ਲੁਧਿਆਣਾ, 20 ਫਰਵਰੀ (ਜਸਪਾਲ ਅਰੋੜਾ)- ਸਤਿਗੁਰੂ ਦਲੀਪ ਸਿੰਘ ਦੀ ਪ੍ਰੇਰਨਾ ਸਦਕਾ ਕਾਰਜ ਕਰ ਰਹੀ ਵਿਸ਼ਵ ਸਤਿਸੰਗ ਸਭਾ ਵੱਲੋਂ (ਲੁਧਿਆਣਾ ਇਕਾਈ) ਕੋਟ ਮੰਗਲ ਸਿੰਘ ਵਿਖੇ ਲੋੜਵੰਦ ਬੱਚਿਆਂ ਨੂੰ ਮੁਫਤ ਟਿਊਸ਼ਨ ਪੜ੍ਹਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਟਿਊਸ਼ਨ ਪੜ੍ਹਾਉਣ ਦੀ ਸੇਵਾ ਬੀਬੀ ਨਰਿੰਦਰ ਕੌਰ ਮਦਾਨ ਅਤੇ ਬੀਬੀ ਮਨਜੀਤ ਕੌਰ ਵੱਲੋਂ ਦਿੱਤੀ ਜਾ ਰਹੀ ਹੈ। ਟਿਊਸ਼ਨ ਦੇ ਨਾਲ-ਨਾਲ ਉਨ੍ਹਾਂ ਲੋੜਵੰਦ ਬੱਚਿਆਂ ਨੂੰ ਮੁਢਲੀ ਸਿੱਖਿਆ ਦਿੱਤੀ ਜਾ ਰਹੀ ਹੈ, ਜੋ ਬੱਚੇ ਕਿਸੇ ਕਾਰਨ ਸਕੂਲ ਨਹੀਂ ਪਹੁੰਚ ਸਕਦੇ। ਬੀਬੀ ਨਰਿੰਦਰ ਕੌਰ ਅਤੇ ਬੀਬੀ ਮਨਜੀਤ ਕੌਰ ਨੇ ਕਿਹਾ ਕਿ ਬੱਚਿਆਂ ਵਿੱਚ ਪੜ੍ਹਾਈ ਪ੍ਰਤੀ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਦੇ ਇਹ ਬੱਚੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ। ਵਧੇਰੇ ਜਾਣਕਾਰੀ ਦਿੰਦੇ ਹੋਏ ਬਚਿੱਤਰ ਸਿੰਘ ਭੁਰਜੀ ਅਤੇ ਨਵਤੇਜ ਸਿੰਘ ਨਾਮਧਾਰੀ ਨੇ ਦੱਸਿਆ ਕਿ ਇਸ ਕੇਂਦਰ ਵਿੱਚ ਇਸ ਵਕਤ 40 ਦੇ ਕਰੀਬ ਬੱਚੇ ਟਿਊਸ਼ਨ ਦੀ ਸੇਵਾ ਦਾ ਲਾਹਾ ਲੈ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਲਾਨਾ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਠਾਕੁਰ ਦਲੀਪ ਸਿੰਘ ਜੀ ਦੇ ਹੁਕਮਾਂ ਅਨੁਸਾਰ ਵਿੱਦਿਆਰਥੀਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੰਬਰ 2014 ਵਿੱਚ ਆਰੰਭ ਕੀਤੀ ਇਸ ਮੁਫਤ ਟਿਊਸ਼ਨ ਦੀ ਸੇਵਾ ਤਹਿਤ ਹਰ ਰੋਜ਼ 3.00 ਵਜੇ ਤੋਂ 4.00 ਵਜੇ ਤੱਕ ਅਤੇ 4.00 ਵਜੇ ਤੋਂ 5.00 ਵਜੇ ਤੱਕ ਲੋੜਵੰਦ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲਈ ਸਮਾਂ ਦਿੱਤਾ ਜਾ ਰਿਹਾ ਹੈ ਤਾਂ ਜੋ ਬੱਚੇ ਚੰਗੇ ਨੰਬਰ ਹਾਸਿਲ ਕਰਕੇ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਣ। ਉਨ੍ਹਾਂ ਦੱਸਿਆ ਕਿ ਟਿਊਸ਼ਨ ਪੜ੍ਹਨ ਵਾਲੇ ਬੱਚਿਆਂ ਵਿੱਚ ਸਰਕਾਰੀ ਹੀ ਨਹੀਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਸ਼ਾਮਿਲ ਹਨ। ਠਾਕੁਰ ਦਲੀਪ ਸਿੰਘ ਨੇ ਕਿਹਾ ਹੋਰ ਵੀ ਘਰ ਬੈਠੀਆਂ ਪੜ੍ਹੀਆਂ-ਲਿਖੀਆਂ ਬੀਬੀਆਂ ਅੱਗੇ ਹੋ ਕੇ ਅਤੇ ਆਪਣਾ ਸਮਾਂ ਕੱਢਕੇ ਅਜਿਹੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦੀ ਸੇਵਾ ਨਿਭਾਉਣ ਅਤੇ ਦੇਸ਼ ਦੇ ਭਵਿੱਖ ਨੂੰ ਸਵਾਰਨ ਵਿੱਚ ਆਪਣਾ ਯੋਗਦਾਨ ਪਾਉਣ।