ਕਮਰੇ ਬਣਾਏ ਜਾਣ ਦੀ ਤਜਵੀਜ਼ ਬਕਾਇਦਾ ਪਾਸ ਹੋ ਚੁੱਕੀ ਹੈ : ਭਾਈ ਲੌਂਗੋਵਾਲ
ਸ਼ੇਰਪੁਰ, 22 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਇਤਿਹਾਸਕ ਪਿੰਡ ਮੂਲੋਵਾਲ ਜੋ ਕਿ ਨੌਂਵੀ ਤੇ ਦਸਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਪਿੰਡ ਹੈ ਜਿੱਥੇ ਸ਼ਸ਼ੋਭਿਤ ਗੁਰਦੁਆਰਾ ਮੰਜੀ ਸਾਹਿਬ ਵਿੱਚ ਸਾਲਾਨਾ ਸ਼ਹੀਦੀ ਜੋੜ ਮੇਲਾ 29, 30, 31 ਨੂੰ ਹੋਵੇਗਾ ਜਿਸਦੀਆਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਤਿੰਨ ਰੋਜ਼ਾ ਸਮਾਗ਼ਮਾਂ ਦੇ ਵੱਡੇ ਇਕੱਠ ਦੌਰਾਨ ਪੰਜਾਬ ਭਰ ‘ਚੋਂ ਆਈਆਂ ਸੰਗਤਾਂ ਦੇ ਰਹਿਣ ਲਈ ਕਮਰਿਆਂ ਦਾ ਪ੍ਰਬੰਧ ਨਾ ਹੋਣ ਸਬੰਧੀ ਲੋਕ ਸੰਘਰਸ਼ ਕਮੇਟੀ ਨੇ ਐੱਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਕੋਲ ਨਵੀਂ ਸਰਾਂ ਉਸਾਰੇ ਜਾਣ ਦੀ ਜ਼ੋਰਦਾਰ ਮੰਗ ਉਠਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਮੂਲੋਵਾਲ ਗੁਰਦੁਆਰਾ ਸਾਹਿਬ ਵਿੱਚ ਪਹਿਲਾਂ ਬਣੇ ਕਮਰਿਆਂ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਜਿਸ ਕਰਕੇ ਅੱਤ ਦੀ ਠੰਢ ਦੌਰਾਨ ਜੋੜ ਮੇਲੇ ‘ਤੇ ਦੂਰੋਂ-ਦੂਰੋਂ ਆਈਆਂ ਸੰਗਤਾਂ ਲਈ ਰਹਿਣ ਵਾਸਤੇ ਵਧੀਆਂ ਸਰਾਂ ਬਣਾਏ ਜਾਣ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਛੇਤੀ ਹੀ ਸਰਾਂ ਬਣਾਏ ਜਾਣ ਦਾ ਭਰੋਸਾ ਦਿੱਤਾ ਹੈ। ਭਾਈ ਲੌਂਗੋਵਾਲ ਨੂੰ ਮਿਲੇ ਵਫ਼ਦ ਵਿੱਚ ਸਾਬਕਾ ਪੰਚ ਜੁਗਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਸ਼ਾਮਲ ਸਨ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰੀ ਸਿੰਘ ਨਾਭਾ ਨੇ ਵੱਖਰੇ ਤੌਰ ‘ਤੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਕਮਰਿਆਂ ਦੀ ਘਾਟ ਸਬੰਧੀ ਉਹ ਐੱਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਮੁਲਾਕਾਤ ਕਰਨਗੇ ਤਾਂ ਕਿ ਸਰਧਾਲੂਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ।
ਕਮਰਿਆਂ ਦੀ ਤਜਵੀਜ਼ ਐੱਸਜੀਪੀਸੀ ਵੱਲੋਂ ਪਾਸ : ਲੌਂਗੋਵਾਲ- ਐੱਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਐੱਸਜੀਪੀਸੀ ਵੱਲੋਂ ਮੂਲੋਵਾਲ ਗੁਰਦੁਆਰਾ ਸਾਹਿਬ ਵਿੱਚ ਲੋੜ ਅਨੁਸਾਰ ਕਮਰੇ ਬਣਾਏ ਜਾਣ ਦੀ ਤਜਵੀਜ਼ ਬਕਾਇਦਾ ਪਾਸ ਹੋ ਚੁੱਕੀ ਹੈ ਅਤੇ ਹੁਣ ਛੇਤੀ ਹੀ ਕਾਰ ਸੇਵਾ ਵਾਲੇ ਬਾਬਿਆਂ ਨਾਲ ਗੱਲ ਕਰਕੇ ਇਹ ਕਾਰਜ ਨੇਪਰੇ ਚੜਾਏ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ।



