ਪੰਜਾਬੀ ਸੱਥ ਕੋਈ ਨਵੀਂ ਯੂਨੀਅਨ, ਸੰਗਠਨ ਜਾਂ ਜੱਥੇਬੰਦੀ ਨਹੀਂ, ਸਗੋਂ ਇਹ ਤਾਂ ਪੰਜਾਬੀ ਰਵਾਇਤੀ ਸਾਡੀ ਜੁੱਗਾਂ ਪੁਰਾਣੀ ਪਿਤਾ ਪੁਰਖੀ ਰਵਾਇਆ ਦਾ ਨਾਮ ਹੈ:
ਪੁਰਾਣੇ ਸਮੇਂ ਵਿਚ ਲੜਾਈ-ਝਗੜੇ ਹੋਰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਪਿੰਡ ਦੀ ਸੱਥ (ਪਰ੍ਹਿਆ) ਵਿੱਚ ਹੀ ਹੱਲ ਕੀਤਾ ਜਾਂਦਾ ਸੀ। ਪਰ ਸਮੇਂ ਬੀਤਣ ਦੇ ਨਾਲ ਨਾਲ ਕਈ ਤਰ੍ਹਾਂ ਦੇ ਨਵੇਂ ਨਵੇਂ ਉਠ ਰਹੇ ਮਸਲੇ ਜਿਵੇਂ ਮਾਂ ਬੋਲੀ ਤੋਂ ਟੁੱਟਦੇ ਜਾਣਾ, ਪੰਜਾਬੀ ਵਿਰਾਸਤ ਤੋਂ ਦੂਰ ਜਾਣਾ, ਆਪਣੇ ਪਿਛੋਕੜ ਨੂੰ ਭੁੱਲ ਜਾਣਾ, ਸਾਹਿਤ ਨਾਲੋਂ ਟੁੱਟ ਜਾਣਾ ਇਹੋ ਜਿਹੇ ਮਸਲਿਆਂ ਨੂੰ ਮੁੜ ਫਿਰ ਤੋਂ ਜੋੜਣ ਲਈ , ਉਚਾ ਉਠਾਉਣ ਲਈ ਹੀ ਅਲੋਪ ਹੋਈ ਪੁਰਾਣੀ ਸੱਥ ਫਿਰ ਤੋਂ ਮੁੜ ਹੋਂਦ ਵਿਚ ਆਈ ਹੈ।ਇਸ ਸੱਥ ਵਿਚ ਸਮਾਜ ਦੇ ਵੱਖ ਵੱਖ ਭਾਈਚਾਰਿਆਂ ਦੇ ਪੜ੍ਹੇ ਲਿਖੇ ਤਜ਼ਰਬੇਕਾਰ ਅਤੇ ਮਸਲਿਆਂ ਨਾਲ ਸਬੰਧਤ ਸਭ ਕਿਸਮ ਦੇ ਲੋਕ ਜੁੜੇ ਹਨ। ਇਸ ਸੱਥ ਵਿੱਚ ਵੋਟਾਂ ਪਾ ਕੇ ਚੋਣ ਨਹੀਂ ਕੀਤੀ ਜਾਂਦੀ, ਇਸ ਵਿਚ ਸਗੋਂ ਆਮ ਤੌਰ ’ਤੇ ਵਡੇਰੀ ਉਮਰ ਦੇ ਨਿਰਪੱਖ, ਸੂਝਵਾਨ, ਤਜ਼ਰਬੇਕਾਰ ਅਤੇ ਹਰ ਮਸਲੇ ਦੀ ਗਹਿਰਾਈ ਤੱਕ ਪਹੁੰਚਣ ਵਾਲੇ, ਸਾਹਮਣੇ ਰੱਖੇ ਗਏ ਮਸਲਿਆਂ ਬਾਰੇ ਠੀਕ ਤੋਂ ਠੀਕ ਨਿਰਣਾ ਲੈ ਕੇ ਸਾਂਝਾ ਅਤੇ ਠੀਕ ਫੈਸਲਾ ਲੈ ਸਕਣ ਵਾਲੇ ਇਨਸਾਨਾਂ ਨੂੰ ਜੋੜਿਆਂ ਜਾਂਦਾ ਹੈ।ਇਸ ਦਾ ਮੁੱਢ ਬਨਣ
ਵਾਲੀਆਂ ਸੂਝਵਾਨ ਸ਼ਖਸੀਅਤਾਂ ਡਾ. ਨਿਰਮਲ ਸਿੰਘ, ਪ੍ਰੋ. ਨਿਰੰਜਨ ਸਿੰਘ ਢੇਸੀ, ਸ. ਪਿਆਰਾ ਸਿੰਘ ਲਾਂਬੜਾ, ਡਾ. ਵਰਿਆਮ ਸਿੰਘ ਸੰਧੂ ਜਲੰਧਰ, ਡਾ. ਹਰਜੀਤ ਸਿੰਘ, ਸ. ਸਤਿਨਾਮ ਸਿੰਘ (ਰੋਜ਼ਾਨਾ ਅਜੀਤ), ਜਗਦੀਸ਼ ਵਰਿਆਮ (ਵਰਿਆਮ ਮੈਗਜ਼ੀਨ), ਪ੍ਰੋ. ਨਰਿੰਦਰ ਸਿੰਘ ਭੁੱਲਰ (ਲਾਇਲਪੁਰ ਖਾਲਸਾ ਕਾਲਜ), ਡਾ. ਸੰਤੋਸ਼ ਸਿੰਘ (ਅੰਮ੍ਰਿਤਸਰ), ਡਾ. ਨਾਹਰ ਸਿੰਘ (ਯੂਨੀਵਰਸਿਟੀ ਚੰਡੀਗੜ੍ਹ), ਸ. ਤ੍ਰਿਲੋਚਨ ਸਿੰਘ ਭਾਟੀਆ (ਜਲੰਧਰ), ਸ. ਕੁਲਵੰਤ ਸਿੰਘ (ਪਿੰਡ ਪ੍ਰੀਤਮ), ਸ. ਗੁਰਦੇਵ ਸਿੰਘ ਅਠਵਾਲ, ਸ. ਯੁਵਰਾਜ ਸਿੰਘ ਅਠਵਾਲ, ਸ. ਬਲਦੇਵ ਸਿੰਘ ਲਾਂਬੜੀ, ਸ. ਸੁਖਦੇਵ ਸਿੰਘ (ਕੁਲਿਆਨਪੁਰ), ਬੀਬੀ ਅਮਰਜੀਤ ਕੌਰ, ਸ. ਹਰਜੀਤ ਸਿੰਘ ਤੇ ਪ੍ਰੋ. ਨੌਰੰਗ ਸਿੰਘ ਹੁਣਾਂ ਨੇ ਕੋਈ ਅਜਿਹੀ ਸੰਸਥਾ ਬਣਾਉਣ ਲਈ ਵਿਚਾਰਾਂ ਕੀਤੀਆਂ। ਜੋ ਮਾਂ ਬੋਲੀ ਨਾਲ ਰੂਹ ਤੋਂ ਜੁੜੀ ਹੋਈ ਹੋਵੇ। ਮਾਂ ਬੋਲੀ ਨੂੰ ਰੂਹ ਤੋਂ ਜੋੜਨ ਦੇ ਸਬੰਧ ਵਿਚ ਕਈ ਵਿਚਾਰਾਂ ਹੋਈਆਂ। ਇਹ ਵਿਚਾਰਾਂ ਭਾਵੇਂ 1987 ਈ. ਤੋਂ ਹੋ ਰਹੀਆਂ ਹਨ। ਆਖਰ ਸੰਨ 1990 ਵਿੱਚ ਪ੍ਰੋ. ਨਿਰੰਜਨ ਸਿੰਘ ਢੇਸੀ ਹੁਣਾਂ ਦੇ ਖਾਲਸਾ ਕਾਲਜ ਵਾਲੇ ਘਰ ਵਿਚ ਇਕ ਭਰਵਾਂ ਇਕੱਠ ਹੋਇਆ ਤੇ ਉਸ ਵੇਲੇ ਉਥੇ ‘ਪੰਜਾਬੀ ਸੱਥ’ ਦਾ ਮੁੱਢ ਬੱਝਾ। ਪੰਜਾਬੀ ਸੱਥ ਦੀਆਂ ਸਭ ਵਿਚਾਰਾਂ ਭਾਵੇਂ ਜਲੰਧਰ ਵਿੱਚ ਹੋਈਆਂ ਸਨ ਪਰ ਸੱਥ ਦਾ ਮੁੱਢ ਬੰਨਣ ਵਾਲਿਆਂ ਵਿੱਚੋਂ ਕੁਝ ਮੋਢੀ ਪਿੰਡ ਲਾਂਬੜਾ ਦੇ ਹਨ, ਜਿਸ ਕਰਕੇ ‘ਲਾਂਬੜਾ’ ਸ਼ਬਦ ਪੰਜਾਬੀ ਸੱਥ ਦੇ ਨਾਲ ਜੁੜ ਗਿਆ। ਜਲੰਧਰ ਅਤੇ ਨਕੋਦਰ ਦੇ ਵਿਚਕਾਰ ਸਥਿਤ ਪਿੰਡ ਲਾਂਬੜਾ ਹੈ ਅਤੇ ਪੰਜਾਬੀ ਸੱਥ ਨੂੰ ਪੰਜਾਬੀ ਸੱਥ ਲਾਂਬੜਾ ਨਾਂ ਨਾਲ ਜਾਣਿਆਂ ਜਾਂਦਾ ਹੈ।
ਪੰਜਾਬੀ ਸੱਥ ਮੁੱਢ ਤੋਂ ਇਹ ਤਹਿ ਕਰਕੇ ਤੁਰੀ ਏ ਕਿ ਆਪਣੇ ਸਿਹਤਮੰਦ ਪਿਛੋਕੜ ਤੋਂ ਸਿੱਖ ਕੇ ਅਗਾਂਹ ਤੁਰਨਾ ਏ। ਨਵੀਆਂ ਗੱਲਾਂ, ਤਕਨੀਕਾਂ ਨਾਲ ਵੀ ਅਸੀਂ ਜੁੜਾਂਗੇ ਪਰ ਆਪਣਾ ਪਿਛੋਕੜ ਵੀ ਨਹੀਂ ਛੱਡਾਂਗੇ। ਜ਼ਿੰਦਗੀ ਦੇ ਹਰ ਪੱਖ ਨੂੰ ਸਮਝਣ, ਖੋਜਣ ਅਤੇ ਅੰਗਣ ਲਈ ਸੱਥ ਕਦੀਆਂ ਰਵਾਇਤਾਂ ਮੁਤਾਬਿਕ ਪੰਜਾਬੀ ਵਿੱਚ ਲਿਖਣ ਅਤੇ ਕੰਮ ਕਰਨ ਵਾਲੇ ਸੁੂਝਵਾਨ ਸਿਆਣਿਆਂ ਦੀ ਇਜਤ ਕਰਨੀ ਤੇ ਉਨ੍ਹਾਂ ਵੱਲੋਂ ਕੀਤੇ ਨਿਗਰ ਕਾਰਜਾਂ ਅੱਗੇ ਸੀਸ ਝੁਕਾਉਣਾ ਹੈ।
5 ਮਈ 1991 ਈ. ਨੂੰ ਪੰਜਾਬੀ ਸੱਥ ਲਾਂਬੜਾ ਦਾ ਪਹਿਲਾ ਸਨਮਾਨ ਸਮਾਰੋਹ ਡਾ. ਸਰਦਾਰਾ ਸਿੰਘ ਜੋਹਲ (ਜੰਡਿਆਲਾ), ਸ ਜਸਵੰਤ ਸਿੰਘ ਕੰਵਲ (ਮੋਗਾ) ਹੁਣਾਂ ਦੀ ਪ੍ਰਧਾਨਗੀ ਹੇਠ ‘ਦੇਸ਼ ਭਗਤ ਯਾਦਗਾਰ ਹਾਲ’ ਜਲੰਧਰ ਵਿਖੇ ਹੋਇਆ ਸੀ। ਇਸ ਪਹਿਲੇ ਸਮਾਰੋਹ ਵਿੱਚ ਤਿੰਨ ਮਹਾਨ ਸ਼ਖਸੀਅਤਾਂ ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ (ਗੁਰਮਤਿ ਤੇ ਸਾਹਿਤ), ਸ. ਬਲਜਿੰਦਰ ਸਿੰਘ ਹਮਦਰਦ (ਪੱਤਰਕਾਰੀ) ਜਲੰਧਰ ਤੋਂ, ਪ੍ਰਿੰ. ਤ੍ਰਿਲੋਚਨ ਸਿੰਘ ਭਾਟੀਆ (ਜਲੰਧਰ) ਹੁਣਾਂ ਨੂੰ ਸਨਮਾਨਿਤ ਕੀਤਾ ਗਿਆ ਸੀ।


