ਪਾਕਿ ਰਾਸ਼ਟਰਪਤੀ ਵਲੋਂ ਸੰਸਦ ਨੂੰ ਸੰਬੋਧਨ
ਇਸਲਾਮਾਬਾਦ, 2 ਜੂਨ (ਪੀ. ਟੀ)-ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਦੇਸ਼ ਕਸ਼ਮੀਰ ਮੁੱਦੇ ਦਾ ਹੱਲ ਕਸ਼ਮੀਰ ਦੇ ਲੋਕਾਂ ਦੀਆਂ ਇੱਛਾਵਾਂ ਅਤੇ ਸੰਯੁਕਤ ਰਾਸ਼ਟਰ ਦੇ ਮਤਿਆਂ ਮੁਤਾਬਕ ਹੱਲ ਕਰਨਾ ਚਾਹੁੰਦਾ ਹੈ। ਸੰਸਦ ਨੂੰ ਆਪਣੇ ਪਹਿਲੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦਾ ਸੰਯੁਕਤ ਰਾਸ਼ਟਰ ਦੇ ਮਤਿਆਂ ਅਤੇ ਕਸ਼ਮੀਰ ਦੇ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਸੁਲਝਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੇ ਸਮਾਰੋਹ ਵਿਚ ਸ਼ਾਮਿਲ ਲਈ ਪਿਛਲੇ ਹਫਤੇ ਭਾਰਤ ਦੀ ਯਾਤਰਾ ਗੁਆਂਢੀ ਦੇਸ਼ ਨਾਲ ਸ਼ਾਂਤਮਈ ਸਬੰਧ ਬਣਾਉਣ ਦੇ ਇਰਾਦੇ ਦਾ ਸੰਕੇਤ ਸੀ। ਦੂਸਰੇ ਸੰਸਦੀ ਵਰ੍ਹੇ ਦੇ ਸ਼ੁਰੂ ਵਿਚ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ
ਵਿਚ ਰਾਸ਼ਟਰਪਤੀ ਦਾ ਪਹਿਲਾ ਭਾਸ਼ਨ ਸੀ। ਸੰਵਿਧਾਨ ਤਹਿਤ ਹਰੇਕ ਨਵਾਂ ਸੰਸਦੀ ਸਾਲ ਦੇਸ਼ ਦੇ ਮੁਖੀ ਦੇ ਭਾਸ਼ਨ ਨਾਲ ਸ਼ੁਰੂ ਹੋਣਾ ਚਾਹੀਦਾ ਹੈ। ਸ੍ਰੀ ਹੁਸੈਨ ਨੇ ਅੱਤਵਾਦ ਦੇ ਖਾਤਮੇ ਅਤੇ ਦੇਸ਼ ਦੀ ਆਰਥਿਕਤਾ ਨੂੰ ਮਜਬੂਤ ਕਰਨ ਦਾ ਪ੍ਰਣ ਲਿਆ। ਰਾਸ਼ਟਰਪਤੀ ਜਿਹੜੇ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ ਨਾਲ ਸਬੰਧਤ ਹਨ ਨੇ ਪਿਛਲੇ ਸਾਲ ਦੌਰਾਨ ਸਰਕਾਰ ਦੀਆਂ ਵੱਖ ਵੱਖ ਪ੍ਰਾਪਤੀਆਂ ‘ਤੇ ਵੀ ਚਾਨਣਾ ਪਾਇਆ।



