ਅਜੀਤਗੜ੍ਹ, 2 ਜੂਨ (ਰਮਨੀਕ ਢਿੱਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਸ਼੍ਰੇਣੀ ਦੀ ਮਾਰਚ- 2014 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਸਿੱਖਿਆ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਵੱਲੋਂ ਅੱਜ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਅਜੀਤਗੜ੍ਹ ਵਿਖੇ ਐਲਾਨ ਦਿੱਤਾ ਗਿਆ। ਇਸ ਵਾਰ ਆਰ. ਐੱਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ, ਲੁਧਿਆਣਾ ਦੀ ਰਿਆ ਪੁੱਤਰੀ ਹਮੀਸ਼ ਗਰਗ, ਰੋਲ ਨੰਬਰ: 1014691248 ਕੁੱਲ 635 ਅੰਕ (97.69 ਫੀਸਦੀ) ਪ੍ਰਾਪਤ ਕਰ ਕੇ ਪੰਜਾਬ ਭਰ ਵਿਚ ਅੱਵਲ ਰਹੀ ਹੈ, ਜਦਕਿ ਇਸੇ ਸਕੂਲ ਦੀ ਵਿਦਿਆਰਥਣ ਮਹਿਮਾ ਨਾਗਪਾਲ ਰੋਲ ਨੰਬਰ: 1014691204 ਨੇ 632 ਅੰਕ ਅਤੇ ਬਾਲ ਵਿੱਦਿਆ ਮੰਦਿਰ ਹਾਈ ਸਕੂਲ, ਨੰਗਲ ਕੋਟਲੀ, ਮੰਡੀ (ਗੁਰਦਾਸਪੁਰ) ਦੇ ਵਿਦਿਆਰਥੀ ਪੰਕੁਸ਼ ਮਹਾਜਨ ਰੋਲ ਨੰਬਰ: 1014156962 ਨੇ ਵੀ 632 ਅੰਕ ਹਾਸਿਲ ਕਰਕੇ ਸਾਂਝੇ ਤੌਰ ‘ਤੇ ਦੂਜਾ ਸਥਾਨ ਹਾਸਿਲ ਕੀਤਾ ਹੈ। ਇਨ੍ਹਾਂ ਨੇ 97.23 ਫੀਸਦੀ ਅੰਕ ਹਾਸਿਲ
ਕੀਤੇ ਹਨ। ਤੀਜੇ ਸਥਾਨ ‘ਤੇ ਆਰ. ਐੱਸ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ, ਲੁਧਿਆਣਾ ਦੀ ਵਿਦਿਆਰਥਣ ਜੰਨਤਪ੍ਰੀਤ ਕੌਰ, ਰੋਲ ਨੰਬਰ 1014691192, ਐਸ. ਏ. ਵੀ. ਜੈਨ. ਡੇ ਬੋਰਡਿੰਗ ਸਕੂਲ, ਊਨਾ ਰੋਡ (ਹੁਸ਼ਿਆਰਪੁਰ) ਦੀ ਵਿਦਿਆਰਥਣ ਗਗਨਜੋਤ ਕੌਰ, ਰੋਲ ਨੰਬਰ 1014205319, ਵਿਵੇਕਾਨੰਦ ਹਾਈ ਸਕੂਲ ਪਠਾਨਕੋਟ ਦੇ ਵਿਦਿਆਰਥੀ ਲੋਕੇਸ਼ ਮਹਾਜਨ, ਰੋਲ ਨੰਬਰ 1014317895 ਅਤੇ ਸ੍ਰੀ ਸੂਰਜ ਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਿਰ, ਖਡਿਆਲ ਰੋਡ, ਸੁਨਾਮ (ਸੰਗਰੂਰ) ਦੀ ਵਿਦਿਆਰਥਣ ਮੁਸਕਾਨ ਗਰਗ, ਰੋਲ ਨੰਬਰ 1014394671 ਨੇ 630 ਅੰਕ ਹਾਸਿਲ ਕਰਕੇ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਕਬਜ਼ਾ ਕੀਤਾ ਹੈ।
ਇਨ੍ਹਾਂ ਨੇ 96.92 ਫੀਸਦੀ ਅੰਕ ਹਾਸਿਲ ਕੀਤੇ ਹਨ। ਦੱਸਣਯੋਗ ਹੈ ਕਿ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਸਮੇਤ ਓਪਨ ਮਾਰਚ-2014 ‘ਚ ਕੁੱਲ 3,75,358 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 2,71,196 ਪ੍ਰੀਖਿਆਰਥੀ ਪਾਸ ਹੋਏ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 72.25 ਫੀਸਦੀ ਰਹੀ। ਇਸ ਪ੍ਰੀਖਿਆ ‘ਚ 80,772 ਪ੍ਰੀਖਿਆਰਥੀਆਂ ਦੀ ਰੀ-ਅਪੀਅਰ ਆਈ ਹੈ ਅਤੇ 20,932 ਪ੍ਰੀਖਿਆਰਥੀ ਫੇਲ੍ਹ ਹੋਏ ਹਨ। ਕੇਵਲ 30 ਪ੍ਰੀਖਿਆਰਥੀਆਂ ਦਾ ਹੀ ਨਤੀਜਾ ਲੇਟ ਹੈ।



