ਇਸਲਾਮਾਬਾਦ, 10 ਜੂਨ (ਪੀ. ਟੀ)- ਪਾਕਿਸਤਾਨ ਦੇ ਕਰਾਚੀ ਸਥਿਤ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲਡ ਸਟੋਰੇਜ ਵਿਚੋਂ ਅੱਜ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਿਸ ਨਾਲ ਇਸ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 37 ਹੋ ਗਈ ਹੈ। ‘ਡਾਨ ਆਨਲਾਈਨ‘ ਅਨੁਸਾਰ ਐਤਵਾਰ ਰਾਤ ਹਵਾਈ ਅੱਡੇ ‘ਤੇ ਅੱਤਵਾਦੀ ਹਮਲਾ ਹੋਇਆ ਸੀ ਜਿਸ ‘ਚ 10 ਅੱਤਵਾਦੀਆਂ ਸਹਿਤ 23 ਲੋਕ ਮਾਰੇ ਗਏ ਸਨ। ਇਸ ਹਮਲੇ ਦੇ ਕਰੀਬ 28 ਘੰਟਿਆਂ ਬਾਅਦ ਤੱਕ ਰਾਹਤ ਕਾਰਜ ਜਾਰੀ ਰਿਹਾ। ਅਧਿਕਾਰੀਆਂ ਮੁਤਾਬਿਕ ਰਾਹਤ ਕਰਮੀਆਂ ਨੇ ਕੋਲਡ ਸਟੋਰੇਜ ਦੇ ਕਮਰੇ ਦੀਆਂ 3 ਕੰਧਾਂ ਨੂੰ ਤੋੜ ਕੇ ਲਾਸ਼ਾਂ ਨੂੰ ਬਰਾਮਦ ਕੀਤਾ ਜਿਨ੍ਹਾਂ ਦੇ ਬਹੁਤ ਜ਼ਿਆਦਾ ਸੜੇ ਹੋਣ ਕਰਕੇ ਸ਼ਨਾਖਤ ਕਰਨੀ ਮੁਸ਼ਕਿਲ ਹੈ। ਹਮਲੇ ਦੌਰਾਨ ਲੋਕਾਂ ਨੇ ਕੋਲਡ ਸਟੋਰੇਜ ‘ਚ ਸ਼ਰਨ ਲਈ ਸੀ ਪਰ ਬਾਅਦ ‘ਚ ਉਹ ਇਸ ਦੀ ਲਪੇਟ ‘ਚ ਆ ਗਏ। ਅਧਿਕਾਰੀਆਂ ਨੇ ਦੱਸਿਆ ਕਿ ਉਹ ਨਿੱਜੀ ਕਾਰਗੋ ਕੰਪਨੀ ਦੇ ਕਰਮਚਾਰੀ ਸਨ।


