Skip to content
Independent perspectives. Global stories.
BREAKING

ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਦਰਸ਼ਨ ‘ਤੇ ਰਾਸ਼ਟਰੀ ਸੈਮੀਨਾਰ ਕਰਵਾਇਆ

Share this story

ਬੁਢਲਾਡਾ, 3 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ‘ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਦਰਸ਼ਨ’ ਵਿਸ਼ੇ ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੇ ਸ਼ਿਰਕਤ ਕੀਤੀ। ਜੀ ਆਇਆਂ ਆਖਦਿਆਂ ਡਾ. ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਗੁਰੂ ਨਾਨਕ ਦਾ ਫਲਸਫਾ ‘ਕਿਵਿ ਸਚਿਆਰਾ ਹੋਈਏ ਕਿਵ ਕੂੜੇ ਤੁਟੇ ਪਾਲਿ’ ਨੂੰ ਕੇਂਦਰ ਵਿੱਚ ਰੱਖ ਕੇ ਅਜਿਹੀ ਜੀਵਨ ਜਾਚ ਦਿੰਦਾ ਹੈ ਜਿਸ ਨਾਲ ਬ੍ਰਹਿਮੰਡ ਵਿੱਚ ਆਤਮਿਕ ਏਕਤਾ ਆਉਂਦੀ ਹੈ। ਉਨ੍ਹਾਂ ਗੁਰੂ ਸਾਹਿਬ ਦੇ ਜੀਵਨ ਅਤੇ ਦਰਸ਼ਨ ਨਾਲ ਸੰਖੇਪ ਜਾਣ ਪਛਾਣ ਕਰਵਾਈ।। ਡਾ. ਜੋਗਿੰਦਰ ਸਿੰਘ ਨੇ ਭਾਈ ਗੁਰਦਾਸ, ਭਾਈ ਨੰਦ ਲਾਲ ਗੋਯਾ ਜੀ, ਜਨਮਸਾਖੀ ਪਰੰਪਰਾ ਨੂੰ ਆਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਫਲਸਫੇ ਦੀ ਗੱਲ ਕੀਤੀ। ਡਾ. ਸਿਕੰਦਰ ਸਿੰਘ ਨੇ ਆਧੁਨਿਕ ਜੀਵਨ ਸ਼ੈਲੀ ਅਤੇ ਸਿੱਖ ਧਰਮ ਬਾਰੇ ਗੱਲ ਕਰਦਿਆਂ ਕਿਹਾ ਕਿ ਆਧੁਨਿਕਤਾ ਨੇ ਜਿਸ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਦਿੱਤੀਆਂ ਹਨ ਉਨ੍ਹਾਂ ਨਾਲ ਪਦਾਰਥਕ ਤਰੱਕੀ ਤਾਂ ਹੋਈ ਪਰ ਕੇਂਦਰ ਵਿੱਚ ਗਰਜ਼ਾਂ ਅਤੇ ਲਾਲਸਾਵਾਂ ਆਈਆਂ ਜਿਸ ਨਾਲ ਬੰਦਿਆਈ ਖਤਮ ਹੋਈ। ਗੁਰੂ ਨਾਨਕ ਜੀ ਦਾ ਫਲਸਫਾ ਬੰਦਿਆਈ ਪੈਦਾ ਕਰਦਾ ਹੈ ਜਿੱਥੋਂ ਸਾਂਝੀਵਾਲਤਾ ਦਾ ਸੰਕਪਲ ਵਿਗਸਦਾ ਹੈ। ਪ੍ਰਧਾਨਗੀ ਭਾਸ਼ਣ ਦਿੰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਨਾਨਕ ਦਾ ਸਮੁੱਚਾ ਦਰਸ਼ਨ ਮੂਲ ਮੰਤਰ ਵਿੱਚ ਹੈ। ਸ਼ਬਦ ਨਾਲ ਜੁੜੀ ਸੰਗਤ ਰੱਬੀ ਰੂਪ ਹੁੰਦੀ ਹੈ। ਗੁਰੂ ਸਾਹਿਬ ਨੇ ਵਾਤਾਵਰਨ, ਜਾਤ ਪਾਤ, ਨਾਰੀ ਅਤੇ ਬ੍ਰਹਿਮੰਡੀ ਚੇਤਨਾ ਬਾਰੇ ਜੋ ਸੰਦੇਸ਼ ਦਿੱਤਾ ਉਹ ਸਾਡਾ ਮਾਡਲ ਹੈ। ਉਨ੍ਹਾਂ ਗੁਰੂ ਨਾਨਕ ਦਰਸ਼ਨ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਇਸ ਮੌਕੇ ‘ਜਪੁਜੀ ਸਾਹਿਬ ਪਾਠ ਅਤੇ ਵਿਆਖਿਆ’ ਜੋ ਅਗਸਤ ਮਹੀਨੇ ਤੋਂ ਲਗਾਤਾਰ ਚੱਲ ਰਹੀ ਸੀ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਚਾਰ ਵਿਦਿਆਰਥੀਆਂ ਦਾ ਸਨਮਾਨ ਅਤੇ ਕਥਾਵਾਚਕ ਭਾਈ ਗੁਰਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਸੰਸਥਾ ਦੇ ਵਿਦਿਆਰਥੀ, ਸਮੂਹ ਸਟਾਫ ਅਤੇ ਵਿਸ਼ੇਸ਼ ਤੌਰ ਤੇ ਭਗਵੰਤ ਸਿੰਘ ਨੇ ਹਾਜ਼ਰੀ ਭਰੀ।

WRITTEN BY