June 9, 2026 3:31 pm

ਸੰਗਰੂਰ ਸ਼ਹਿਰ ਵਿੱਚੋਂ ਇੱਕ ਵਿਦਿਆਰਥੀ ਅਗਵਾ ਅਗਵਾਕਾਰਾਂ ਨੇ ਮੰਗੀ ਇੱਕ ਲੱਖ ਦੀ ਫਿਰੌਤੀ

ਸੰਗਰੂਰ, 19 ਜੂਨ (ਹਰਜੀਤ ਸਿੰਘ ਹਸਨਪੂਰੀ)- ਜਾਣਕਾਰੀ ਮਿਲੀ ਹੈ, ਕਿ ਸੰਗਰੂਰ ਵਿੱਚ ਸਿਵਲ ਇੰਜਨੀਅਰ ਦਾ ਡਿਪਲੋਮਾ ਕਰ ਰਹੇ ਬਿਹਾਰ ਦੇ ਇੱਕ ਵਿਦਿਆਰਥੀ ਨੂੰ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰਕੇ ਫਿਰੌਤੀ ਮੰਗਣ ਦਾ ਮਾਮਲੇ ਸਾਹਮਣੇ ਆਇਆ ਹੈ।ਦੂਜੇ ਪਾਸੇ ਪੀੜਤ ਵਿਦਿਆਰਥੀ ਕਿਸੇ ਨਾ ਕਿਸੇ ਤਰ੍ਹਾਂ ਚੁੰਗਲ ’ਚੋਂ ਬਚ ਨਿਕਲਿਆ। ਪੁਲੀਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਗਵਾਕਰਾਂ ਦੀ ਪਛਾਣ ਲਈ ਪੁਲੀਸ ਵੱਲੋਂ ਸ਼ਹਿਰ ਦੇ ਦੋ ਚੋਕਾਂ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੂਟੇਜ਼ ਜਾਂਚ ਕੀਤੀ ਜਾ ਰਹੀ ਹੈ।ਥਾਣਾ ਸਿਟੀ ਪੁਲੀਸ ਦੇ ਇੰਚਾਰਜ ਹਰਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਬਾਦਲ ਸਿੰਘ ਪੁੱਤਰ ਬ੍ਰਿਜ ਬਿਹਾਰੀ ਸਿੰਘ ਵਾਸੀ ਖੈੜਾਡੀਹ (ਬਿਹਾਰ) ਇਥੇ ਇੱਕ ਤਕਨੀਕੀ ਕਾਲਜ਼ ਵਿੱਚ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਕਰ ਰਿਹਾ ਹੈ।ਉਹ ਇਥੇ ਕਿਰਾਏ ’ਤੇ ਕਮਰਾ

ਲੈ ਕੇ ਰਹਿ ਰਿਹਾ ਹੈ। ਬੀਤੀ 16 ਜੂਨ ਨੂੰ ਜਦੋਂ ਉਹ ਸੰਗਰੂਰ ਬੱਸ ਅੱਡੇ ਤੋਂ ਪੈਦਲ ਆਪਣੇ ਕਿਰਾਏ ਵਾਲੇ ਕਮਰੇ ਵੱਲ ਜਾ ਰਿਹਾ ਸੀ ਤਾਂ ਧੂਰੀ ਗੇਟ ਸਥਿਤ ਚਾਰ ਅਣਪਛਾਤੇ ਨੌਜਵਾਨ ਉਸ ਨੂੰ ਮਿਲੇ। ਉਹ ਬਾਰ ਬਾਰ ਵਿਦਿਆਰਥੀ ਨੂੰ ਆਖ ਰਹੇ ਸੀ ਕਿ ਉਹ ਉਨ੍ਹਾਂ ਨੂੰ ਜਾਣਦਾ ਹੈ ਪਰ ਵਿਦਿਆਰਥੀ ਨੇ ਕਿਸੇ ਨੂੰ ਵੀ ਜਾਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਵਿਚੋਂ ਇੱਕ ਨੇ ਆਪਣਾ ਨਾਮ ਕਾਲਾ ਬਡਬਰ ਦੱਸਿਆ ਸੀ। ਸ਼ਾਦਲ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਚਾਰੇ ਨੌਜ਼ਵਾਨ ਉਸ ਨੂੰ ਡਰਾ ਧਮਕਾ ਕੇ ਬਰਨਾਲਾ ਕੈਂਚੀਆਂ ਸੰਗਰੂਰ ਵਿੱਚ ਲੈ ਗਏ। ਜਿਥੋਂ ਬੱਸ ਵਿੱਚ ਚੜ੍ਹਾ ਕੇ ਉਸ ਨੂੰ ਬਡਬਰ ਲੈ ਗਏ, ਜਿਥੇ ਬੱਸ ਅੱਡੇ ’ਤੇ ਉਤਾਰ ਕੇ ਉਸ ਨੂੰ ਇੱਕ ਜੰਗਲ ਵਰਗੀ ਥਾਂ ’ਤੇ ਲੈ ਗਏ। ਅਗਵਾਕਾਰ ਨੇ ਉਸ ਦਾ ਏ ਟੀ ਐਮ ਲੈ ਕੇ ਬੈਂਕ ਖਾਤੇ ’ਚੋ ਦੋ ਹਜ਼ਾਰ ਰੁਪਏ ਕਢਵਾ ਲਏ। ਇਸ ਤੋਂ ਬਾਅਦ ਅਗਵਕਾਰਾਂ ਨੇ ਉਸ ਦੇ ਪਿਤਾ ਪਾਸੋਂ ਇੱਕ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਵਿਦਿਆਰਥੀ ਬਾਦਲ ਸਿੰਘ ਦੇ ਪਿਤਾ ਨੇ ਉਸ ਦੇ ਬੈਂਕ ਖਾਤੇ ਵਿੱਚ ਦਸ ਹਜ਼ਾਰ ਰੁਪਏ ਪਵਾ ਦਿੱਤੇ।ਇਸੇ ਦੌਰਾਨ ਉਹ ਅਗਵਾਕਾਰਾਂ ਤੋਂ ਅੱਖ ਬਚਾ ਕੇ ਉਥੋਂ ਭੱਜ ਨਿਕਲਣ ਵਿੱਚ ਸਫਲ ਹੋ ਗਿਆ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਥਾਣਾ ਮੁਖੀ ਹਰਿੰਦਰ ਸਿੰਘ ਅਨੁਸਾਰ ਅਗਵਾਕਾਰ ਵਿਦਿਆਰਥੀ ਨੂੰ ਲੈ ਕੇ ਸ਼ਹਿਰ ਦੇ ਦੋ ਚੌਂਕਾਂ ਲਾਲ ਬੱਤੀ ਚੌਂਕ ਅਤੇ ਭਗਵਾਨ ਮਹਾਂਵੀਰ ਚੌਕ ਵਿਚੋਂ ਦੀ ਪੈਦਲ ਤੁਰ ਕੇ ਗਏ ਹਨ। ਇਨ੍ਹਾਂ ਚੌਕਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ।

Send this to a friend