ਨਵੀਂ ਦਿੱਲੀ, 25 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਮਹਾਰਾਸ਼ਟਰ ਦੇ ਸਿਆਸੀ ਸੰਕਟ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਇੱਕ ਹੋਰ ਦਿਨ ਲਈ ਟਲ ਗਿਆ। ਹੁਣ ਇਹ ਫ਼ੈਸਲਾ ਭਲਕੇ ਮੰਗਲਵਾਰ ਨੂੰ ਆਵੇਗਾ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਸਿਆਸੀ ਸੰਕਟ ਬਾਰੇ ਸੁਪਰੀਮ ਕੋਰਟ ਵੱਲੋਂ ਅੱਜ ਸਵੇਰੇ 10:30 ਵਜੇ ਸੁਣਵਾਈ ਸ਼ੁਰੂ ਹੋਈ। ਅਦਾਲਤ ਵਿੱਚ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦਾ ਹੁਕਮ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਅਜੀਤ ਪਵਾਰ ਦੀ ਚਿੱਠੀ ਵਿੱਚ ਐਨ.ਸੀ.ਪੀ. ਦੇ 54 ਵਿਧਾਇਕਾਂ ਦੇ ਹਸਤਾਖਰ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸ਼ਿਵ ਸੈਨਾ–ਰਾਸ਼ਟਰਵਾਦੀ ਕਾਂਗਰਸ ਪਾਰਟੀ–ਕਾਂਗਰਸ ਦੀ ਇਸ ਬੇਨਤੀ ਉੱਤੇ ਵਿਚਾਰ ਨਹੀਂ ਕਰ ਰਹੀ ਕਿ ਉਨ੍ਹਾਂ ਨੂੰ ਮਹਾਰਾਸ਼ਟਰ ‘ਚ ਸਰਕਾਰ ਬਣਾਉਣ ਲਈ ਸੱਦਿਆ ਜਾਵੇ। ਸੁਪਰੀਮ ਕੋਰਟ ਦਾ ਇਸ ਮਾਮਲੇ ‘ਤੇ ਫ਼ੈਸਲਾ ਮਹਾਰਾਸ਼ਟਰ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਭਵਿੱਖ ਵੀ ਤੈਅ ਕਰੇਗਾ।