ਸ਼ਹੀਦ ਭਗਤ ਸਿੰਘ ਨਗਰ ਪੁਲਿਸ ਦਾ ਮਹਿਲਾ ਜਾਗਰੂਕਤਾ ਦਾ ਉਪਰਾਲਾ ਸ਼ਲਾਘਾਯੋਗ : ਏ ਡੀ ਜੀ ਪੀ ਗੁਰਪ੍ਰੀਤ ਦਿਓ

ਸਹੀਦ ਭਗਤ ਸਿੰਘ ਨਗਰ, 2 ਫਰਵਰੀ (ਰਮੇਸ਼ ਸ਼ਰਮਾ ਬਿਊਰੋ ਚੀਫ)- ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਮਿਊਨਿਟੀ ਪੁਲਿਸਿੰਗ ਤੇ ਕ੍ਰਾਈਮ ਅਗੇਂਸਟ ਵੋਮੈਨ ਤੇ ਚਾਈਲਡ) ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਨੇ ਅੱਜ ਰਿਆਤ ਕਾਲਜ ਰੈਲ ਮਾਜਰਾ ਵਿਖੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਮਹਿਲਾਵਾਂ ਅਤੇ ਬੱਚਿਆਂ ‘ਚ ਸੋਸ਼ਣ ਅਤੇ ਜੁਰਮਾਂ ਪ੍ਰਤੀ ਜਾਗਰੂਕ ਕਰਨ ਲਈ ਤਿਆਰ ਕੀਤੇ ਪ੍ਰੋਗਰਾਮ ‘ਦਿਸ਼ਾ’ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਬੱਚਿਆਂ ਤੇ ਮਹਿਲਾਵਾਂ ਨੂੰ ਸੋਸ਼ਣ ਅਤੇ ਯੌਨ ਪੀੜਨ ਤੋਂ ਬਚਾਅ ਕਰਨ ‘ਚ ਵੱਡੀ ਮੱਦਦ ਮਿਲੇਗੀ। ਉਨ੍ਹਾਂ ਕਿਹਾ ਕਿ ‘ਦਿਸ਼ਾ’ ਜਿਹੇ ਜਾਗਰੂਕਤਾ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਮਾਪਿਆਂ ਅਤੇ ਮਹਿਲਾਵਾਂ ‘ਚ ਬੱਚਿਆਂ ਅਤੇ ਔਰਤਾਂ ਨਾਲ ਵਾਪਰਨ ਵਾਲੀਆਂ ਮੰਦਭਾਗੀ ਘਟਨਾਵਾਂ ਤੋਂ ਬਚਾਅ ਹੋ ਸਕੇ। ਉਨ੍ਹਾਂ ‘ਦਿਸ਼ਾ’ ਪ੍ਰੋਗਰਾਮ ਦੀ ਜਾਣਕਾਰੀ ਦਿੰਦੀ ਬੁੱਕਲੈਟ ਜਾਰੀ ਕਰਦਿਆਂ ਕਿਹਾ ਕਿ ਐਸ ਐਸ ਪੀ ਅਲਕਾ ਮੀਨਾ ਅਤੇ ਡੀ ਐਸ ਪੀ ਦੀਪਿਕਾ ਸਿੰਘ ਵੱਲੋਂ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬਚੇ ‘ਚ ਜਿੱਥੇ ਮਹਿਲਾਵਾਂ ਨਾਲ ਛੇੜ-ਛਾੜ ਦੀਆਂ ਘਟਨਾਵਾਂ ਤੋਂ ਬਚਾਅ ਲਈ ਵਡਮੁੱਲੀ ਜਾਣਕਾਰੀ ਹੈ ਉੱਥੇ ਭਾਰਤੀ ਦੰਡ ਵਿਧਾਨ ਦੀਆਂ ਉਨ੍ਹਾਂ ਧਾਰਾਵਾਂ ਬਾਰੇ ਵੀ ਜ਼ਿਕਰ ਹੈ, ਜਿਸ ਤਹਿਤ ਅਜਿਹੀ ਕੋਈ ਘਟਨਾ ਵਾਪਰਨ ‘ਤੇ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਛੋਟੇ-ਛੋਟੇ ਬੱਚਿਆਂ ਨੂੰ ਸੋਸ਼ਣ ਤੋਂ ਬਚਾਉਣ ਲਈ ਇਸ ਕਿਤਾਬਚੇ ‘ਚ ਦਰਜ ਜਾਣਕਾਰੀ ਵੀ ਬਹੁਤ ਅਹਿਮੀਅਤ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਹੈਲਪਲਾਈਨ ਨੰਬਰਾਂ ਜਿਵੇਂ ਕਿ 112, 181, 1091 ਦਾ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਹੈ। ਇਸੇ ਤਰ੍ਹਾਂ ਔਰਤਾਂ ਲਈ ਵਿਸ਼ੇਸ਼ ਤੌਰ ‘ਤੇ ਬਣਾਈ ਗਈ ਮੋਬਾਇਲ ਐਪ ਸ਼ਕਤੀ ਅਤੇ ‘ਨੋਅ ਯੂਅਰ ਪੁਲਿਸ’ ਵੀ ਇਨ੍ਹਾਂ ਮੋਬਾਇਲ ਐਪਲੀਕੇਸ਼ਨਜ਼ ਦੀ ਵਰਤੋਂ ਬਾਰੇ ਦੱਸਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਅਤੇ ਬੱਚਿਆਂ ਦੇ ਸੋਸ਼ਣ ‘ਤੇ ਸਖਤ ਕਾਨੂੰਨ ਮੌਜੂਦ ਹਨ ਪਰ ਇਨ੍ਹਾਂ ਜੁਰਮਾਂ ਬਾਰੇ ਰਿਪੋਰਟ ਦਰਜ ਨਾ ਕਰਵਾਉਣ ਅਤੇ ਲੋਕਾਂ ‘ਚ ਜਾਗਰੂਕਤਾ ਦੀ ਘਾਟ ਕਾਰਨ ‘ਦਿਸ਼ਾ’ ਜਿਹੀਆਂ ਪਹਿਲਕਦਮੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਰਾਤ ਦੇ ਸਮੇਂ ਇਕੱਲੀਆਂ ਔਰਤਾਂ ਨੂੰ ਘਰ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਸੇਵਾ ਲਈ ਹੈਲਪਲਾਈਨ ਨੰ. 181 (ਗੈਰ ਹੰਗਾਮੀ ਹਾਲਤ) ਅਤੇ 112 (ਐਮਰਜੈਂਸੀ ਲਈ) ‘ਤੇ ਫ਼ੋਨ ਕੀਤਾ ਜਾ ਸਕਦਾ ਹੈ ਅਤੇ ਹਾਲ ਦੀ ਘੜੀ ਇਹ ਪੰਜ ਜ਼ਿਲ੍ਹਿਆਂ ‘ਚ ਕਾਮਯਾਬੀ ਨਾਲ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਰਿਆਤ ਕਾਲਜ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਵਧੀਕ ਡਾਇਰੈਕਟਰ ਜਨਰਲ ਪੁਲਿਸ ਸ੍ਰੀਮਤੀ ਗੁਰਪ੍ਰੀਤ ਦਿਓ ਨੇ ਸੋਸ਼ਣ ਦਾ ਸ਼ਿਕਾਰ ਮਹਿਲਾਵਾਂ ਦੇ ਪੁਨਰ ਵਸੇਬੇ ਲਈ ਉਨ੍ਹਾਂ ਨੂੰ ਸਕਿੱਲ ਟ੍ਰੇਨਿੰਗ ਦੇ ਕੇ ਸਵੈ-ਨਿਰਭਰ ਬਣਾਉਣ ‘ਚ ਦਿਲਚਸਪੀ ਦਿਖਾਉਂਦਿਆਂ ਰਿਆਤ ਕਾਲਜ ਨੂੰ ਇਸ ਸਬੰਧੀ ਯੋਜਨਾ ਤਿਆਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਸਬੰਧੀ ਭਵਿੱਖ ‘ਚ ਐਮ ਓ ਯੂ ਵੀ ਦਸਤਖ਼ਤ ਕੀਤਾ ਜਾ ਸਕਦਾ ਹੈ ਤਾਂ ਜੋ ਪੀੜਤ ਔਰਤਾਂ ਨੂੰ ਰੋਜ਼ਗਾਰ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਨੇ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਦੇ ਹਰੇਕ ਜ਼ਿਲ੍ਹੇ ‘ਚ ਸਥਾਪਿਤ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਕਿਸੇ ਲੜਕੀ/ਮਹਿਲਾ ਨੂੰ ਜਾਣ ਬੁੱਝ ਕੇ ਫ਼ੋਨ ਕਰਕੇ ਪ੍ਰੇਸ਼ਾਨ ਕਰਦਾ ਹੈ ਤਾਂ ਉਸ ਬਾਰੇ ਸ਼ਿਕਾਇਤ ਇਨ੍ਹਾਂ ਸਾਈਬਰ ਕ੍ਰਾਈਮ ਸੈਲਾਂ ਨੂੰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਤਕਨੀਕ ਪੱਖੋਂ ਹੋਰ ਮਜ਼ਬੂਤ ਕਰਨ ‘ਚ ਦਿਲਚਸਪੀ ਦਿਖਾਉਂਦਿਆਂ ਪੰਜਾਬ ਪੁਲਿਸ ਲਈ ਅਗਲੇ ਪੱਧਰ ਦੀ ਤਕਨੀਕੀ ਸਿਖਲਾਈ ਲਈ ਰਿਆਤ ਕਾਲਜ ਪ੍ਰਬੰਧਕਾਂ ਨੂੰ ਆਈ ਬੀ ਐਮ ਜਿਹੀਆਂ ਕੰਪਨੀਆਂ ਨਾਲ ਤਾਲਮੇਲ ਕਰਵਾਉਣ ਲਈ ਵੀ ਆਖਿਆ। ਇਸ ਮੌਕੇ ਡੀ ਐਸ ਪੀ ਦੀਪਿਕਾ ਸਿੰਘ ਨੇ ਜ਼ਿਲ੍ਹਾ ਪੁਲਿਸ ਵੱਲੋਂ ਤਿਆਰ ਜਾਗਰੂਕਤਾ ਪ੍ਰੋਗਰਾਮ ‘ਦਿਸ਼ਾ’ ਦੀ ਕੰਪਿਊਟ੍ਰਾਈਜ਼ਡ ਪੇਸ਼ਕਾਰੀ ਵੀ ਦਿੱਤੀ। ਪੇਸ਼ਕਾਰੀ ਤੋਂ ਬਾਅਦ ਲੜਕੀਆਂ/ਮਹਿਲਾਵਾਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਜੁਆਬ ਏ ਡੀ ਜੀ ਪੀ ਗੁਰਪ੍ਰੀਤ ਕੌਰ ਦਿਓ ਅਤੇ ਐਸ ਐਸ ਪੀ ਅਲਕਾ ਮੀਨਾ ਵੱਲੋਂ ਦਿੱਤੇ ਗਏ।ਇਸ ਮੌਕੇ ਐਸ ਐਸ ਪੀ ਰੂਪਨਗਰ ਸਵਪਨ ਸ਼ਰਮਾ, ਰਿਆਤ ਕਲਾਜ ਦੇ ਚੇਅਰਮੈਨ ਨਿਰਮਲ ਸਿੰਘ, ਐਮ ਡੀ ਡਾ. ਸੰਦੀਪ ਸਿੰਘ ਕੌੜਾ, ਐਸ ਪੀ (ਐਚ) ਬਲਵਿੰਦਰ ਸਿੰਘ ਭੀਖੀ, ਡੀ ਐਸ ਪੀ ਨਵਨੀਤ ਕੌਰ ਗਿੱਲ ਤੇ ਜਤਿੰਦਰਜੀਤ ਸਿੰਘ ਤੋਂ ਇਲਾਵਾ ਰਿਆਤ ਕੈਂਪਸ ਦੇ ਡਾਇਰੈਕਟਰ (ਐਡਮਿਨ) ਸਤਬੀਰ ਸਿੰਘ ਬਾਜਵਾ ਵੀ ਮੌਜੂਦ ਸਨ।

Send this to a friend