May 27, 2026 4:58 pm

ਜਦੋਂ ਅਸੀਂ ਕਈ ਕੱਪਾਂ ਵਿੱਚ ਥੱਲੇ ਛੱਡੀ ਹੋਈ ਜੂਠੀ ਚਾਹ ਪੀਤੀ….!

ਮਨੁੱਖ ਜਿੰਦਗੀ ਵਿੱਚ ਕਈ ਸੁਖਾਵੀਆਂ ਜਾਂ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਹਨ। ਕਈ ਪੁਰਾਣੀਆਂ ਯਾਦਾਂ ਨੂੰ ਜਦੋਂ ਅਸੀਂ ਅੱਜ ਵੀ ਯਾਦ ਕਰਦੇ ਹਾਂ ਤਾਂ ਹਾਸਾ ਵੀ ਆਉਂਦਾ ਹੈ ਤੇ ਕਈ ਵਾਰ ਹੈਰਾਨਗੀ ਵੀ। ਅੱਜ ਮੈਂ ਆਪ ਸਭ ਨਾਲ ਮੇਰੀ ਜਿੰਦਗੀ ਦੀ ਇੱਕ ਘਟਨਾ ਸਾਂਝੀ ਕਰ ਰਿਹਾ ਹਾਂ।
ਇਹ ਗੱਲ ਮੇਰੇ ਕਾਲਜ ਦੇ ਦਿਨਾਂ (1993-94) ਦੀ ਹੈ। ਮੈਂ ਉਸ ਸਮੇਂ ਬੀ.ਏ. ਭਾਗ ਦੂਜਾ ਦਾ ਵਿਦਿਆਰਥੀ ਸੀ ਅਤੇ ਸਟੇਜ਼ ਪ੍ਰੋਗਰਾਮਜ਼ ਵਿੱਚ ਵਧ ਚੜ ਕੇ ਹਿੱਸਾ ਲਿਆ ਕਰਦਾ ਸੀ। ਨਾਟਕ (ਡਰਾਮਾ) ਸਕਿੱਟ, ਮੋਨੋਐਕਟਿਗ ਇਹਨਾਂ ਵਿੱਚ ਮੇਰੀ ਮੁਹਾਰਤ ਸੀ। ਇਸੇ ਕਰਕੇ ਮੈਨੂੰ ਇੱਕ ਹੀ ਪ੍ਰੋਗਰਾਮ (ਇੱਕ ਦਿਨ) ਕਈ-ਕਈ ਆਈਟਮਜ਼ ਵਿੱਚ ਪਾਰਟੀਸੀਪੇਟ ਕਰਨਾ ਪੈਂਦਾ ਸੀ। ਚਲੋ ਮੁਕਦੀ ਗੱਲ………… ਕਿ ਉਸ ਦਿਨ ਵੀ ਸਾਡੇ ਕਾਲਜ (ਡੀ.ਏ.ਵੀ. ਕਾਲਜ ਮਲੋਟ) ਦਾ ਸਾਲਾਨਾ ਸਮਾਗਮ ਸੀ ਤੇ ਮੈਂ ਪੰਜ ਆਈਟਮਜ਼ ਵਿੱਚ ਹਿੱਸਾ ਲੈ ਰਿਹਾ ਸੀ। ਤੇ ਆਪਾਂ ਗੱਲ ਕਰ ਰਹੇ ਹਾਂ ਸਾਡੇ ਉਸ ਦਿਨ ਦੇ ਨਾਟਕ ‘‘ਬੁੱਧੂ ਨੌਕਰ’’ ਜਿਸ ਵਿੱਚ ਮੇਰੀ ਮੁੱਖ ਭੂਮਿਕਾ ਨੌਕਰ ਦੀ ਹੀ ਸੀ। ਇਸ ਨਾਟਕ ਦੀ ਜ਼ਰੂਰਤ ਦਾ ਸਾਰਾ ਸਮਾਨ ਤਿਆਰ ਸੀ, ਸਿਰਫ ਚਾਹ ਹੀ ਨਹੀਂ ਸੀ। ਸਾਡੇ ਪ੍ਰੋਫੈਸ਼ਰ ਸਾਹਿਬ ਨੇ ਕਿਹਾ ਸੀ ਕਿ ਚਾਹ ਮੌਕੇ ’ਤੇ ਹੀ ਕੰਟੀਨ ਤੋਂ ਹੀ ਲੈ ਆਉਣਾ ਕਿਉਂਕਿ ਉਸ ਸਮੇਂ ਸਟੇਜ਼ ਦੇ ਪਿਛਲੇ ਪਾਸੇ ਨਜ਼ਦੀਕ ਹੀ ਸੀ। ਉਂਝ ਤਾਂ ਨਾਟਕ ਡਰਾਮਿਆਂ ਵਿੱਚ ਚਾਹ ਦਾ ਸੀਨ ਖਾਲੀ ਕੱਪਾਂ ਵਿੱਚ ਹੀ ਖੇਡਿਆ ਜਾਂਦਾ ਹੈ। ਪਰ ਸਾਡੇ ਨਾਟਕ ਦੇ ਦ੍ਰਿਸ਼ ਵਿੱਚ ਅਸੀਂ ਪਾਰਦਰਸ਼ੀ ਸ਼ੀਸ਼ੇ (ਕੱਚ) ਦੇ ਗਿਲਾਸ ਵਰਤ ਰਹੇ ਸੀ। ਇਸ ਕਰਕੇ ਅਸੀਂ ਚਾਹ ਹੋਣੀ ਲਾਜ਼ਮੀ ਸੀ। ਕਿਉਂਕਿ ਚਾਹ ਨਾਟਕ ਦੀ ਮੁੱਖ ਜ਼ਰੂਰਤ ਸੀ। ਸਮੇਂ ਮੁਤਾਬਕ ਅਸੀਂ ਸਭ ਕਲਾਕਾਰਾਂ ਨੂੰ ਆਪਣੇ ਰੋਲ ਮੁਤਾਬਕ ਕੱਪੜੇ ਪਾ ਕੇ ਤਿਆਰ ਹੋ ਗਏ ਤੇ ਸਾਰਿਆਂ ਨੇ ਮੇਕਅੱਪ ਕਰਵਾ ਲਿਆ। ਨਾਟਕ ‘‘ਬੁੱਧੂ ਨੌਕਰ’’ ਪੇਸ਼ ਹੋਣ ਦੀ ਸਟੇਜ਼ ’ਤੇ ਅਨਾਉਸਮੈਂਟ ਹੋ ਗਈ। ਜਲਦੀ ਜਲਦੀ ਵਿੱਚ ਅਸੀਂ ਚਾਹ ਦਾ ਆਰਡਰ ਦੇਣਾ ਹੀ ਭੁੱਲ ਗਏ। ਨਾਟਕੇ ਸਟੇਜ਼ ’ਤੇ ਸਮੇਂ ਸਿਰ ਪੇਸ਼ ਕਰਨਾ ਅਤਿ ਜ਼ਰੂਰੀ ਸੀ। ਜਦੋਂ ਪ੍ਰੋਫੈਸ਼ਰ ਸਾਹਿਬ ਨੇ ਦੇਖਿਆ ਚਾਹ ਤਾਂ ਹੈ ਹੀ ਨਹੀਂ ਤੇ ਉਹੋ ਸਾਡੇ ਨਾਲ ਗੁੱਸੇ ਹੋਣ ਲੱਗੇ ਤੇ ਕਿਹਾ ‘‘ਮੁੰਡਿਓ ਇਹ ਕੀ ਹੈ…? ਨਾਟਕ ਸ਼ੁਰੂ ਹੋਣ ਵਾਲਾ ਹੈ ਤੇ ਚਾਹ ਕਿੱਥੇ ਆ..? ਯੰਗ ਜੈਨਰੇਸ਼ਨ ਦੀ ਇਹੋ ਪ੍ਰੋਬਲਮ ਆ…………ਕੋਈ ਕੰਮ……..’’। ਮੈਂ ਕਿਹਾ ਕਿ ਸਰ ਮੈਂ ਹੁਣੇ ਚਾਹ ਲੈ ਕੇ

ਆਉਂਦਾ ਹਾਂ। ਜਦੋਂ ਮੈਂ ਕੰਟੀਨ ’ਤੇ ਗਿਆ ਤਾਂ ਕੰਟੀਨ ਵਾਲਾ ਕਹਿੰਦਾ ਘੱਟੋ-ਘੱਟ 8-10 ਮਿੰਟ ਲੱਗਣਗੇ। ਉਸ ਸਮੇਂ ਕਿਹੜਾ ਗੈਸ ਚੁੱਲ੍ਹੇ ਹੋਇਆ ਕਰਦੇ ਸਨ। ਸਟੋਵ ’ਤੇ ਚਾਹ ਬਣਦੀ ਸੀ ਤੇ ਸਟੋਵ ਨੂੰ ਸ਼ੁਰੂ ਕਰਨ ਲਈ ਢਾਈ-ਤਿੰਨ ਮਿੰਟ ਚਾਹੀਦੇ ਸਨ। ਚਲੋ ਮੁੱਕਦੀ ਗੱਲ ਕਿ ਚਾਹ ਨਾ ਮਿਲਾ ਤੇ ਕੰਟੀਨ ਵਾਲਾ ਕਹਿੰਦਾ,‘‘ਓ ਤੁਸੀਂ ਤਾਂ ਨਾਟਕ ਹੀ ਕਰਨਾ ਆਹ ਜੇ ਏਨੇ ਸਾਰੇ ਜੂਠੇ ਕੱਪਾਂ ਵਿੱਚ ਹੇਠਾਂ ਬਚੀ ਚਾਹ ਪਈ ਆ ਮੈਂ ਇਹ ਹੀ ਇਕੱਠੀ ਕਰ ਦਿੰਦਾ ਹਾਂ….’’। ਮੈਂ ਸੋਚਿਆ ਸਰ ਦੀਆਂ ਝਿੜਕਾਂ ਤੋਂ ਤਾਂ ਬਚਾਂ ਗੇ ਇਹੀ ਚਾਹ ਲੈ ਜਾਨਾਂ। ਅਸੀਂ ਘੁੱਟ ਨਾ ਭਰਾਂਗੇ। ਮੈਂ ਚਾਹ ਲੈ ਕੇ ਸਟੇਜ਼ ਕੋਲ ਆਇਆ ਤਾਂ ਉਸ ਸਮੇਂ ਚਾਹ ਲਿਜਾਣ ਦਾ ਮੇਰਾ ਸੀਨ ਸ਼ੁਰੂ ਹੋ ਗਿਆ ਤੇ ਜੂਠੀ ਚਾਹ ਵਾਲੀ ਗੱਲਾ ਕਰਨ ਦਾ ਸਮਾਂ ਹੀ ਨਾ ਮਿਲਿਆ। ਸੀਨ ਮੁਤਾਬਕ ਮੈਂ ਸਟੇਜ ’ਤੇ ਜਾ ਕੇ ਚਾਹ ਦੀ ਘੁੱਟ ਭਰਨੀ ਹੁੰਦੀ ਹੈ। ਪਰ ਮੈਨੂੰ ਹੀ ਪਤਾ ਸੀ ਕਿ ਇਹ ਚਾਹ ਤਾਂ ਅਣਗਿਣਤ ਜਣਿਆਂ ਦੀ ਝੂਠੀ ਹੈ, ਸੋ ਮੇਰੀ ਪੂਰੀ ਕੋਸ਼ਿਸ਼ ਸੀ ਕਿ ਮੈਂ ਜੂਠੀ ਚਾਹ ਨੂੰ ਮੂੰਹ ਹੀ ਨਾ ਲਾਵਾਂ। ਜਿਉਂ ਹੀ ਚਾਹ ਜੂਠੀ ਕਰਨ ਦੀ ਐਕਟਿੰਗ ਕਰਨ ਲਈ ਗਲਾਸ ਮੂੰਹ ਨੂੰ ਲਾਇਆ ਤਾਂ ਮਿਊਜ਼ਕ ਵਾਲੇ ਨੇ ਘੁੱਟ ਭਰਨ ਦਾ ਮਿਊਜ਼ਕ ਵਜਾ ਦਿੱਤਾ ਅਤੇ ਮੈਂ ਮਿਊਜ਼ਕ ਵੱਲ ਇਹਨਾਂ ਆਕਰਸ਼ਿਤ ਹੋਇਆ ਕਿ ਵੱਡੀ ਸਾਰੀ ਘੁੱਟ ਮੇਰੇ ਮੂੰਹ ਵਿੱਚ ਆ ਗਈ। ਸਟੇਜ਼ ’ਤੇ ਇਨ੍ਹੇ ਸਾਰੇ ਦਰਸ਼ਕਾਂ ਦੇ ਸਾਹਮਣੇ ਨਾ ਤਾਂ ਘੁੱਟ ਅੰਦਰ ਲਗਾਉਂਣ ਜੋਗਾ ਤੇ ਨਾ ਹੀ ਬਾਹਰ ਕੱਢਣ ਜੋਗਾ। ਮੇਰੀ ਹਾਲਤ ਉਹ ਹੋ ਗਈ ਸੀ ਕਿ ਕਹਿੰਦੇ ਐ ਸੱਪ ਦੇ ਮੂੰਹ ਕਿਰਲੀ, ਖਾਵੇ ਤਾਂ ਕੋਹੜੀ, ਛੱਡੇ ਤਾਂ ਕ¦ਕੀ।
-ਪਾਰਸ ਬਾਂਸਲ,
ਪਿੰਡ ਦਿਓਣ ਖੇੜਾ,
ਮੋ: 94174-47941

Send this to a friend