April 22, 2026 6:41 am

ਦੋ ਸਾਲ ਪਹਿਲਾਂ ਵਾਪਰੇ ਸੜਕ ਹਾਦਸੇ ਦੇ ਦੋਸ਼ੀ ਟਰੱਕ ਡਰਾਇਵਰ ਨੂੰ ਮਾਣਯੋਗ ਅਦਾਲਤ ਵੱਲੋਂ ਦੋ ਸਾਲ ਦੀ ਸਜ਼ਾ

ਹਾਦਸੇ ‘ਚ 10 ਵਿਦਿਆਰਥੀਆਂ ਦੀ ਹੋਈ ਸੀ ਮੌਤ, ਅਦਾਲਤ ਦੇ ਫੈਸਲੇ ਤੋਂ ਨਾਖੁਸ਼ ਪੀੜਿਤ ਪਰਿਵਾਰ

ਰਾਮਪੁਰਾ ਫੂਲ, 21 ਨਵੰਬਰ (ਕੁਲਜੀਤ ਸਿੰਘ ਢੀਂਗਰਾ)- ਦੋ ਸਾਲ ਪਹਿਲਾ 8 ਨਵੰਬਰ 2017 ਨੂੰ ਰਾਮਪੁਰਾ-ਬਠਿੰਡਾ ਮੁੱਖ ਮਾਰਗ ਤੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਸਥਾਨਕ ਸ਼ਹਿਰ ਦੇ ਇੱਕ ਲੜਕੇ ਅਤੇ ਪੰਜ ਨੌਜਵਾਨ ਲੜਕੀਆਂ ਦੀ ਮੌਤ ਹੋ ਗਈ ਸੀ। ਘਟਨਾ ਲਈ ਜਿੰਮੇਵਾਰ ਟਰੱਕ ਡਰਾਇਵਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਤੇ ਮਾਣਯੋਗ ਅਦਾਲਤ ਬਠਿੰਡਾ ਵੱਲੋ ਟਰੱਕ ਡਰਾਈਵਰ ਨੂੰ ਦੋਸ਼ੀ ਕਰਾਰ ਦਿੰਦਿਆ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਿਸ ਨੂੰ ਲੈ ਕੇ ਮ੍ਰਿਤਕ ਬੱਚਿਆਂ ਦੇ ਪਰਿਵਾਰਾ ਵਿੱਚ ਰੋਸ ਪਾਇਆ ਜਾ ਰਿਹਾ ਹੈ। ਅਦਾਲਤ ਦੇ ਇਸ ਫੈਸਲੇ ਤੋ ਨਾਖੁਸ਼ ਮ੍ਰਿਤਕ ਲੜਕੀ ਨੈਨਸੀ ਗੋਇਲ ਦੇ ਪਿਤਾ ਭੂਸ਼ਨ ਗੋਇਲ ਨੇ ਕਿਹਾ ਕਿ ਘਟਨਾ ਸਮੇਂ ਉਨ੍ਹਾਂ ਦੀ ਲੜਕੀ ਨੈਨਸੀ ਡੀ.ਏ.ਵੀ ਕਾਲਜ ਵਿਖੇ ਬੀ.ਕਾਮ ਫਸਟ ਈਅਰ ਦੀ ਪੜ੍ਹਾਈ ਕਰ ਰਹੀ ਸੀ ਤੇ ਉਸਦਾ ਸੁਪਨਾ ਸੀ ਕਿ ਉਹ ਪੜ੍ਹ ਲਿਖ ਕੇ ਨੌਕਰੀ ਕਰੇਗੀ ਤੇ ਪਰਿਵਾਰਾ ਦਾ ਸਹਾਰਾ ਬਣੇਗੀ। ਭੂਸ਼ਨ ਗੋਇਲ ਨੇ ਕਿਹਾ ਕਿ ਘਟਨਾ ਲਈ ਜਿੰਮੇਵਾਰ ਟਰੱਕ ਡਰਾਇਵਰ ਨੂੰ ਫਾਂਸੀ ਜਾਂ ਉਮਰ ਕੈਦ ਹੀ ਸਜ਼ਾ ਹੋਣੀ ਚਾਹੀਦੀ ਹੈ। ਇਸ ਹਾਦਸੇ ਵਿੱਚ ਸ਼ਿਕਾਰ ਲੜਕੀ ਸੀਖਾ ਬਾਂਸਲ ਦੇ ਪਿਤਾ ਵਰਿੰਦਰ ਬਾਂਸਲ ਉਰਫ ਡਿੰਪਲ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਪੜ੍ਹ ਲਿਖ ਕੇ ਆਈ.ਏ.ਐਸ ਅਫਸਰ ਬਣਨਾ ਚਾਹੁੰਦੀ ਸੀ ਤੇ ਟਰੱਕ ਡਰਾਇਵਰ ਦੀ ਗਲਤੀ ਕਾਰਨ ਉਨ੍ਹਾਂ ਦੇ ਸਪਨੇ ਚਕਨਾ ਚੂਰ ਹੋ ਗਏ। ਉਨ੍ਹਾਂ ਅਦਾਲਤ ਦੇ ਫੈਸਲੇ ਤੋ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਇੱਕ ਆਮ ਦੁਰਘਟਨਾ ਨਹੀ ਸੀ। ਇਸ ਵਿੱਚ ਬੱਚਿਆਂ ਨੂੰ ਬੂਰੀ ਤਰਾਂ ਟਰੱਕ ਦੇ ਟਾਇਰਾਂ ਥੱਲੇ ਕੁਚਲਿਆ ਗਿਆ ਸੀ। ਇਸ ਲਈ ਕਈ ਪਰਿਵਾਰ ਊੁਜਾੜਣ ਵਾਲੇ ਦੋਸ਼ੀ ਨੂੰ ਮੋਤ ਦੀ ਸ਼ਜਾ ਮਿਲਣੀ ਚਾਹੀਦੀ ਹੈ। ਉਨ੍ਹਾਂ ਇਸ ਮੌਕੇ ਸਰਕਾਰਾ ਤੇ ਵੀ ਰੋਸ ਪ੍ਰਗਟ ਕੀਤਾ ਕਿ ਉਸ ਸਮੇਂ ਪਰਾਲੀ ਦੇ ਧੂੰਏ ਕਰਕੇ ਇਹ ਘਟਨਾ ਵਾਪਰੀ ਸੀ ਪਰ ਅੱਜ ਵੀ ਇਹ ਸਭ ਕੁੱਝ ਆਮ ਚੱਲ ਰਿਹਾ ਹੈ। ਵੋਟਾ ਦੀ ਰਾਜਨੀਤੀ ਕਾਰਨ ਕੋਈ ਠੋਸ ਕਦਮ ਨਹੀ ਚੁੱਕਿਆ ਜਾ ਰਿਹਾ ਨਾ ਹੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੋਈ ਵਿਸ਼ੇਸ ਮੁਹਿੰਮ ਚਲਾਈ ਗਈ ਤੇ ਨਾ ਹੀ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ। ਉਨ੍ਹਾਂ ਸਰਕਾਰ ਤੋ ਮੰਗ ਕੀਤੀ ਕਿ ਵੋਟਾ ਦੀ ਰਾਜਨੀਤੀ ਤੋ ਉੱਪਰ ਉੱਠ ਕੇ ਇਸ ਵੱਲ ਸਖ਼ਤ ਕਾਨੂੰਨ ਬਣਾਉਣ ਤਾਂ ਜੋ ਇਸ ਕਾਰਨ ਕੋਈ ਹੋਰ ਪਰਿਵਾਰ ਨਾ ਉਜੜੇ। ਘਟਨਾ ਵਿੱਚ ਮਾਰੀ ਗਈ ਲੜਕੀ ਖੁਸ਼ਵੀਰ ਕੌਰ ਦੇ ਪਿਤਾ ਜਸਵਿੰਦਰ ਸਿੰਘ ਨੇ ਅਦਾਲਤ ਦੇ ਫੈਸਲੇ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹੇ ਘਰਾਂ ਨੂੰ ਉਜਾੜਣ ਵਾਲੇ ਜਿੰਮੇਵਾਰੀ ਵਿਅਕਤੀ ਖਿਲਾਫ ਸਖ਼ਤ ਫੈਸਲਾ ਕਰਨ ਚਾਹੀਦਾ ਹੈ ਤਾਂ ਜੋ ਕੋਈ ਵੀ ਵਿਅਕਤੀ ਅੱਗੇ ਤੋ ਅਜਿਹਾ ਗਲਤੀ ਨਾ ਕਰੇ। ਜਿਸ ਨਾਲ ਕਿਸੇ ਮਾਂ ਬਾਪ ਦੀਆਂ ਅੱਖਾਂ ਦੇ ਤਾਰੇ ਅੱਖਾਂ ਤੋ ਹਮੇਸ਼ਾਂ ਲਈ ਦੂਰ ਹੋ ਜਾਵੇ। ਘਟਨਾ ਦੀ ਸ਼ਿਕਾਰ ਹੋਈ ਜਸਪ੍ਰੀਤ ਕੌਰ ਖੁਰਮੀ ਦੇ ਪਿਤਾ ਰਣਜੀਤ ਸਿੰਘ ਖੁਰਮੀ ਜੋ ਕਿ ਖੁੱਦ ਪੁਲਿਸ ਕਰਮਚਾਰੀ ਹਨ ਨੇ ਕਿਹਾ ਕਿ ਅਜਿਹੇ ਦੋਸ਼ੀ ਜਿਸ ਦੀ ਵਜਾ ਨਾਲ ਕਈ ਜਿੰਦਗੀਆਂ ਉਜੜ ਗਈਆਂ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ। ਇਸ ਘਟਨਾ ਵਿੱਚ ਮ੍ਰਿਤਕ ਸਰਕਾਰੀ ਕਰਮਚਾਰੀ ਲਵਪ੍ਰੀਤ ਕੌਰ ਦੇ ਭਰਾ ਓਮ ਪ੍ਰਕਾਸ਼ ਨੇ ਅਦਾਲਤ ਦੇ ਫੈਸਲੇ ਨੂੰ ਮਨਜੂਰ ਕਰਦਿਆਂ ਇਸ ਨੂੰ ਕੁਦਰਤ ਦਾ ਭਾਣਾ ਮੰਨਦਿਆਂ ਕਿਹਾ ਕਿ ਜੋ ਹੋਣਾ ਸੀ ਹੋ ਗਿਆ। ਇਸ ਘਟਨਾ ਦੌਰਾਨ ਮਾਰੇ ਗਏ ਲੜਕੇ ਵਿਨੋਦ ਮਿੱਤਲ ਪੁੱਤਰ ਮੁਨੀਸ਼ ਮਿੱਤਲ ਦੇ ਪਰਿਵਾਰ ਨੇ ਅਦਾਲਤ ਦੇ ਫੈਸਲੇ ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਬੱਚਿਆਂ ਦੇ ਕਾਤਲ ਨੂੰ ਵੱਧ ਤੋ ਵੱਧ ਸਜ਼ਾ ਮਿਲਣੀ ਚਾਹੀਦੀ ਹੈ। ਜਿਕਰਯੋਗ ਹੈ ਕਿ 8 ਨਵੰਬਰ 2017 ਸਵੇਰ ਕਰੀਬ 9 ਵਜੇ ਬਠਿੰਡਾ ਬਰਨਾਲਾ ਮੁੱਖ ਮਾਰਗ ਤੇ ਸਥਿਤ ਅਦੇਸ ਹਸਪਤਾਲ ਕੋਲ ਬਣੇ ਫਲਾਈਓਵਰ ਉੱਪਰ ਇੱਕ ਖਤਰਨਾਕ ਸੜਕ ਹਾਦਸਾ ਹੋਣ ਕਾਰਨ 10 ਯਾਤਰੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 6 ਰਾਮਪੁਰਾ ਫੂਲ ਨਿਵਾਸੀ ਵੱਖ ਵੱਖ ਕਾਲਜਾ ਦੇ ਵਿਦਿਆਰਥੀ ਸਨ।

Send this to a friend