April 24, 2026 3:47 am

ਸੱਚ ਦੀ ਜਿੱਤ ਹੋਈ : ਕੈਪਟਨ ਅਮਰਿੰਦਰ ਸਿੰਘ

ਲੁਧਿਆਣਾ ਸਿਟੀ ਸੈਂਟਰ ਕੇਸ ਵਿੱਚ ਅਦਾਲਤ ਦੇ ਫੈਸਲੇ ਦਾ ਸਵਾਗਤ

ਲੁਧਿਆਣਾ, 27 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਟੀ ਸੈਂਟਰ ਘੁਟਾਲੇ ਦੇ ਕੇਸ ਵਿੱਚ ਉਨ੍ਹਾਂ ਤੇ ਬਾਕੀ ਮੁਲਜ਼ਮਾਂ ਵਿਰੁੱਧ ਦੋਸ਼ਾਂ ਨੂੰ ਖਾਰਜ ਕਰਨ ਦੇ ਅਦਾਲਤੀ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਸਿਆਸੀ ਰੰਜਿਸ਼ ਦੀ ਕਾਰਵਾਈ ਵਿਰੁੱਧ ਉਨ੍ਹਾਂ ਦੀ ਲੜਾਈ ਦੀ ਜਿੱਤ ਦੱਸਿਆ ਹੈ। ਇਸ ਕੇਸ ‘ਤੇ ਅਦਾਲਤ ਵੱਲੋਂ ਫੈਸਲਾ ਸੁਣਾਉਣ ਤੋਂ ਬਾਅਦ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੱਚ ਦੀ ਜਿੱਤ ਹੋਣ ਦੇ ਨਾਲ-ਨਾਲ ਸਿਆਸੀ ਤੌਰ ‘ਤੇ ਪ੍ਰਰਿਤ ਦੋਸ਼ਾਂ ਵਿਰੁੱਧ ਉਨ੍ਹਾਂ ਦੇ ਸਟੈਂਡ ਦੀ ਵੀ ਪੁਸ਼ਟੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕੇਸ ਵਿੱਚ ਉਨ੍ਹਾਂ ਅਤੇ ਪਰਿਵਾਰਕ ਮੈਂਬਰਾਂ ਦਾ ਕਾਨੂੰਨ ਅਤੇ ਅਦਾਲਤ ਵਿੱਚ ਹਮੇਸ਼ਾ ਹੀ ਅਟੁੱਟ ਵਿਸ਼ਵਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਚ ਦੀ ਜਿੱਤ ਲਈ 13 ਸਾਲ ਦਾ ਸਮਾਂ ਲੱਗਾ ਪਰ ਅਦਾਲਤ ਦੇ ਫੈਸਲੇ ਨੇ ਇਹ ਸਿੱਧ ਕਰ ਦਿੱਤਾ ਕਿ ਆਖ਼ਰ ਵਿੱਚ ਜਿੱਤ ਸਚਾਈ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨਰਾਂ ਵੱਲੋਂ ਅਦਾਲਤ ਸਾਹਮਣੇ ਸਬੂਤਾਂ ਵਜੋਂ ਪੇਸ਼ ਕੀਤੇ ਮਨਘੜਤ ਝੂਠਾਂ ਦਾ ਕੋਈ ਵਜੂਦ ਨਹੀਂ ਸੀ ਅਤੇ ਨਿਰਲੱਜਤਾ ਨਾਲ ਮਾਰੇ ਗਏ ਝੂਠਾਂ ਤੋਂ ਪੂਰੀ ਤਰ੍ਹਾਂ ਪਰਦਾ ਚੁੱਕਿਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਨਾਲ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਪੀੜਤਾਂ ਨੂੰ ਵੀ ਕੀਮਤ ਚੁਕਾਉਣੀ ਪਈ ਕਿਉਂਕਿ ਉਨ੍ਹਾਂ ਨੂੰ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਮੁਕਤ ਹੋਣ ਅਤੇ ਸਾਖ ਦੀ ਬਹਾਲੀ ਲਈ ਉਡੀਕ ਕਰਨੀ ਪਈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ 36 ਮੁਲਜ਼ਮਾਂ ਵਿੱਚੋਂ ਪੰਜ ਮੁਲਜ਼ਮ, ਕੇਸ ਦੀ ਸੁਣਵਾਈ ਦੇ ਲੰਮੇ ਅਰਸੇ ਦੌਰਾਨ, ਇਸ ਘੁਟਾਲੇ ਵਿੱਚ ਆਪਣੀ ਸ਼ਮੂਲੀਅਤ ਹੋਣ ਦੇ ਦੋਸ਼ਾਂ ਦਾ ਦੁੱਖ ਲੈ ਕੇ ਇਸ ਦੁਨੀਆਂ ਤੋਂ ਚਲੇ ਗਏ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਲੋਕਾਂ ‘ਤੇ ਲੱਗੇ ਦੋਸ਼ ਖਾਰਸ ਹੋ ਜਾਣ ਨਾਲ ਇਨ੍ਹਾਂ ਦੇ ਪਰਿਵਾਰਕ ਮੈਂਬਰ ਹੁਣ ਸ਼ਾਂਤੀ ਨਾਲ ਰਹਿ ਸਕਦੇ ਹਨ।

Send this to a friend