‘ਪਾਰਟੀ ਸਿਧਾਂਤਕ ਮੁੱਦਿਆਂ ’ਤੇ ਕੋਈ ਸਮਝੌਤਾ ਨਹੀਂ ਕਰੇਗੀ’॥
ਚੰਡੀਗੜ੍ਹ, 16 ਜੂਨ (ਪੀ. ਟੀ)-ਸ਼੍ਰੋਮਣੀ ਅਕਾਲੀ ਦਲ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਦੇ ਹਿੱਤਾਂ ਦੀ ਖਾਤਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣਾ ਸਿਰਫ ਤੇ ਸਿਰਫ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦਾ ਅਧਿਕਾਰ ਖੇਤਰ ਹੈ , ਜਿਸ ਲਈ ਉਨ੍ਹਾਂ ਨੂੰ ਕਿਸੇ ਕੋਲੋਂ ਕੋਈ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ। ਭਾਜਪਾ ਆਗੂ ਸ੍ਰੀ ਬਲਰਾਮ ਜੀ ਦਾਸ ਟੰਡਨ ਵਲੋਂ ਕੀਤੀ ਬਿਆਨਬਾਜ਼ੀ ਬਾਰੇ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੋਈ ਵੀ ਇਹ ਨਿਰਧਾਰਿਤ ਨਹੀਂ ਕਰ ਸਕਦਾ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਕਦੋਂ ਤੇ ਕਿਵੇਂ ਮਿਲਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਉੁਪ ਮੁੱਖ ਮੰਤਰੀ ਵਲੋਂ ਪ੍ਰਧਾਨ ਮੰਤਰੀ ਨੂੰ ਮਿਲਣਾ ਲਗਾਤਾਰ ਚੱਲਣ ਵਾਲੀ ਪ੍ਰਕ੍ਰਿਆ ਹੈ ਤੇ ਜਦ ਵੀ ਲੋੜ ਹੈ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ
ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲਣਗੇ।ਸ੍ਰੀ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਇਕ ਆਜਾਦ ਪਾਰਟੀ ਹੈ ਜੋ ਕਿ ਕੁਰਬਾਨੀਆਂ ਦੇ ਸਿਰ ’ਤੇ ਹੋਂਦ ਵਿਚ ਆਈ ਸੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਮੁੱਦਿਆਂ ’ਤੇ ਸਾਡੀ ਪਾਰਟੀ ਦੇ ਆਪਣੇ ਵਿਚਾਰ ਹਨ ਅਤੇ ਅਕਾਲੀ ਦਲ ਕਦੇ ਵੀ ਆਪਣੇ ਸਿਧਾਂਤਾਂ ਤੇ ਪੰਜਾਬ ਦੇ ਮਸਲਿਆਂ ’ਤੇ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕਰੇਗਾ। ਸ੍ਰੀ ਗਰੇਵਾਲ ਨੇ ਕਿਹਾ ਕਿ ਗਠਜੋੜ ਵਿਚ ਕੁਝ ਮਰਿਆਦਾਵਾਂ ਹੁੰਦੀਆਂ ਹਨ ਤੇ ਜੇਕਰ ਵਿਚਾਰਾਂ ਦਾ ਵਖਰੇਵਾਂ ਹੈ ਵੀ ਤਾਂ ਉਹ ਵੀ ਪਹਿਲਾਂ ਤਾਲਮੇਲ ਕਮੇਟੀ ਕੋਲ ਉਠਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਲੋੜ ਤੋਂ ਪ੍ਰੈਸ ਰਾਹੀਂ ਅਜਿਹੀ ਬਿਆਨਬਾਜ਼ੀ ਕਰਨੀ ਸਿਰਫ ਤੇ ਸਿਰਫ ਲੋਕਾਂ ਵਿਚ ਗਠਜੋੜ ਪ੍ਰਤੀ ਬੇਵਿਸ਼ਵਾਸ਼ੀ ਹੀ ਪੈਦਾ ਕਰਦੀ ਹੈ, ਜਦਕਿ ਅਸਲ ਵਿਚ ਅਜਿਹਾ ਕੁਝ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਸਨੇ ਭਾਜਪਾ ਨੂੰ ਹਮੇਸ਼ਾ ਬਿਨ੍ਹਾਂ ਸ਼ਰਤ ਸਮਰਥਨ ਦਿੱਤਾ ਹੈ ਅਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਭਾਜਪਾ ਨਾਲ ਉਸ ਸਮੇਂ ਖੜ੍ਹੇ ਜਦ ਭਾਜਪਾ ਨੂੰ ਮੁੱਖ ਧਾਰਾ ਵਾਲੀਆਂ ਸਾਰੀਅ੍ਯਾਂ ਪਾਰਟੀਆਂ ਅਛੂਤ ਸਮਝਦੀਆਂ ਸਨ। ਸ਼੍ਰੀ ਟੰਡਨ ਨੂੰ ਅੰਤਰਝਾਤ ਮਾਰਨ ਦੀ ਸਲਾਹ ਦਿੰਦਿਆਂ ਸ੍ਰੀ ਗਰੇਵਾਲ ਨੇ ਕਿਹਾ ਕਿ ‘ਸ੍ਰੀ ਮੋਦੀ ਐਨ.ਡੀ.ਏ. ਸਰਕਾਰ ਦੇ ਪ੍ਰਧਾਨ ਮੰਤਰੀ ਹਨ ਜਿਸਦਾ ਅਕਾਲੀ ਦਲ ਪ੍ਰਮੁੱਖ ਸਹਿਯੋਗੀ ਹੈ’।



