ਬੱਸ ਸਟੈਂਡ ਤੇ ਬੱਸਾਂ ਸਮੇਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵੀ ਸੈਨੇਟਾਈਜ ਕੀਤਾ
ਪਟਿਆਲਾ, 19 ਮਾਰਚ (ਸਿਕੰਦਰ ਸਿੰਘ)- ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਕੋਰੋਨਾਵਾਇਰਸ ਤੋਂ ਬਚਾਅ ਲਈ ਇਹਤਿਆਤ ਵਜੋਂ ਕਈ ਅਹਿਮ ਕਦਮ ਉਠਾਏ ਹਨ। ਇਸ ਤਹਿਤ ਜਿੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਸੈਨੇਟਾਈਜ ਕੀਤਾ ਗਿਆ ਹੈ, ਉਥੇ ਹੀ ਇਸ ਇਮਾਰਤ ‘ਚ ਆਉਣ ਵਾਲਿਆਂ ਲਈ ਹੈਂਡ ਸੈਨੇਟਾਈਜਰ ਮੁਹੱਈਆ ਕਰਵਾਏ ਗਏ ਹਨ ਅਤੇ ਇੱਥੇ ਆਉਣ ਵਾਲੇ ਹਰ ਵਿਅਕਤੀ ਦੇ ਹੱਥ ਸਾਫ਼ ਕਰਵਾਏ ਜਾ ਰਹੇ ਹਨ।ਜਦੋਂਕਿ ਬੱਸ ਸਟੈਂਡ ਪਟਿਆਲਾ ਵਿਖੇ ਪੂਰੇ ਬੱਸ ਅੱਡੇ ਸਮੇਤ ਇੱਥੇ ਖੜ੍ਹੀ ਹਰ ਬੱਸ ਨੂੰ ਸੈਨੇਟਾਈਜ ਕਰਨ ਦੇ ਨਾਲ-ਨਾਲ ਸਵਾਰੀਆਂ ਨੂੰ ਕੋਰੋਨਾਵਾਇਰਸ ਦੀ ਭਿਆਨਕਤਾ ਤੋਂ ਜਾਗਰੂਕ ਕਰਦਿਆਂ ਉਨ੍ਹਾਂ ਦੇ ਹੱਥ ਵੀ ਸੈਨੇਟਾਈਜ ਕੀਤੇ ਜਾ ਰਹੇ ਹਨ। ਬੱਸ ਅੱਡੇ ਵਿਖੇ ਇਸ ਪੂਰੀ ਪ੍ਰਕ੍ਰਿਆ ਦਾ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਜਾਇਜ਼ਾ ਲਿਆ। ਉਨ੍ਹਾਂ ਨਾਲ ਐਸ.ਡੀ.ਐਮ. ਸ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ, ਪੀ.ਸੀ.ਐਸ. ਟ੍ਰੇਨੀ ਮਿਸ ਜਸਲੀਨ ਕੌਰ ਤੇ ਪੀ.ਆਰ.ਟੀ.ਸੀ. ਦੇ ਜੀ.ਐਮ. ਸ. ਜਤਿੰਦਰਪਾਲ ਸਿੰਘ ਗਰੇਵਾਲ ਵੀ ਮੌਜੂਦ ਸਨ।ਇਸੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਸ੍ਰੀਮਤੀ ਪੂਨਮਦੀਪ ਕੌਰ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਪ੍ਰੋਟੋਕਾਲ ਤਹਿਤ ਸ਼ੱਕੀ ਵਿਅਕਤੀਆਂ ਨੂੰ 14 ਦਿਨਾਂ ਲਈ ਕੋਆਰਨਟੀਨ ਕਰਨ ਹਿੱਤ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਤਹਿਤ ਕੋਆਰਨਟੀਨ ਸਮੇਤ ਆਈਸੋਲੇਸ਼ਨ ਲਈ ਬਣਾਏ ਗਏ ਵੱਖ-ਵੱਖ ਸਥਾਨਾਂ ਦਾ ਦੌਰਾ ਕਰਕੇ ਕੀਤੇ ਗਏ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ, ਜਿੱਥੇ ਕਿ ਕੋਆਰਨਟੀਨ ਅਤੇ ਆਈਸੋਲੇਸ਼ਨ ਲਈ 6500 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸ੍ਰੀ ਕੁਮਾਰ ਅਮਿਤ ਨੇ ਅੱਜ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਸ਼ੇਖੂਪੁਰ, ਸਰਕਾਰੀ ਕਾਲਜ ਲੜਕੀਆਂ, ਸਰਕਾਰੀ ਮਹਿੰਦਰਾ ਕਾਲਜ, ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਦਾ ਵੀ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚਿਰੰਜੀ ਆਸ਼ਰਮ, ਐਨ.ਆਈ.ਐਸ., ਸਰਕਾਰੀ ਪੋਲੀਟੈਕਨਿਕ ਕਾਲਜ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਖਾਲਸਾ ਕਾਲਜ, ਲਕਸ਼ਮੀ ਬਾਈ ਡੈਂਟਲ ਕਾਲਜ, ਗੁਰਦੁਆਰਾ ਬਹਾਰਦਰਗੜ੍ਹ, ਪੰਜਾਬੀ ਯੂਨੀਵਰਸਿਟੀ ਵਿਖੇ ਕੁਆਰਨਟੀਨ ਥਾਵਾਂ ਬਣਾਈਆਂ ਗਈਆਂ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 65 (1) (ਬੀ) ਤਹਿਤ ਰਜਿੰਦਰਾ ਹਸਪਤਾਲ ਦੀ ਐਮ.ਸੀ.ਐਚ. ਇਮਾਰਤ ਦੀ ਤੀਜੀ ਤੋਂ ਅੱਠਵੀਂ ਮੰਜਿਲ, ਗੁਰੂ ਨਾਨਕ ਸੁਪਰ ਸਪੈਸ਼ਲਿਟੀ ਬਲਾਕ ਦੀ ਦੂਜੀ ਤੋਂ 5ਵੀਂ ਮੰਜਿਲ ਸਮੇਤ ਆਈ.ਸੀ.ਸੀ.ਯੂ. ਤੇ ਆਈ.ਸੀ.ਯੂ., ਆਰਥੋਪੈਡਿਕਸ ਵਰਕਸ਼ਾਪ, ਮਾਤਾ ਕੌਸ਼ੱਲਿਆ ਹਸਪਤਾਲ, ਰਜਿੰਦਰਾ ਹਸਪਤਾਲ ਦੇ ਪਿੱਛਲੇ ਪਾਸੇ ਸਥਿਤ ਹੈਲਥ ਸਕਿਲ ਡਿਵੈਲਮੈਂਟ ਸੈਂਟਰ ਅਤੇ ਅਮਰ ਹਸਪਤਾਲ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਧੀਨ ਲਿਆਂਦਾ ਗਿਆ ਹੈ ਅਤੇ ਸਮੇ ਲੋੜ ਪੈਣ ‘ਤੇ ਕਿਸੇ ਵੀ ਨਿਜੀ ਹਸਪਤਾਲ ਦੀ ਇਮਾਰਤ ਨੂੰ ਵੀ ਵਰਤਿਆ ਜਾ ਸਕੇਗਾ।