ਮੌੜ ਮੰਡੀ, 27 ਨਵੰਬਰ (ਹਰਮਿੰਦਰ ਸਿੰਘ ਅਵਿਨਾਸ਼, ਸੰਜੀਵ ਕੁਮਾਰ ਨੋਟੀ)- ਇਥੋ ਨੇੜਲੇ ਪਿੰਡ ਕੋਟਲੀ ਕਲਾਂ ਵਿਖੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਨੋਜਵਾਨ ਬੂਟਾ ਸਿੰਘ ਪੁੱਤਰ ਗੁਲਾਬ ਸਿੰਘ ਦੀ ਅਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ ਅਤੇ ਉਸ ਦਾ ਸਾਥੀ ਭੋਲਾ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ । ਪੀੜਿਤ ਪਰਿਵਾਰ ਤੋ ਮੌਕੇ ਤੇ ਜਾ ਕੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬੂਟਾ ਸਿੰਘ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਮ੍ਰਿਤਕ ਦੀ ਮਾਤਾ ਛਿੰਦਰਪਾਲ ਕੌਰ ਨੇ ਵਿਰਲਾਪ ਕਰਦਿਆਂ ਦੱਸਿਆ ਕਿ ਬੀਤੇ ਕੱਲ੍ਹ ਉਸਦਾ ਪੁੱਤਰ ਨਰਮੇ ਦੀ ਪੁਟਾਈ ਤੋ ਬਾਅਦ ਕਣਕ ਦੀ ਬਿਜਾਈ ਕਰਨ ਲਈ ਆਪਣੇ ਖੇਤ ਸ਼ਾਮ ਨੂੰ ਆਪਣੇ ਸਾਥੀ ਭੋਲਾ ਸਿੰਘ ਨਾਲ ਪਾਣੀ ਲਾਉਣ ਗਿਆ ਤਾਂ ਅਚਾਨਕ ਲਗਭਗ 6:30 ਵਜੇ ਦੇ ਕਰੀਬ ਮੀਂਹ ਪੈਣ ਮੌਕੇ ਅਸਮਾਨੀ ਬਿਜਲੀ ਡਿੱਗ ਪਈ। ਮੌਕੇ ਤੇ ਚਸ਼ਮਦੀਦ ਮੱਖਣ ਸਿੰਘ ਦੇ ਦੱਸਣ ਅਨੁਸਾਰ ਬਿਜਲੀ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਮ੍ਰਿਤਕ ਬੂਟਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ । ਮੌਕੇ ਤੇ ਪੁੱਜੇ ਪਿੰਡ ਵਾਸੀਆਂ ਨੇ ਦੋਹਾਂ ਨੋਜਵਾਨਾਂ ਨੂੰ ਸਰਕਾਰ ਹਸਪਤਾਲ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਵੱਲੋਂ ਬੂਟਾ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਅਤੇ ਜ਼ਖਮੀ ਨੋਜਵਾਨ ਭੋਲਾ ਸਿੰਘ ਜ਼ੇਰੇ ਇਲਾਜ਼ ਹੈ। ਇਕੱਤਰ ਜਾਣਕਾਰੀ ਅਨੁਸਾਰ ਮ੍ਰਿਤਕ ਨੋਜਵਾਨ ਠੇਕੇ ਹਿੱਸੇ ਤੇ ਜ਼ਮੀਨ ਲੈ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰ ਰਿਹਾ ਸੀ । ਮ੍ਰਿਤਕ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ । ਉਹ ਆਪਣੇ ਪਿੱਛੇ ਬਜ਼ੁਰਗ ਮਾਤਾ ਤੋ ਇਲਾਵਾ ਪਤਨੀ ਕਰਮਜੀਤ ਕੌਰ ਅਤੇ ਆਪਣਾਂ ਚਾਰ ਮਹਨਿਆਂ ਦਾ ਬੇਟਾ ਛੱਡ ਗਿਆ ਹੈ। ਗਰੀਬ ਪਰਿਵਾਰ ਨਾਲ ਉਕਤ ਦੁਰਘਟਨਾਂ ਵਾਪਰ ਜਾਣ ਕਾਰਨ ਪੂਰਾ ਪਿੰਡ ਸੋਗ ਵਿੱਚ ਡੁੱਬਿਆ ਹੋਇਆ ਹੈ। ਪਿੰਡ ਦੇ ਸਾਬਕਾ ਸਰਪੰਚ ਮੁਕੰਦ ਸਿੰਘ ਦੇ ਪੁੱਤਰ ਮੱਖਣ ਸਿੰਘ ਨੇ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪੀੜਿਤ ਗਰੀਬ ਪਰਿਵਾਰ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇ।