ਨਵੀਂ ਦਿੱਲੀ, 28 ਮਈ (ਪੀ.ਟੀ.)-ਮਨੁੱਖੀ ਸਾਧਨਾਂ ਦੇ ਵਿਕਾਸ ਬਾਰੇ ਮੰਤਰੀ ਸਮ੍ਰਿਤੀ ਇਰਾਨੀ ਦੀ ਸਿੱਖਿਆ ਯੋਗਤਾ ਨੂੰ ਮੁੱਦਾ ਬਣਾਉਣ ਲਈ ਭਾਜਪਾ ਨੇ ਕਾਂਗਰਸ ਉਪਰ ਜਵਾਬੀ ਸ਼ਬਦੀ ਹਮਲਾ ਕਰਦਿਆਂ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਕਾਂਗਰਸ ਆਗੂਆਂ ਨੂੰ ਆਪਣਾ ਘੁਮੰਡੀ ਵਤੀਰਾ ਛੱਡ ਕੇ ਆਪਾ ਪੜਚੋਲ ਕਰਨੀ ਚਾਹੀਦੀ ਹੈ। ਭਾਜਪਾ ਦੇ ਬੁਲਾਰੇ ਮੁਖਤਾਰ ਅਬਾਸ ਨਕਵੀ ਨੇ ਕਿਹਾ ਹੈ ਕਿ ਅਸੀਂ ਕਾਂਗਰਸ ਆਗੂਆਂ ਨੂੰ ਸਲਾਹ ਦੇਣਾ ਚਾਹੁੰਦੇ ਹਾਂ ਕਿ ਲੋਕ ਸਭਾ ਚੋਣਾਂ ਵਿਚ ਦੇਸ਼ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਰੱਦ ਕਰ ਦੇਣ ਤੋਂ ਬਾਅਦ ਉਹ ਆਪਣਾ ਹੰਕਾਰ ਛੱਡ ਦੇਣ ਤੇ ਸਵੈ ਪੜਚੋਲ ਕਰਨ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਨੂੰ ਹੁਣ ਭਾਜਪਾ ਆਗੂਆਂ ਬਾਰੇ ਮੰਦੀ ਸ਼ਬਦਾਵਲੀ ਵਰਤਣੀ ਬੰਦ ਕਰ ਦੇਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ
ਲੋਕਾਂ ਦੇ ਫਤਵੇ ਦਾ ਸਨਮਾਨ ਕਰਨਾ ਚਾਹੀਦਾ ਹੈ। ਪਾਣੀਆਂ ਦੇ ਸਾਧਨਾਂ ਤੇ ਦਰਿਆ ਵਿਕਾਸ ਬਾਰੇ ਮੰਤਰੀ ਉਮਾ ਭਾਰਤੀ ਤੇ ਭਾਜਪਾ ਆਗੂ ਸੰਤੋਸ਼ ਗੰਗਵਾਰ ਨੇ ਸਮ੍ਰਿਤੀ ਇਰਾਨੀ ਦੀ ਸਿੱਖਿਆ ਯੋਗਤਾ ਦੇ ਮੁੱਦੇ ’ਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਕਾਂਗਰਸ ਨੂੰ ਪੁਛਿਆ ਹੈ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਸਿੱਖਿਆ ਯੋਗਤਾ ਕੀ ਹੈ। ਇਥੇ ਵਰਣਨਯੋਗ ਹੈ ਕਿ ਕਾਂਗਰਸ ਆਗੂ ਅਜੇ ਮਾਕਨ ਨੇ ਬੀਤੇ ਦਿਨ ਕਿਹਾ ਸੀ ਕਿ ‘ਮੋਦੀ ਦੀ ਕੈਬਨਿਟ ਕੀ ਹੈ। ਮਨੁੱਖੀ ਸਾਧਨਾਂ ਦੇ ਵਿਕਾਸ ਬਾਰੇ ਮੰਤਰੀ ਸਮ੍ਰਿਤੀ ਇਰਾਨੀ ਗਰੈਜੂਏਟ ਵੀ ਨਹੀਂ ਹੈ, ਉਸ ਦਾ ਹਲਫਨਾਮਾ ਚੋਣ ਕਮਿਸ਼ਨ ਦੀ ਸਾਈਟ ’ਤੇ ਪੇਜ ਨੰਬਰ 11’ਤੇ ਵੇਖੋ।’ ਮਾਕਨ ਨੇ ਕਿਹਾ ਸੀ ਕਿ ਕੋਈ ਵਿਅਕਤੀ ਜਿਸ ਨੇ ਰਾਜ ਸਭਾ ਵਿਚ ਆਪਣੀ ਸਿੱਖਿਆ ਯੋਗਤਾ ਲੁਕੋਈ ਹੋਵੇ, ਉਹ ਮਨੁੱਖੀ ਸਾਧਨਾਂ ਦੇ ਵਿਕਾਸ ਬਾਰੇ ਮੰਤਰੀ ਕਿਵੇਂ ਬਣ ਸਕਦਾ ਹੈ।



