June 3, 2026 8:40 am

ਐਸ.ਡੀ.ਐਮ. ਵੱਲੋਂ ਧਾਰਮਿਕ ਸੰਸਥਾਵਾਂ ਦੇ ਮੁਖੀਆਂ, ਮੈਰਿਜ ਪੈਲੇਸਾਂ, ਹੋਟਲ ਤੇ ਰੈਸਟੋਰੈਂਟ ਮਾਲਕਾਂ ਨਾਲ ਕੋਰੋਨਾ ਵਾਇਰਸ ਸਬੰਧੀ ਮੀਟਿੰਗ

ਸੰਗਰੂਰ, 19 ਮਾਰਚ (ਪਰਮਜੀਤ ਸਿੰਘ ਲੱਡਾ)- ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਉਪ ਮੰਡਲ ਮੈਜਿਸਟਰੇਟ ਸ਼੍ਰੀ ਬਬਨਦੀਪ ਸਿੰਘ ਵਾਲੀਆ ਨੇ ਸਮੂਹ ਧਾਰਮਿਕ ਸੰਸਥਾਵਾਂ ਦੇ ਮੁਖੀਆਂ, ਮੈਰਿਜ ਪੈਲਸਾਂ, ਹੋਟਲਾਂ, ਰੈਂਸਟੋਰੈਂਟ ਮਾਲਕਾਂ ਨਾਲ ਕਰੋਨਾ ਵਾਇਰਸ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕਤਾ ਹਿੱਤ ਮੀਟਿੰਗ ਕੀਤੀ। ਉਨ੍ਹਾਂ ਨੇ ਸਮੂਹ ਹਾਜਰੀਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਇਸ ਗੱਲ ਨੂੰ ਪਹੁੰਚਾਉਣ ‘ਤੇ ਜ਼ੋਰ ਦਿੱਤਾ ਕਿ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਬਜਾਏ ਉਸ ਤੋਂ ਬਚਣ ਲਈ ਪ੍ਰਹੇਜ਼ ਨੂੰ ਅਹਿਮੀਅਤ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਹੇਜ਼ਾਂ ‘ਚ ਕਿਸੇ ਵੀ ਵਿਅਕਤੀ ਨੂੰ ਛੂਹਣ ਤੋਂ ਬਚਣ, ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ, ਭੀੜ-ਭੜੱਕੇ ਵਾਲੀਆਂ ਥਾਂਵਾਂ ਤੋਂ ਦੂਰ ਰਹਿਣ, ਵਾਰ-ਵਾਰ ਹੱਥਾਂ ਨੂੰ ਸਾਬਣ ਤੇ ਚਲਦੇ ਪਾਣੀ ਨਾਲ 20 ਸਕਿੰਟ ਤੱਕ ਧੋਣ, ਅੱਖਾਂ, ਨੱਕ ਤੇ ਮੂੰਹ ਨੂੰ ਨਾ ਛੂਹਣ, ਹੱਥ ਨਾ ਮਿਲਾਉਣ, ਗਲਵੱਕੜੀ ਨਾ ਪਾਉਣ, ਖੰਘਦੇ ਸਮੇਂ ਜਾਂ ਛਿੱਕ ਮਾਰਦੇ ਸਮੇਂ ਆਪਣਾ ਮੂੰਹ ਕੂਹਣੀ ਜਾਂ ਰੁਮਾਲ ਨਾਲ ਢਕਣ ਆਦਿ ਦਾ ਖਾਸ ਖਿਆਲ ਰੱਖਣ ਲਈ ਦੱਸਿਆ ਜਾ ਰਿਹਾ ਹੈ। ਐਸ.ਡੀ.ਐਮ ਨੇ ਅਪੀਲ ਕੀਤੀ ਕਿ ਸਮੁੱਚਾ ਦੇਸ਼ ਅਤੇ ਵਿਸ਼ਵ ਇਸ ਮੌਕੇ ਸੰਕਟ ਦੀ ਘੜੀ ‘ਚ ਹਨ, ਇਸ ਲਈ ਸਾਡੀ ਇਹ ਵਿਸ਼ੇਸ਼ ਜ਼ਿੰਮੇਂਵਾਰੀ ਬਣ ਜਾਂਦੀ ਹੈ ਕਿ ਅਸੀਂ ਸਰਕਾਰ ਵੱਲੋਂ ਜਾਰੀ ਪਾਬੰਦੀਆਂ ਜਿਵੇਂ ਜਨਤਕ ਇਕੱਠਾਂ ਤੋਂ ਪ੍ਰਹੇਜ਼ ਕਰਨਾ ਆਦਿ ਅਤੇ ਸਾਵਧਾਨੀਆਂ ਬਾਰੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰੀਏ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬਨਾਸਰ ਬਾਗ ਅਤੇ ਬੀ.ਐਸ.ਐਨ.ਐਲ ਪਾਰਕ ਵਿੱਚ ਜਾਣ ਤੋਂ ਵੀ ਗੁਰੇਜ਼ ਕੀਤਾ ਜਾਵੇ ਕਿਉਂ ਜੋ ਇਸ ਦੇ ਖ਼ਤਰਿਆਂ ਦਾ ਅਹਿਸਾਸ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਆਪਣੇ ਆਪ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ।

Send this to a friend