ਚੰਡੀਗੜ੍ਹ, 18 ਜੁਲਾਈ (ਪੀ. ਟੀ.)- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਸ੍ਰੀ ਮਦਨ ਮੋਹਨ ਮਿੱਤਲ ਵੱਲੋਂ ਵੀਰਵਾਰ ਨੂੰ ਨਵੀਂ ਦਿੱਲੀ ਵਿਖੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ, ਸ੍ਰੀ ਮਤੀ ਸੰਤੋਸ਼ ਚੌਧਰੀ ਨਾਲ ਪੰਜਾਬ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜਬੂਤ ਕਰਨ ਸਬੰਧੀ ਮੁਲਾਕਾਤ ਕੀਤੀ ਗਈ।ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਮਿੱਤਲ ਨੇ ਦੱਸਿਆ ਕਿ ਇਸ ਮੀਟਿੰਗ ਦੇ ਸਾਰਥਕ ਨਤੀਜੇ ਨਿਕਲਣ ਦੀ ਆਸ ਬੱਜੀ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਦੇ ਸਿਹਤ ਸਬੰਧੀ ਬਹੁਤ ਸਾਰੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਉਨਾਂ ਦੱਸਿਆ ਕਿ ਸ੍ਰੀ ਮਤੀ ਚੌਧਰੀ ਨੇ ਤਕਰੀਬਨ ਸਾਰੇ ਪ੍ਰਸਤਾਵਾਂ ਤੇ ਆਪਣੀ ਸਹਿਮਤੀ ਜਤਾਈ ਹੈ, ਖਾਸ ਤੌਰ ਤੇ ਰਾਜ ਵਿੱਚ ਆਯੂਰਵੈਦਿਕ ਅਤੇ ਹੋਮੋਪੈਥਿਕ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਵੀ ਇੱਛਾ ਪ੍ਰਗਟਾਈ ਹੈ। ਸਿਹਤ ਮੰਤਰੀ ਨੇ ਸ੍ਰੀਮਤੀ ਚੌਧਰੀ ਦੇ ਧਿਆਨ ਵਿੱਚ ਲਿਆਂਦਾ ਕਿ ਆਯੂਸ਼ ਪ੍ਰੋਗਰਾਮਾਂ ਸਬੰਧੀ ਸੈਂਟਰਲ ਸਪੋਂਸਰ ਸਕੀਮਾਂ ਅਧੀਨ ਫੰਡ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਜਾਰੀ ਨਹੀਂ ਕੀਤੇ ਗਏ ਹਨ।
ਇਹਨਾਂ ਫੰਡਾਂ ਅਧੀਨ 524 ਆਯੂਰਵੈਦਿਕ ਡਿਸਪੈਂਸਰੀਆਂ ਵਿੱਚ ਦਵਾਈਆਂ ਲਈ 1 ਲੱਖ ਪ੍ਰਤੀ ਡਿਸਪੈਂਸਰੀ ਲਈ, 7 ਆਈ.ਐਸ.ਐਮ ( ਇੰਡੀਅਨ ਸਿਸਟਮ ਆਫ ਮੈਡੀਸਨ) ਵਿੰਗਾਂ ਅੰਮ੍ਰਿਤਸਰ, ਬਠਿੰਡਾਂ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਅਤੇ ਸੰਗਰੂਰ ਲਈ 2.50 ਲੱਖ ਰੁਪਏ ਪ੍ਰਦਾਨ ਕਰਨ ਦੀ ਤਜ਼ਵੀਜ਼ ਵੀ ਸ਼ਾਮਿਲ ਹੈ।



