ਸ੍ਰੀ ਆਨੰਦਪੁਰ ਸਾਹਿਬ, 4 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦਰਮਿਆਨ ਸੀਟਾਂ ਦੀ ਵੰਡ ਨੂੰ ਲੈ ਕੇ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੋਟਾ ਦੱਸਣ ਬਾਰੇ ਦਿੱਤਾ ਗਏ ਬਿਆਨ ਦੇ ਪਾਰਟੀ ਪੱਧਰ ਤੇ ਨਾ ਹੀ ਕੋਈ ਮਾਅਨੇ ਹਨ ਤੇ ਨਾ ਕੋਈ ਅਹਿਮੀਅਤ ਹੈ। ਕਿਉਂਕਿ ਇਹ ਬਿਆਨ ਮਦਨ ਮੋਹਨ ਮਿੱਤਲ ਦੀ ਨਿੱਜੀ ਰਾਏ ਹੋ ਸਕਦੀ ਹੈ ਪਰ ਸਾਡਾ ਦੋਵਾਂ ਪਾਰਟੀਆਂ ਦਾ ਰਿਸ਼ਤਾ ਚੱਟਾਨ ਦੀ ਤਰ੍ਹਾਂ ਹੈ ਤੇ ਸੀਟਾਂ ਦੀ ਵੰਡ ਦਾ ਨਾ ਹੀ ਕੋਈ ਸਮਾਂ ਹੈ ਤੇ ਨਾ ਹੀ ਇਹ ਫੈਸਲਾ ਮੇਰੇ ਜਾਂ ਮਿੱਤਲ ਦੇ ਵੱਸ ਦੀ ਗੱਲ ਹੈ।7 ਅਕਤੂਬਰ ਨੂੰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਦੇ ਸ੍ਰੀ ਆਨੰਦਪੁਰ ਸਾਹਿਬ ਦੇ ਦੌਰੇ ਨੂੰ ਲੈ ਕੇ ਜ਼ਿਲ੍ਹਾ ਭਾਜਪਾ ਦੀ ਬੈਠਕ ਕਰਨ ਦੇ ਲਈ ਪਹੁੰਚ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਤੇ ਦੁਆਬਾ ਜ਼ੋਨ ਦੇ ਇੰਚਾਰਜ ਦਿਆਲ ਸਿੰਘ ਸੋਢੀ ਨੇ ਦੱਸਿਆ ਕਿ ਨੱਡਾ ਜੋ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਲਗਦੇ ਪਿੰਡ ਨੰਗਲੀ ਦੇ ਨਾਲ ਸਬੰਧਿਤ ਹਨ, ਦੇ ਮਨ ਦੀ ਇੱਛਾ ਹੈ ਕਿ ਉਹ ਪ੍ਰਧਾਨ ਬਣਨ ਉਪਰੰਤ ਆਪਣੇ ਪਲੇਠੇ ਦੌਰੇ ਦੀ ਸ਼ੁਰੂਆਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਕਰਨ ਤੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਨਵੀਂ ਪਾਰੀ ‘ਚ ਸਫਲਤਾ ਹਾਸਲ ਕਰਨ ਲਈ ਕੰਮ ਕਰਨ। ਚਾਹੇ ਉਹ ਮਦਨ ਮੋਹਨ ਮਿੱਤਲ ਦਾ ਬਿਆਨ ਹੋਵੇ ਜਾਂ ਫਿਰ ਕਿਸੇ ਹੋਰ ਆਗੂ ਵੱਲੋਂ ਦਿੱਤਾ ਜਾਣ ਵਾਲੇ ਬਿਆਨ ਨਾਲ ਗਠਜੋੜ ਦੇ ਰਿਸ਼ਤਿਆਂ ਦਰਮਿਆਨ ਆਉਂਦੀਆਂ ਤਰੇੜਾ ਬਾਰੇ ਪੁੱਛਣ ‘ਤੇ ਸੋਢੀ ਨੇ ਕਿਹਾ ਕਿ ਅੱਜ 5 ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਦੀ ਅਹਿਮ ਬੈਠਕ ਜਲੰਧਰ ਵਿਖੇ ਹੋਣ ਜਾ ਰਹੀ ਹੈ। ਜਿੱਥੇ ਦੋਵਾਂ ਪਾਰਟੀਆਂ ਦੇ ਬੜਬੋਲੇ ਤੇ ਪਾਰਟੀ ਦੀ ਵਿਚਾਰਧਾਰਾ ਤੋਂ ਉਲਟ ਜਾ ਕੇ ਬਿਆਨ ਦੇਣ ਵਾਲੇ ਆਗੂਆਂ ਨੂੰ ਵਰਜਣ ਦੇ ਲਈ ਵਿਸ਼ੇਸ਼ ਰਣਨੀਤੀ ਬਣਾਈ ਜਾਵੇਗੀ।ਜੇਕਰ ਫਿਰ ਵੀ ਕੋਈ ਆਗੂ ਗ਼ਲਤੀ ਕਰਦਾ ਹੈ ਤਾਂ ਪਾਰਟੀ ਵੱਲੋਂ ਅਨੁਸਾਸ਼ਨ ਕਾਇਮ ਰੱਖਣ ਦੇ ਲਈ ਫੈਸਲਾ ਲਿਆ ਜਾ ਸਕਦਾ ਹੈ। ਇਸ ਮੌਕੇ ਦਿਆਲ ਸਿੰਘ ਸੋਢੀ, ਜ਼ਿਲ੍ਹਾ ਭਾਜਪਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਹਲਕਾ ਇੰਚਾਰਜ ਡਾ. ਪਰਮਿੰਦਰ ਸ਼ਰਮਾ, ਮੁਕੇਸ਼ ਨੱਡਾ, ਸੰਜੈ ਆਦਿ ਨੇ ਦੱਸਿਆ ਕਿ ਸਾਡਾ ਮੁਕਾਬਲਾ ਤਾਂ ਕਾਂਗਰਸ ਪਾਰਟੀ ਦੇ ਨਾਲ ਹੈ ਤੇ ਚਾਰੇ ਜ਼ਿਮਨੀ ਚੋਣਾਂ ਨੂੰ ਭਾਰੀ ਬੁਹਮਤ ਨਾਲ ਗਠਜੋੜ ਦੇ ਉਮੀਦਵਾਰ ਜਿੱਤਣਗੇ।



