ਨਵੀਂ ਦਿੱਲੀ, 17 ਜੂਨ (ਪੀ. ਟੀ)- ਸਰਕਾਰ ਨੇ ਅੱਜ ਕਿਹਾ ਕਿ ਉਹ ਇਰਾਕ ਦੇ ਹਿੰਸਾਗ੍ਰਸਤ ਤਿਕਰਿਤ ਸ਼ਹਿਰ ‘ਚ ਫਸੀਆਂ ਭਾਰਤੀ ਨਰਸਾਂ ਨਾਲ ਸੰਪਰਕ ‘ਚ ਬਣੀ ਹੋਈ ਹੈ। ਨਾਲ ਹੀ ਸਰਕਾਰ ਨੇ ਯੁੱਧ ਪ੍ਰਭਾਵਿਤ ਇਸ ਦੇਸ਼ ‘ਚ ਭਾਰਤੀ ਨਾਗਰਿਕਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਸੂਤਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਬੇਨਤੀ ‘ਤੇ ਇੰਟਰਨੈਸ਼ਨਲ ਰੈੱਡ ਕ੍ਰੀਸੈਂਟ ਦੇ ਇਕ ਦਲ ਨੇ ਤਿਕਰਿਤ ‘ਚ ਲਗਭਗ 46 ਨਰਸਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਦੇ ਠੀਕ ਹੋਣ ਦੀ ਜਾਣਕਾਰੀ ਵਾਪਸ ਭਾਰਤੀ ਪ੍ਰਸ਼ਾਸਨ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਸ ਦੇਸ਼ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ‘ਚ ਫਸੇ ਹੋਏ ਸਾਰੇ ਭਾਰਤੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਭਾਰਤੀ ਮਿਸ਼ਨ ਵੀ ਇਰਾਕੀ ਸਰਕਾਰ ਤੇ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਨਾਲ ਸੰਪਰਕ ਬਣਾਏ ਹੋਏ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਸਰਕਾਰ ਤਿਕਰਿਤ ਤੋਂ ਨਰਸਾਂ
ਨੂੰ ਕੱਢਣ ਦੇ ਬਾਰੇ ‘ਚ ਸੋਚ ਰਹੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸੜਕਾਂ ਕਿਸੇ ਵੀ ਪ੍ਰਕਾਰ ਦੀ ਆਵਾਜਾਈ ਲਈ ਅਨੁਕੂਲ ਨਹੀਂ ਹਨ। ਸਰਕਾਰ ਨੇ ਬੀਤੇ ਦਿਨੀਂ ਭਾਰਤੀਆਂ ਨੂੰ ਕਿਹਾ ਸੀ ਕਿ ਉਹ ਸੁਰੱਖਿਆ ਦੀ ‘ਖਤਰਨਾਕ‘ ਸਥਿਤੀ ਨੂੰ ਵੇਖਦੇ ਹੋਏ ਦੇਸ਼ ਛੱਡਣ ‘ਤੇ ਵਿਚਾਰ ਕਰਨ।



