ਕੁਰਾਲੀ, 30 ਜਨਵਰੀ (ਰਣਜੋਧ ਸਿੰਘ)- ਅੱਜ ਸ਼ਹਿਰ ਦੇ ਰੇਲਵੇ ਓਵਰ ਬ੍ਰਿਜ ਤੇ ਨੇੜਲੇ ਪਿੰਡ ਚੈੜੀਆਂ ਦਾ ਨੌਜਵਾਨ ਮਨਦੀਪ ਸਿੰਘ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਜ਼ਖ਼ਮੀ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਪਿੰਡ ਚੈੜੀਆਂ ਤੋਂ ਕਿਸੇ ਖਾਸ ਕੰਮ ਲਈ ਕੁਰਾਲੀ ਵੱਲ ਆ ਰਿਹਾ ਸੀ ਪਰ ਜਦੋਂ ਉਹ ਸ਼ਹਿਰ ਦੇ ਰੇਲਵੇ ਪੁਲ ਉੱਤੇ ਪਹੁੰਚਿਆ ਤਾਂ ਇੱਕ ਕੱਟੇ ਹੋਏ ਪਤੰਗ ਨਾਲ ਜਾ ਰਹੀ ਪਲਾਸਟਿਕ ਡੋਰ ਉਸ ਦੇ ਚਿਹਰੇ ਉੱਤੇ ਆ ਲਿਪਟੀ।ਉਨ੍ਹਾਂ ਦੱਸਿਆ ਕਿ ਜਦੋਂ ਤੱਕ ਉਹ ਖੁਦ ਨੂੰ ਸੰਭਾਲ ਪਾਉਂਦਾ ਤਾਂ ਡੋਰ ਉਨ੍ਹਾਂ ਦਾ ਚਿਹਰਾ
ਕੱਟ ਚੁੱਕੀ ਸੀ ਅਤੇ ਉਹ ਇਸ ਵਿੱਚ ਉਲਝ ਕੇ ਸੜਕ ਵਿਚਕਾਰ ਜਾ ਡਿਗਿਆ। ਉਨ੍ਹਾਂ ਦੱਸਿਆ ਕਿ ਨੇੜੇ ਲੰਘ ਰਹੇ ਲੋਕਾਂ ਵੱਲੋਂ ਉਨ੍ਹਾਂ ਨੂੰ ਚੁੱਕਿਆ ਗਿਆ ਅਤੇ ਉਹ ਫਿਰ ਮੋਟਰਸਾਈਕਲ ਚਲਾ ਕੇ ਹਸਪਤਾਲ ਆ ਗਏ। ਜ਼ਖਮੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾ: ਨਵਨੀਤ ਕੌਰ ਨੇ ਜਖ਼ਮੀ ਨੌਜਵਾਨ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਸੈਕਟਰ ਸੋਲਾਂ ਨੂੰ ਰੈਫਰ ਕਰ ਦਿੱਤਾ।ਇਸ ਮੌਕੇ ਡਾ. ਨਵਨੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨ ਬਸੰਤ ਪੰਚਮੀਂ ਤਿਉਹਾਰ ਦੇ ਚੱਲਦਿਆਂ ਇਸ ਪਾਬੰਦੀ ਸ਼ੁਦਾ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਛੇ ਮਰੀਜ਼ ਉਨ੍ਹਾਂ ਕੋਲ ਜ਼ਖ਼ਮੀ ਹਾਲਤ ਵਿੱਚ ਆਏ ਜਿਨ੍ਹਾਂ ਵਿੱਚੋਂ ਮਨਦੀਪ ਸਿੰਘ ਦੀ ਹਾਲਤ ਨਾਜ਼ੁਕ ਸੀ।ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਇਸ ਪਲਾਸਟਿਕ ਡੋਰ ਉੱਤੇ ਪੂਰਨ ਰੂਪ ਵਿੱਚ ਪਾਬੰਦੀ ਲਾਉਣ ਦੀ ਮੰਗ ਕੀਤੀ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ।
ਚਾਇਨਾ ਡੋਰ ਦੀ ਲਪੇਟ ‘ਚ ਆਉਣ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ-ਚੰਡੀਗੜ੍ਹ ਰੈਫਰ



