ਦੁਆਪਰ ਯੁੱਗ ਦਾ ਸ੍ਰੀ ਰਣਕੇਸ਼ਵਰ ਮਹਾਦੇਵ ਸ਼ਿਵ ਮੰਦਰ (ਰਣੀਕੇ) ਬਣਿਆ ਸ਼ਰਧਾ ਦਾ ਕੇਂਦਰ

ਸ਼ਿਵਰਾਤਰੀ ਉਤਸਵ ਸ਼ੁਰੂ- ਇੱਥੇ ਹੀ ਪ੍ਰਦਾਨ ਕੀਤਾ ਸੀ ਭਗਵਾਨ ਸ਼ਿਵ ਨੇ ਅਰਜੁਨ ਤੋਂ ਖ਼ੁਸ਼ ਹੋ ਗਾਂਡੀਵ ਧਨੁਸ਼

ਸ਼ੇਰਪੁਰ- ਸ੍ਰੀ ਰਣਕੇਸ਼ਵਰ ਮਹਾਦੇਵ ਸ਼ਿਵ ਮੰਦਰ, ਧੂਰੀ-ਬਰਨਾਲਾ ਰੋਡ ‘ਤੇ ਰਣੀਕੇ ਪਿੰਡ ਵਿਖੇ ਸਥਿਤ ਹੈ। ਇਸ ਦਾ ਇਤਿਹਾਸ ਮਹਾਭਾਰਤ ਤੋਂ ਵੀ ਪਹਿਲਾਂ ਦੀ ਕਹਾਣੀ ਬਿਆਨ ਕਰਦਾ ਪ੍ਰਤੀਤ ਹੁੰਦਾ ਹੈ। ਇਸ ਅਸਥਾਨ ਬਾਰੇ ਵਿਦਵਾਨ ਦੱਸਦੇ ਹਨ ਕਿ ਪੰਜਾਬ ਪ੍ਰਦੇਸ਼ (ਵਰਤਮਾਨ ‘ਚ ਲੇਹ, ਲੱਦਾਖ, ਲਾਹੌਰ, ਜੰਮੂ-ਕਸ਼ਮੀਰ ਅਤੇ ਅਫਗਾਨਿਸਤਾਨ ਦਾ ਕੁਝ ਹਿੱਸਾ) ਦੇ ਮਾਲਵਾ ਖੇਤਰ ਦਾ ਇਹ ਹਿੱਸਾ ਰਾਜਾ ਦਰੁੱਪਦ ਦਾ ਜੰਗਲ ਹੋਇਆ ਕਰਦਾ ਸੀ ਅਤੇ ਰਾਵੀ, ਸਤਲੁਜ, ਬਿਆਸ ਆਦਿ ਨਦੀਆਂ ਦੇ ਇਸੇ ਖੇਤਰ ‘ਚ ਹੋਣ ਕਾਰਨ ਇਸ ਪ੍ਰਦੇਸ਼ ਨੂੰ ਪੰਜਾਬ ਪ੍ਰਦੇਸ਼ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਸ੍ਰੀ ਰਣਕੇਸ਼ਵਰ ਮਹਾਦੇਵ ਸ਼ਿਵ ਮੰਦਰ ਰਣੀਕੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਉੁਹੀ ਜਗ੍ਹਾ ਹੈ ਜਿਥੇ ਕੌਰਵਾਂ ਵੱਲੋਂ ਪਾਂਡਵਾਂ ਨੂੰ ਸੂਈ ਦੀ ਨੋਕ ਜਿੰਨੀ ਜਗ੍ਹਾ ਦੇਣ ਤੋਂ ਵੀ ਇਨਕਾਰ ਕਰਨ ਤੋਂ ਬਾਅਦ ਮਹਾਭਾਰਤ ਦੇ ਯੁੱਧ ਦੀ ਵਿਉਂਤ ਰਚੀ ਗਈ ਸੀ। ਸਮਝੌਤੇ ਦੀਆਂ ਸਾਰੀਆਂ ਸੰਭਾਵਨਾਵਾਂ ਫੇਲ ਹੋਣ ਤੋਂ ਬਾਅਦ ਪਾਂਡਵਾਂ ਨੇ ਸੱਤ ਅਕਸ਼ੋਹਣੀ ਸੈਨਾ ਵੀ ਇਥੇ ਹੀ ਇਕੱਠੀ ਕੀਤੀ ਦੱਸੀ ਜਾਂਦੀ ਹੈ।। ਮਹਾਂਭਾਰਤ ਦੇ ਯੁੱਧ ਤੋਂ ਪਹਿਲਾਂ ਇਥੇ ਹੀ ਅਰਜੁਨ ਨੇ ਸ੍ਰੀ ਕ੍ਰਿਸ਼ਨ ਭਗਵਾਨ ਨਾਲ ਮਿਲ ਕੇ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ ਸੀ। ਸ੍ਰੀ ਰਣਕੇਸ਼ਵਰ ਮਹਾਦੇਵ ਸ਼ਿਵ ਮੰਦਰ ਦੇ ਨਾਂ ਬਾਰੇ ਦੱਸਿਆ ਜਾਂਦਾ ਹੈ ਕਿ (ਰਣ ਦਾ ਅਰਥ ਯੁੱਧ ਅਤੇ ਕੇਸ਼ਵ ਦਾ ਮਤਲਬ ਸ਼੍ਰੀ ਕ੍ਰਿਸ਼ਨ ਭਗਵਾਨ) ਸ੍ਰੀ ਕ੍ਰਿਸ਼ਨ ਭਗਵਾਨ ਵੱਲੋਂ ਯੁੱਧ ਦੀ ਰਚਨਾ ਇਥੇ ਹੀ ਕੀਤੇ ਜਾਣ ਕਾਰਨ ਇਸਦਾ ਇਹ ਨਾਂ ਪਿਆ ਸੀ। ਇਥੋਂ ਹੀ ਯੁੱਧਭੂਮੀ ਕੁਰੂਕਸ਼ੇਤਰ (ਜੋ ਕਿ ਕਰਮ ਖੇਤਰ ਅਤੇ ਧਰਮ ਖੇਤਰ ਦੋਵੇਂ ਹਨ) ਵਿਖੇ ਜਾ ਕੇ ਗੌਰਵਸ਼ਾਲੀ ਜਿੱਤ ਹਾਸਲ ਕਰਨ ਕਾਰਨ ਇਸ ਮੰਦਰ ਦੇ ਪ੍ਰਤੀ ਲੋਕਾਂ ਦੀ ਅਥਾਹ ਸ਼ਰਧਾ ਹੈ। ਇਥੇ ਪਾਂਡੂ ਪੁੱਤਰ ਅਰਜੁਨ ਨੇ ਭਗਵਾਨ ਸ਼ਿਵ ਦੀ ਕਠੋਰ ਤਪੱਸਿਆ ਕੀਤੀ ਸੀ, ਜਿਸ ਤੋਂ ਖੁਸ਼ ਹੋ ਕੇ ਭਗਵਾਨ ਸ਼ਿਵ ਨੇ ਉੁਸ ਨੂੰ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਅਤੇ ਗਾਂਡੀਵ ਧਨੁਸ਼ ਪ੍ਰਦਾਨ ਕੀਤਾ। ਭਗਵਾਨ ਸ਼ਿਵ ਦੇ ਪ੍ਰਗਟ ਹੋਣ ਕਾਰਨ ਉਨ੍ਹਾਂ ਦਾ ਸਵਰੂਪ ਸਵੈ ਭੂ ਪ੍ਰਗਟ ਸ਼ਿਵਲਿੰਗ ਜੋ ਕਿ ਮੰਦਰ ਵਿਖੇ ਹੀ ਸਥਾਪਤ ਹੈ, ਕਾਰਨ ਇਹ ਲੋਕਾਂ ਦੀ ਆਸਥਾ ਦਾ ਕਾਰਨ ਬਣਿਆ ਹੋਇਆ ਹੈ। 400 ਤੋਂ ਵੀ ਵੱਧ ਸਾਲ ਪਹਿਲਾਂ ਪਟਿਆਲਾ ਦੇ ਰਾਜਾ ਨਾਣੂਮੱਲ, ਜਿਨ੍ਹਾਂ ਦੀ ਇਸ ਅਸਥਾਨ ਪ੍ਰਤੀ ਅਥਾਹ ਸ਼ਰਧਾ ਸੀ, ਨੇ ਇਥੇ ਪੁੱਤਰ ਪ੍ਰਾਪਤੀ ਲਈ ਭਗਵਾਨ ਸ਼ਿਵ ਦੀ ਪੂਜਾ ਕੀਤੀ ਸੀ। ਪੁੱਤਰ ਪ੍ਰਾਪਤੀ ਤੋਂ ਬਾਅਦ ਰਾਜਾ ਨਾਣੂਮੱਲ ਨੇ ਇਥੇ ਸ਼ਾਨਦਾਰ ਮੰਦਰ ਦਾ ਨਿਰਮਾਣ ਕਰਵਾਇਆ ਸਮੇਂ-ਸਮੇਂ ‘ਤੇ ਇਥੇ ਅਨੇਕਾਂ ਤਪੱਸਵੀਆਂ, ਜਿਨ੍ਹਾਂ ‘ਚ ਮਹੰਤ ਚੰਦਨਗਿਰੀ ਜੀ ਮਹਾਰਾਜ, ਮਹੰਤ ਸੋਮਗਿਰੀ ਜੀ ਮਹਾਰਾਜ ਆਦਿ ਸ਼ਾਮਲ ਹਨ, ਨੇ ਤਪੱਸਿਆ ਕੀਤੀ ਸੀ। ਇਹੀ ਨਹੀਂ ਸਗੋਂ ਤਪੱਸਵੀ ਇਲਾਇਚੀ ਗਿਰੀ ਜੀ ਮਹਾਰਾਜ ਨੇ ਪੈਦਲ ਯਾਤਰਾ ਕਰ ਕੇ ਇਥੇ ਸਥਿਤ ਖੂਹੀ ਵਿਚ 360 ਤੀਰਥਾਂ ਦਾ ਜਲ ਪਵਾਇਆ। ਵਰਤਮਾਨ ‘ਚ ਇਸ ਸ੍ਰੀ ਰਣਕੇਸ਼ਵਰ ਮਹਾਦੇਵ ਸਿੱਧ ਪੀਠ ਰਣੀਕੇ ਦੀ ਦੇਖ-ਰੇਖ ਦਾ ਜ਼ਿੰਮਾ ਯੁੱਗਪੁਰਸ਼ ਬਾਲਯੋਗੀ ਮਹੰਤ ਹਰਦੇਵ ਗਿਰੀ ਜੀ ਮਹਾਰਾਜ ਵੇਖ ਰਹੇ ਹਨ ਅਤੇ ਇਥੇ ਸਥਾਪਤ ਕੀਤੀ ਗਈ ਮਹਾਦੇਵ ਸੰਸਕ੍ਰਿਤ ਪਾਠਸ਼ਾਲਾ ‘ਚ ਮੁਫਤ ਸਿੱਖਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ ਹਰ ਸਾਲ ਮਹਾਂਸ਼ਿਵਰਾਤਰੀ ਦਾ ਤਿਉਹਾਰ ਇਥੇ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਪੰਜਾਬ ਭਰ ‘ਚੋਂ ਹੀ ਨਹੀਂ ਸਗੋਂ ਦੂਜੇ ਸੂਬਿਆਂ ਵਿਚੋਂ ਵੀ ਹਜ਼ਾਰਾਂ ਸ਼ਰਧਾਲੂ ਇਥੇ ਆ ਕੇ ਭਗਵਾਨ ਸ਼ਿਵ ਦੀ ਅਰਾਧਨਾ ਕਰਦੇ ਹਨ। ਇਸ ਸਾਲ ਵੀ ਮਹਾਸ਼ਿਵਰਾਤਰੀ ਮੌਕੇ ਇਥੇ 20 ਤੋਂ 22 ਫਰਵਰੀ ਤੱਕ ਵਿਸ਼ਾਲ ਉਤਸਵ ਮਨਾਇਆ ਜਾ ਰਿਹਾ ਹੈ। ਇਸ ਮੌਕੇ ਧਾਮ ਦੇ ਚੇਅਰਮੈਨ ਮੈਂਗਲ ਸੈਲ ਨੇ ਦੱਸਿਆ ਕਿ ਵਰਤ ਧਾਰੀਆਂ ਲਈ ਵਿਸ਼ੇਸ਼ ਤੌਰ ਤੇ ਉਗਲੇ ਦੇ ਪਕੌੜੇ, ਟਿੱਕੀ ,ਫਰੂਟ ਚਾਟ, ਸੋਫੀਆਂ ਖੀਰ ਤੇ ਚਾਹ ਦੇ ਲੰਗਰ ਨਾਲ ਨਾਲ ਭੰਡਾਰਾ ਵੀ ਵਰਤੇਗਾ ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇੱਥੇ ਲੰਗਰ ਦੀ ਪੂਰਨ ਵਿਵਸਥਾ ਦੇ ਨਾਲ ਨਾਲ ਭਗਤਾਂ ਦੇ ਠਹਿਰਣ ਲਈ 65 ਕਮਰੇ ਵੀ ਬਣੇ ਹੋਏ ਹਨ।

Send this to a friend