ਜੰਮੂ ਕਸ਼ਮੀਰ ਦੌਰੇ ਦਾ ਮਕਸਦ ਰਾਜਸੀ ਨਹੀਂ
ਸ੍ਰੀਨਗਰ, 15 ਜੂਨ (ਪੀ. ਟੀ. ਲਾਇਵ)- ਕੇਂਦਰ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਜੇਕਰ ਜੰਗਬੰਦੀ ਦੀ ਉਲੰਘਣਾਂ ਹੁੰਦੀ ਹੈ ਅਤੇ ਘੁਸਪੈਠ ਜਾਰੀ ਰਹਿੰਦੀ ਹੈ ਤਾਂ ਪਾਕਿਸਤਾਨ ਨਾਲ ਗੱਲਬਾਤ ਵਿਚ ਪ੍ਰਗਤੀ ਨਹੀਂ ਹੋ ਸਕਦੀ। ਇਸ ਦਾ ਕਹਿਣਾ ਕਿ ਸਥਿਤੀ ਨੂੰ ਆਮ ਵਰਗਾ ਬਣਾਉਣ ਲਈ ਇਸ ਤਰ੍ਹਾਂ ਦੀਆਂ ਵਿਰੋਧੀ ਕਾਰਵਾਈਆਂ ਰੁਕਣੀਆਂ ਚਾਹੀਦੀਆਂ ਹਨ। ਰੱਖਿਆ ਮੰਤਰੀ ਦਾ ਕਾਰਜਭਾਰ ਸੰਭਾਲਣ ਪਿੱਛੋਂ ਜੰਮੂ ਤੇ ਕਸ਼ਮੀਰ ਦੇ ਆਪਣੇ ਪਹਿਲੇ ਦੌਰੇ ਦੇ ਦੂਸਰੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੱਖਿਆ ਮੰਤਰੀ ਅਰੁਨ ਜੇਤਲੀ ਨੇ ਕਿਹਾ ਕਿ ਉਨ੍ਹਾਂ ਦਾ ਖਿਆਲ ਹੈ ਕਿ ਸਥਿਤੀ ਨੂੰ ਆਮ ਵਰਗਾ ਬਣਾਉਣ ਲਈ ਇਸ ਤਰ੍ਹਾਂ ਦੀਆਂ ਉਲੰਘਣਾਵਾਂ ਜਿਹੜੀਆਂ ਕੰਟਰੋਲ ਰੇਖਾ ‘ਤੇ ਵਾਪਰਦੀਆਂ ਹਨ ਬੰਦ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੰਗਬੰਦੀ ਕਿਸੇ ਦੇਸ਼
ਵਾਸਤੇ ਅੱਗੇ ਵਧਣ ਲਈ ਭਰੋਸਾ ਬਹਾਲ ਕਰਨ ਦਾ ਉਪਾਅ ਹੈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਜੇਕਰ ਕੰਟਰੋਲ ਰੇਖਾ ਦੇ ਨਾਲ ਨਾਲ ਜੰਗਬੰਦੀ ਦੀ ਉਲੰਘਣਾਂ ਹੁੰਦੀ ਹੈ ਅਤੇ ਜੰਮੂ ਤੇ ਕਸ਼ਮੀਰ ਵਿਚ ਘੁਸਪੈਠ ਜਾਰੀ ਰਹਿੰਦੀ ਹੈ ਤਾਂ ਕੀ ਪਾਕਿਸਤਾਨ ਨਾਲ ਗੱਲਬਾਤ ਜਾਰੀ ਰਹੇਗੀ ਤਾਂ ਮੰਤਰੀ ਨੇ ਨਾਂਹ ਵਿਚ ਆਪਣਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਇਸ ਗੱਲ ‘ਤੇ ਕਾਇਮ ਹੈ ਕਿ ਉਹ ਪਾਕਿਸਤਾਨ ਸਮੇਤ ਸਾਰੇ ਗੁਆਂਢੀ ਮੁਲਕਾਂ ਨਾਲ ਸ਼ਾਂਤਮਈ ਤੇ ਦੋਸਤਾਨਾਂ ਸਬੰਧ ਸਥਾਪਤ ਕਰਨ ਦਾ ਯਤਨ ਕਰੇਗਾ। ਭਾਰਤ ਨੇ ਪਾਕਿਸਤਾਨ ਨੂੰ ਚੇਤੇ ਕਰਵਾਇਆ ਕਿ ਦੋਵਾਂ ਦੇਸ਼ਾਂ ਵਿਚਕਾਰ ਆਮ ਵਰਗੇ ਸਬੰਧ ਬਣਾਉਣ ਲਈ ਸਰਹੱਦ ‘ਤੇ ਅਮਨ ਤੇ ਚੈਨ ਬਣਾਈ ਰੱਖਣਾ ਪੇਸ਼ਗੀ ਸ਼ਰਤ ਹੈ।



