਆ ਤਾਂ, ਦੇ ਕੰਨ ਵਿੱਚੋਂ ਖੂਨ ਨਿਕਲ ਆਇਆ।’’
‘‘ਫਿਰ ਕੀ ਹੋਇਆ? ’’ ਵਕੀਲ ਨੇ ਉਤਸੁਕਤਾ ਨਾਲ ਪੁੱਛਿਆ।
‘‘ਜੀ ਸਕੂਲ ਮੁਖੀ ਨੇ ਪੁਲਿਸ ਵਿਚ ਸ਼ਿਕਾਇਤ ਕਰ ਦਿੱਤੀ ਅਤੇ ਪੁਲਿਸ ਮੇਰੇ ਅਧਿਆਪਕ ਲੜਕੇ ਨੂੰ ਫੜ ਕੇ ਲੈ ਗਈ ਤੇ ਮੁਕੱਦਮਾ ਬਣਾ ਦਿੱਤਾ।’’ ਰੋਣੀ ਸੁਰਤ ਨਾਲ ਲੜਕੇ ਦੇ ਪਿਤਾ ਨੇ ਵਕੀਲ ਨੂੰ ਸਾਰੀ ਵਾਰਤਾ ਦੱਸੀ।
‘‘ਬੱਚੇ ਦੇ ਜੋ ਥੱਪੜ ਪਿਆ ਉਹ ਪੜ੍ਹਾਈ ਨਾ ਕਰਕੇ ਜਾਂ ਸ਼ਰਾਰਤ ਕਰਨ ਲਈ ਮਾਰਿਆ ਗਿਆ।’’ ਵਕੀਲ ਨੇ ਪੂਰੀ ਜਾਣਕਾਰੀ ਲੈਣੀ ਚਾਹੀ।’’
‘‘ਜੀ ਪੜ੍ਹਾਈ ਕਰਕੇ ਮਾਰਨ ਦੀ ਕੀ ਲੋੜ ਹੈ, ਅੱਜ ਦੇ ਸਮੇਂ ਅਨੁਸਾਰ ਮਾਸਟਰ ਤਾਂ ਇਹੀ ਕਹਿੰਦੇ ਹਨ ਕਿ ਜੇ ਨਹੀਂ ਪੜ੍ਹਦੇ ਤਾਂ ਨਾ ਪੜ੍ਹਣ, ਅਸੀਂ ਕਿਹੜੀ ਇਨ੍ਹਾਂ ਦੀ ਕਮਾਈ ਖਾਣੀ ਹੈ।’’
‘‘ਜੀ ਕੋਈ ਹੋਰ ਕਾਰਨ ਤਾਂ ਫਿਰ ਸ਼ਰਾਰਤ ਕਰਦਾ ਹੋਵੇਗਾ।’’
‘‘ਜੀ ਉਹ ਸਾਰੀ ਜਮਾਤ ਵਿਚ ਇਕ ਨੰਬਰ ਦਾ ਸ਼ਰਾਰਤੀ ਹੈ।’’
‘‘ਤਾਂ ਫਿਰ ਜਮਾਤ ਵਿਚ ਹੋਰ ਵਿਦਿਆਰਥੀਆਂ ਨਾਲ ਲੜਦਾ ਹੀ ਰਹਿੰਦਾ ਹੋਵੇਗਾ।’’ ਵਕੀਲ ਨੇ ਉਸ ਦੀ ਉਸਤਾਦੀ ਦੀ ਪੂਰੀ ਕਹਾਣੀ ਜਾਨਣੀ ਚਾਹੀ।’’
‘‘ਜੀ ਇਕ ਲੜਕੇ ਪ੍ਰੇਮ ਸਿੰਘ ਤੋਂ ਹਾਕੀ ਖੇਡਦੇ ਹੋਏ ਹਾਕੀ ਵਾਲੀ ਗੇਂਦ ਸੁਰਿੰਦਰ ਦੀ ਪੁੜਪੁੜੀ ਵਿਚ ਲੱਗ ਗਈ ਸੀ। ਉਸ ਵੇਲੇ ਗੇਂਦ ਵੱਜਣ ਵਾਲੀ ਥਾਂ ’ਤੇ ਬਹੁਤ ਸੋਜ਼ ਤੇ ਦਰਦ ਹੋਇਆ ਸੀ। ਉਸ ਥਾਂ ’ਤੇ ਅੱਜ ਮੇਰੇ ਲੜਕੇ ਤੋਂ ਸੁਰਿੰਦਰ ਦੇ ਕੰਨ ’ਤੇ ਥੱਪੜ ਵੱਜ ਗਿਆ।
‘‘ਕੀ ਦੋ ਕੁ ਅਧਿਆਪਕ ਆ ਕੇ ਗਵਾਹੀ ਦੇਣਗੇ ਕਿ ਇਹ ਲੜਕਾ ਪੜ੍ਹਦਾ ਨਹੀਂ ਸ਼ਰਾਰਤੀ ਹੈ ਅਤੇ ਦੋ-ਤਿੰਨ ਸਹਿਪਾਠੀ ਆ ਕੇ ਕਹਿੰਦੇ ਕਿ ਉਹ ਜਮਾਤ ਵਿਚ ਹੋਰ ਬੱਚਿਆਂ ਨਾਲ ਲੜਦਾ ਰਹਿੰਦਾ ਹੈ।’’ ਵਕੀਲ ਨੇ ਮੁਕੱਦਮਾ ਹੱਥ ਵਿਚ ਲੈਣ ਤੋਂ ਪਹਿਲਾਂ ਸਾਰੀ ਗੱਲ ਸਾਫ ਕਰ ਲਈ।
‘‘ਜੀ ਵਕੀਲ ਸਾਹਿਬ ਹੁਣ ਤ੍ਯਾਂ ਗੱਲ ਤਾਜ਼ੀ-ਤਾਜ਼ੀ ਹੈ, ਪਰ ਹੋ ਸਕਦਾ ਹੈ। ਸਮਾਂ ਪਾ ਕੇ ਅਸੀਂ ਸਾਥੀ ਅਧਿਆਪਕਾਂ ਨੂੰ ਤਿਆਰ ਕਰ ਲਵਾਂਗੇ। ਦੋ-ਚਾਰ ਜਮਾਤੀ ਦੋਸਤ ਵੀ ਪਰ ਸੱਭ ਤੋਂ ਪਹਿਲਾਂ ਮੈੇਂ ਚਾਹੁੰਦਾ ਕਿ ਤੁਸੀਂ ਮੇਰੇ ਲੜਕੇ ਦੇਵਰਾਜ ਦੀ ਜਮਾਨਤ ਕਰਵਾ ਦਿਓ, ਦੱਸੋ ਕਿ ਖਰਚਾ ਆਵੇਗਾ?’’
‘‘ਪੰਜ ਹਜ਼ਾਰ ਜਮਾਨਤ ਕਰਵਾਉਣ ਦਾ ਅਤੇ ਪੰਦਰਾਂ ਹਜ਼ਾਰ ਅਖੀਰ ਤੱਕ ਮੁਕੱਦਮੇ ਪਤਾ ਨਹੀਂ ਸਾਲ-ਦੋ ਸਾਲ ਚੱਲਦਾ ਰਹੇ।’’
‘‘ਵਕੀਲ ਸਾਹਿਬ ਤੁਸੀਂ ਜੋ ਵੀਹ ਹਜ਼ਾਰ ਫੀਸ ਮੰਗੀ ਹੈ ਇਹ ਐਡੀ ਵੱਡੀ ਰਕਮ ਇਕ ਸਕੂਲ ਮਾਸਟਰ ਲਈ ਦੇਣੀ ਬਹੁਤ ਔਖੀ ਹੈ। ਖਾਸ ਤੌਰ ’ਤੇ ਉਸ ਨੂੰ ਜਿਸਦੀ ਉਪਰਲੀ ਆਮਦਨੀ ਕੁਝ ਵੀ ਨਾ ਹੋਵੇ ਅਤੇ ਇਕੱਲੀ ਤਨਖਾਹ ਨਾਲ ਗੁਜਾਰਾ ਕਰਦਾ ਹੋਵੇ।’’
‘‘ਜੇ ਇਹ ਗੱਲ ਹੈ ਤਾਂ ਤੁਸੀਂ ਜੋ ਮਰਜ਼ੀ ਦੇ ਦੇਣਾ।’’ ਵਕੀਲ ਨੇ ਫੀਸ ਦੇ ਚੱਕਰ ’ਚ ਨਾ ਪੈਂਦਿਆਂ ਅੱਗੇ ਕਿਹਾ, ‘ਤੁਸੀਂ ਮੈਨੂੰ ਮੁਕੱਦਮੇ ਸੰਬੰਧੀ ਪੁਲਿਸ ਤੋਂ ਕਾਗਜ਼ ਲਿਆ ਕੇ ਦਿਉ ਤਾਂ ਕਿ ਮੈਂ ਅੱਗੇ ਕਾਰਵਾਈ ਕਰ ਸਕਾਂ।’’
ਅਗਲੇ ਦਿਨ ਸਵੇਰੇ ਹੀ ਅਦਾਲਤ ਖੁਲਦਿਆਂ ਪੁਲਿਸ ਮੁਲਾਜ਼ਮ ਮਾਸਟਰ ਦੇਵਰਾਜ ਨੂੰ ਲੈ ਕੇ ਆ ਗਏ, ਤਦ ਵਕੀਲ ਬਿਮਲ ਕੁਮਾਰ ਨੇ ਅਧਿਆਪਕ ਦੀ ਜਮਾਨਤ ਦੇ ਕਾਗਜ਼ ਵੀ ਪੇਸ਼ ਕਰ ਦਿੱਤੇ ਤਾਂ ਮੁਲਜਮ ਨੂੰ ਅਦਾਲਤ ਰਾਹੀਂ ਜਮਾਨਤ ਦੇ ਛੁਡਵਾ ਲਿਆ।
ਵਕੀਲ ਬਿਮਲ ਕੁਮਾਰ ਦੇਵਰਾਜ ਨੂੰ ਲੈ ਬਾਹਰ ਆਇਆ ਤੇ ਉਸ ਨੂੰ ਸਾਰੇ ਪਰਿਵਾਰ ਨਾਲ ਮਿਲਵਾਇਆ। ਉਸ ਦੇਵਰਾਜ ਨੂੰ ਕਿਹਾ ਕਿ ਦੋ-ਚਾਰ ਦਿਨਾਂ ਤੱਕ ਤੁਸੀਂ ਮੈਨੂੰ ਹਾਕੀ ਖੇਡਣ ਵਾਲੇ ਜਮਾਤ ਦੇ ਮੁੰਡਿਆਂ ਨਾ ਮਿਲਵਾਓ। ਪੰਜ ਦਿਨਾਂ ਬਾਅਦ ਦੇਵਰਾਜ ਪੰਜ ਮੁੰਡੇ ਲੈ ਬਿਮਲ ਕੁਮਾਰ ਦੇ ਘਰ ਗਿਆ, ਜਿਨ੍ਹਾਂ ਵਿਚ ਪ੍ਰੇਮ ਸਿੰਘ ਨਾਂਅ ਦਾ ਮੁੰਡਾ ਵੀ ਸੀ, ਜਿਸ ਨੂੰ ਸੁਰਿੰਦਰ ਨੇ ਹਾਕੀ ਮਾਰੀ ਸੀ ਤੇ ਪ੍ਰੇਮ ਸਿੰਘ ਨੇ ਬਦਲਾ ਲੈਣ ਲਈ ਉਸਦੇ ਹਾਕੀ ਖੇਡਣ ਵਾਲੀ ਗੇਂਦ ਮਾਰੀ ਜੋ ਉਸ ਦੀ ਪੁੜਪੁੜੀ ਵਿਚ ਜ਼ੋਰ ਦੀ ਵੱਜੀ ਸੀ ਤੇ ਕੰਨ ’ਤੇ ਸੋਜ ਆ ਗਈ ਸੀ ਅਤੇ ਖੂਨ ਵੀ ਨਿਕਲਿਆ ਸੀ। ਬਿਮਲ ਕੁਮਾਰ ਨੇ ਉਸ ਲੜਕੇ ਤੋਂ ਪੁੱਛਿਆ,
‘‘ਤੇਰਾ ਕੀ ਨਾਂਅ ਹੈ।’’
‘‘ਜੀ ਮੇਰਾ ਨਾਂਅ ਪ੍ਰੇਮ ਸਿੰਘ ਹੈ।’’
‘‘ਕੀ ਤੂੰ ਆਪਣੀ ਜਮਾਤ ਦੇ ਲੜਕੇ ਸੁਰਿੰਦਰ ਕੁਮਾਰ ਨੂੰ ਕੁੱਟਿਆ ਸੀ?’’
‘‘ਜੀ ਨਹੀਂ ਮੇਰੇ ਤੋਂ ਖੇਡਦੇ ਹੋਏ ਹਾਕੀ ਵਾਲੀ ਗੇਂਦ ਉਸ ਦੇ ਕੰਨ ’ਤੇ ਵੱਜ ਗਈ ਸੀ।’’
‘‘ਕੀ ਉਸ ਸਮੇਂ ਉਸ ਨੂੰ ਕਿਸੇ ਡਾਕਟਰ ਕੋਲ ਲਿਜਾਇਆ ਗਿਆ ਸੀ?
‘‘ਜੀ ਹਾਂ ਉਸ ਨੂੰ ਸਾਡੇ ਘਰ ਦੇ ਨਾਲ ਦੈੇ ਹੀ ਡਾਕਟਰ ਕੈਲਾਸ਼ ਕੋਲ ਲੈ ਗਏ ਸੀ।’’ ਮੈਂ ਦੂਜੇ ਦਿਨ ਆਪਣੇ ਮੰਮੀ-ਪਾਪਾ ਨੂੰ ਨਾਲ ਲੈ ਕੇ ਉਸਦਾ ਹਾਲ-ਚਾਲ ਪੁੱਛਣ ਗਏ ਸੀ। ਡਾਕਟਰ ਨੇ ਉਸ ਦੇ ਕੰਨ ਦਾ ਮੁਆਇਨਾ ਕੀਤਾ ਤਾਂ ਉਸਦੇ ਪਿਤਾ ਜੀ ਨੇ ਦੱਸਿਆ ਕਿ ਮੇਰੇ ਤੋਂ ਗੇਂਦ ਵੱਜਣ ਨਾਲ ਸੁਰਿੰਦਰ ਦੇ ਕੰਨ ਦਾ ਪਰਦਾ ਫੱਟ ਗਿਆ ਹੈ। ਮੇਰੇ ਮਾਤਾ-ਪਿਤਾ ਨੇ ਮੈਨੂੰ ਬਹੁਤ ਝਿੜਕਿਆ ਤੇ ਸੁਰਿੰਦਰ ਦੇ ਮਾਤਾ-ਪਿਤਾ ਤੋਂ ਮੇਰੇ ਵੱਲੋਂ ਮਾਫੀ ਮੰਗੀ ਤੇ ਕਿਹਾ ਕਿ ਸਾਨੂੰ ਬਹੁਤ ਹੀ ਦੁੱਖ ਹੋਇਆ ਹੈ।
ਹੁਣ ਵਕੀਲ ਉਸੇ ਡਾਕਟਰ ਨੂੰ ਜਾ ਮਿਲਿਆ ਤੇ ਸਾਰੀ ਗੱਲ ਦੱਸੀ ਅਤੇ ਡਾਕਟਰ ਤੋਂ ਸੁਰਿੰਦਰ ਮੁੰਡੇ ਦੇ ਕੰਨ ’ਤੇ ਵੱਜੀ ਸੱਟ ਦੇ ਮੁਆਇਨੇ ਦੀ ਨਕਲ ਲੈ ਲਈ। ਫਿਰ ਵਕੀਲ ਬਿਮਲ ਕੁਮਾਰ ਦੇਵਰਾਜ ਨੂੰ ਨਾਲ ਲੈ ਕੇ ਲੜਕੇ ਪ੍ਰੇਮ ਸਿੰਘ ਦੇ ਘਰ ਵੀ ਪਹੁੰਚ ਗਿਆ ਅਤੇ ਉਨ੍ਹਾਂ ਨਾਲ ਵੀ ਗੇਂਦ ਲੱਗਣ ਬਾਰੇ ਸਾਰੀ ਜਾਣਕਾਰੀ ਹਾਸਿਲ ਕਰਨ ਲਈ ਗੱਲ ਕੀਤੀ।
‘‘ਕੀ ਤੁਸੀਂ ਅਦਾਲਤ ਵਿਚ ਗਵਾਹੀ ਦੇ ਸਕੋਗੇ ਕਿ ਸੁਰਿੰਦਰ ਲੜਕੇ ਦੇ ਕੰਨ ਦਾ ਪਰਦਾ ਤੁਹਾਡੇ ਲੜਕੇ ਦੇ ਗੇਂਦ ਮਾਰਨ ਕਰਕੇ ਹੀ ਫਟ ਗਿਆ ਸੀ।’’
ਵਕੀਲ ਨੇ ਉਨ੍ਹਾਂ ਨੂੰ ਗਵਾਹ ਬਣਾ ਲਿਆ।
ਇਸ ਤਰ੍ਹਾਂ ਸਬੂਤ ਤੇ ਗਵਾਹ ਪੇਸ਼ ਕਰ ਵਕੀਲ ਨੇ ਮਾਸਟਰ ਦੇਵਰਾਜ ਨੂੰ ਮੁਕੱਦਮੇ ਤੋਂ ਬਰੀ ਕਰਵਾ ਦਿੱਤਾ।