March 20, 2023 5:11 am

ਤੇਜ਼ ਰਫਤਾਰ ਬੱਸ ਦੇ ਪਲਟਨ ਨਾਲ ਇੱਕ ਦੀ ਮੌਤ- 20 ਜ਼ਖਮੀ, ਬੱਸ ਡਰਾਇਵਰ ਫਰਾਰ

ਗੁਰਦਾਸਪੁਰ/ਧਾਰੀਵਾਲ, 13 ਮਾਰਚ (ਅਰਵਿੰਦਰ ਮਠਾਰੂ)- ਧਾਰੀਵਾਲ ਬਾਈਪਾਸ ਤੇ ਅੱਜ ਸਵੇਰੇ ਲਗਭਗ 8.15 ਵਜੇ ਤੇਜ ਰਫਤਾਰ ਇਕ ਪ੍ਰਾਈਵੇਟ ਬੱਸ ਜਮਨਾ ਟਰੈਵਲ ਦੇ ਅਚਾਨਕ ਪਲਟ ਜਾਣ ਕਾਰਨ ਇਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 20 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਪ੍ਰਸ਼ਾਸ਼ਨ ਵਲੋਂ ਧਾਰੀਵਾਲ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਹਸਪਤਾਲਾਂ ਵਿਚ ਇਲਾਜ ਲਈ ਭੇਜ ਦਿੱਤਾ ਗਿਆ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜੰਮੂ ਤੋਂ ਅੰਮ੍ਰਿਤਸਰ ਜਾ ਰਹੀ ਇਕ ਪ੍ਰਾਈਵੇਟ ਬੱਸ ਨੰਬਰ ਜੇ.ਕੇ.02 ਬੀ.ਐਲ. 9649 ਜਦ ਧਾਰੀਵਾਲ ਬਾਈਪਾਸ ਤੇ ਪਹੁੰਚੀ ਤਾਂ ਬੱਸ ਦਾ ਸੰਤੁਲਨ ਅਚਾਨਕ ਵਿਗੜ ਜਾਣ ਕਾਰਨ ਬੱਸ ਪਲਟ ਗਈ ਜਿਸਤੇ ਰਮਾ ਮਹਾਜਨ ਪਤਨੀ ਰਵੀ ਕਾਂਤ ਵਾਸੀ ਜੰਮੂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬੱਸ ਵਿਚ ਬੈਠੀਆਂ ਲਗਭਗ 20 ਸਵਾਰੀਆਂ ਬੁਰੀ ਤਰ੍ਹਾਂ ਨਾਲ ਜਮਖੀ ਹੋ ਗਈਆਂ। ਜਿਸਦੀ ਸੂਚਨਾਂ ਮਿਲਦੇ ਹੀ ਡੀ ਐਸ ਪੀ ਮਨਜੀਤ ਸਿੰਘ, ਥਾਣਾ ਧਾਰੀਵਾਲ ਦੇ ਮੁੱਖੀ ਮਨਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਜਖਮੀਆਂ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਵੱਖ ਵੱਖ ਹਸਪਤਾਲਾਂ ਵਿਚ ਇਲਾਜ ਲਈ ਭੇਜ ਦਿੱਤਾ ਜਦਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ, ਐਸ ਡੀ ਐਮ ਸਕੱਤਰ ਸਿੰਘ ਬੱਲ ਨੇ ਮੌਕੇ ਤੇ ਆ ਕੇ ਵਾਪਰੀ ਘਟਨਾ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਜਿਆਦਾ ਜਖਮੀਆਂ ਨੂੰ ਅੰਮ੍ਰਿਤਸਰ ਹਸਪਤਾਲ ਭੇਜ ਦਿੱਤਾ ਗਿਆ ਹੈ ਜਦਕਿ ਬੱਸ ਦਾ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਦੱਸਣਯੋਗ ਹੈ ਕਿ ਨੈਸ਼ਨਲ ਹਾਈਵੇ ਦੀ ਇਕ ਲਾਈਨ ਤੇ ਪਹਿਲਾਂ ਤੋਂ ਹੀ ਇਕ ਟਰੱਕ ਪਲਟਿਆ ਹੋਣ ਕਾਰਨ ਨੈਸ਼ਨਲ ਹਾਈਵੇ ਵੱਲੋਂ ਰਸਤਾ ਰਸਤਾ ਬੰਦ ਕੀਤਾ ਗਿਆ ਸੀ, ਜਿਸ ਕਾਰਨ ਸਾਰੀ ਟ੍ਰੈਫਿਕ ਦੂਸਰੇ ਰਸਤੇ ਤੋਂ ਆ ਜਾ ਰਹੀ ਸੀ ਅਤੇ ਬੱਸ ਡਰਾਇਵਰ ਨੇ ਵੀ ਜਦ ਦੂਸਰੇ ਪਾਸੇ ਨੂੰ ਬੱਸ ਮੋੜੀ ਤਾਂ ਉਸਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਪਲਟ ਗਈ। ਸਵਾਰੀਆਂ ਅਤੇ ਹਾਜਰ ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲੋਂ ਮੰਗ ਕੀਤੀ ਕਿ ਨੈਸ਼ਨਲ ਹਾਈਵੇ ਅਥਾਰਟੀ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਸੜਕ ਕਿਨਾਰੇ ਲਗਾਏ ਗਲਤ ਸਾਈਡ ਸਾਈਨ ਬੋਰਡਾਂ ਵਿਚ ਸੁਧਾਰ ਕਰਕੇ ਸਹੀ ਦਿਸ਼ਾ ਦਰਸਾਉਣ ਵਾਲੇ ਸਾਈਨ ਬੋਰਡ ਲਗਾਏ ਜਾਣ ਤਾਂ ਅਜਿਹੇ ਹਾਦਸੇ ਨਾ ਵਾਪਰਨ।

Send this to a friend