ਚੰਡੀਗੜ੍ਹ, 10 ਜੂਨ (ਢਿੱਲੋਂ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅਕਾਲੀ ਦਲ ਦੀ ਗਠਜੋੜ ਸਾਂਝੇਦਾਰ ਭਾਰਤੀ ਜਨਤਾ ਪਾਰਟੀ ਦੇ ਮੁੜ ਖੜ੍ਹੇ ਹੋਣ ਦਾ ਸਵਾਗਤ ਕਰਦਿਆਂ ਗ੍ਰਹਿ ਵਿਭਾਗ ਦਾ ਵੀ ਚਾਰਜ ਸੰਭਾਲਣ ਵਾਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੂਬੇ ‘ਚ ਰੇਤ ਦੀ ਨਜਾਇਜ਼ ਖੁਦਾਈ ਨੂੰ ਮਿਲਣ ਵਾਲੀ ਪੁਲਿਸ ਦੀ ਸ਼ੈਅ ‘ਤੇ ਅਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ, ਜਿਹੜਾ ਦੋਸ਼ ਕਿਸੇ ਹੋਰ ਨੇ ਨਹੀਂ ਸਗੋਂ ਸਥਾਨਕ ਸਰਕਾਰ ਮੰਤਰੀ ਅਨਿਲ ਜੋਸ਼ੀ ਨੇ ਲਗਾਇਆ ਹੈ।ਉਨ੍ਹਾਂ ਨੇ ਕਿਹਾ ਕਿ ਪੁਲਿਸ ‘ਤੇ ਰੇਤ ਦੀ ਨਜਾਇਜ਼ ਖੁਦਾਈ ਨੂੰ ਸ਼ੈਅ ਸਬੰਧੀ ਇਹ ਦੋਸ਼ ਵਿਰੋਧੀ ਧਿਰ ਨਹੀਂ ਲਗਾ ਰਿਹਾ, ਜਿਹੜਾ ਵਰਤਮਾਨ ਸ਼ਾਸਨ ਹੇਠ ਸੂਬੇ ‘ਚ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ। ਇਸ ਦੌਰਾਨ ਰੇਤ ਤੇ
ਬਜਰੀ ਦੇ ਰੇਟ ਕਈ ਗੁਣਾਂ ਵੱਧ ਚੁੱਕੇ ਹਨ। ਜਿਹੜੀ ਰੇਤ ਅਸਾਨੀ ਨਾਲ ਮਿਲ ਜਾਂਦੀ ਸੀ, ਅੱਜ ਸੀਮੇਂਟ ਦੇ ਭਾਅ ਵਿੱਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵਿਭਾਗ ਡਿਪਟੀ ਮੁੱਖ ਮੰਤਰੀ ਦੇ ਅਧੀਨ ਆਉਂਦਾ ਹੈ। ਇਸ ਲੜੀ ਹੇਠ ਭਾਜਪਾ ਵੱਲੋਂ ਦੋਸ਼ ਲਗਾਏ ਜਾਣ ਤੋਂ ਬਾਅਦ ਉਹ ਇਹ ਵਿਰੋਧੀ ਧਿਰ ਦੇ ਦੋਸ਼ ਕਹਿ ਬੱਚ ਨਹੀਂ ਸਕਦੇ। ਇਨ੍ਹਾਂ ਨੂੰ ਲੋਕਾਂ ਨੂੰ ਸਫਾਈ ਦੇਣੀ ਚਾਹੀਦੀ ਹੈ ਜਾਂ ਫਿਰ ਇਨ੍ਹਾਂ ਦੀ ਕੈਬਿਨੇਟ ‘ਚ ਸਾਥੀ ਜੋਸ਼ੀ ਝੂਠ ਬੋਲ ਰਹੇ ਹਨ।ਇਥੇ ਜ਼ਾਰੀ ਬਿਆਨ ‘ਚ ਬਾਜਵਾ ਨੇ ਕਿਹਾ ਹੈ ਕਿ ਪੰਜਾਬ ‘ਚ ਚੋਣ ਪ੍ਰਚਾਰ ਦੌਰਾਨ ਨਸ਼ਾਖੋਰੀ ਦੀ ਸਮੱਸਿਆ ਤੇ ਅਸਮਾਨ ‘ਤੇ ਪਹੁੰਚ ਚੁੱਕੇ ਰੇਤ ਤੇ ਬਜਰੀ ਦੇ ਰੇਟ ਦੋ ਵੱਡੇ ਮੁੱਦੇ ਬਣ ਕੇ ਉਭਰੇ ਹਨ ਤੇ ਸਿਆਸੀ ਸ਼ੈਅ ਤੋਂ ਬਗੈਰ ਇਹ ਗੈਰ ਕਾਨੂੰਨੀ ਗਤੀਵਿਧੀਆਂ ਫੱਲ ਫੁੱਲ ਨਹੀਂ ਸਕਦੀਆਂ। ਇਨ੍ਹਾਂ ਦੋਵਾਂ ਮਾਮਲਿਆਂ ‘ਚ ਪੁਲਿਸ ਦੀ ਭੂਮਿਕਾ ਰਹੀ ਹੈ। ਇਸ ਲੜੀ ਹੇਠ ਆਪਣੀ ਪਾਰਟੀ ਦੀ ਰੱਖਿਆ ਲਈ ਜੋਸ਼ੀ ਦੇ ਸਾਹਮਣੇ ਆਉਣ ਨਾਲ ਹੁਣ ਸੱਚਾਈ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋ ਕਾਰਨਾਂ ਦੇ ਚਲਦਿਆਂ ਪਾਰਟੀ ਦੇ ਸੀਨੀਅਰ ਆਗੂ ਅਰੂਨ ਜੇਤਲੀ ਦੀ ਅੰਮ੍ਰਿਤਸਰ ਤੋਂ ਸ਼ਰਮਨਾਕ ਹਾਰ ਤੋਂ ਬਾਅਦ ਭਾਜਪਾ ਉਖੜੀ ਹੋਈ ਹੈ, ਜਿਸਨੇ ਡਿਪਟੀ ਮੁੱਖ ਮੰਤਰੀ ‘ਤੇ ਜਵਾਬੀ ਹਮਲਾ ਕੀਤਾ ਹੈ। ਜਿਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਖੁਦਾਈ ਵਿਭਾਗ ਭਾਜਪਾ ਦੇ ਹਿੱਸੇ ਆਉਂਦੇ ਹਨ, ਜਿਸਨੂੰ ਉਦਯੋਗ ਮੰਤਰੀ ਵੱਲੋਂ ਵੇਖਿਆ ਜਾਂਦਾ ਹੈ।
ਰੇਤ ਖੁਦਾਈ ਦੇ ਮਾਮਲੇ ‘ਚ ਵੱਡੀਆਂ ਮੱਛਲੀਆਂ ਨੂੰ ਕਾਬੂ ਕੀਤੇ ਬਗੈਰ ਸਿਰਫ ਟਰੱਕ ਡਰਾਈਵਰਾਂ ਜਾਂ ਛੋਟੇ ਆਪ੍ਰੇਟਰਾਂ ‘ਤੇ ਮਾਮਲੇ ਦਰਜ਼ ਕੀਤੇ ਗਏ ਹਨ।
ਸੂਬੇ ‘ਚ ਹਰ ਕੋਈ ਜਾਣਦਾ ਹੈ ਕਿ ਕਿਹੜੇ ਸਿਆਸੀ ਆਗੂ ਨਸ਼ਾ ਤੇ ਰੇਤ ਮਾਫੀਆ ਨੂੰ ਕੰਟਰੋਲ ਕਰਦੇ ਹਨ, ਪਰ ਸੂਬਾ ਸਰਕਾਰ ਇਨ੍ਹਾਂ ਖਿਲਾਫ ਕਾਰਵਾਈ ਕਰਨ ਤੋਂ ਡਰਦੀ ਹੈ।ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਨਸ਼ਿਆਂ ਦੀ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਜਿਆਦਾ ਦੋਸ਼ੀ ਨਸ਼ਾ ਪੀੜਿਤ ਹਨ। ਇਸੇ ਤਰ੍ਹਾਂ, ਜੇ ਕੋਈ ਕਾਰਵਾਈ ਕੀਤੀ ਗਈ ਹੈ, ਤਾਂ ਉਹ ਹੇਠ ਪੱਧਰ ਦੇ ਪੁਲਿਸ ਅਫਸਰਾਂ ਖਿਲਾਫ ਕੀਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਿਆਸੀ ਆਕਾਵਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ, ਨਸ਼ਾ ਤੇ ਰੇਤ ਮਾਫੀਆ ਚਲਦਾ ਰਹੇਗਾ।



