ਸਮਕਾਲੀ ਦ੍ਰਿਸ਼ਟੀਕੋਣ
ਹਰ ਸਿਆਸੀ ਪਾਰਟੀ ’ਚ ਸਮੇਂ-ਸਮੇਂ ਵਿਚਾਰ-ਵਟਾਂਦਰਾ ਹੁੰਦਾ ਹੈ। ਹਾਲਾਤ ਅਨੁਸਾਰ ਨਵੀਆਂ ਨੀਤੀਆਂ ਘੜੀਆਂ ਜਾਂਦੀਆਂ ਹਨ। ਨਵੇਂ ਫ਼ੈਸਲੇ ਲਏ ਜਾਂਦੇ ਹਨ। ਉਨ੍ਹਾਂ ਨੂੰ ਆਧਾਰ ਬਣਾ ਕੇ ਸਰਗਰਮੀ ਨੂੰ ਅੱਗੇ ਤੋਰਿਆ ਜਾਂਦਾ ਹੈ ਪਰ ਇਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਪਾਰਟੀ ਦੇ ਚਲਦੇ ਆਮ ਪ੍ਰਵਾਹ ਨੂੰ ਰੋਕਣਾ ਪੈਂਦਾ ਹੈ। ਆਪਣੇ ਅੰਦਰ ਡੂੰਘੀ ਝਾਤੀ ਮਾਰਨੀ ਪੈਂਦੀ ਹੈ ਅਤੇ ਨਵੇਂ ਰਾਹ ਦੀ ਤਲਾਸ਼ ਕਰਨੀ ਪੈਂਦੀ ਹੈ। ਕਿਉਂਕਿ ਪੁਰਾਣੇ ਅਪਣਾਏ ਰਸਤਿਆਂ ’ਤੇ ਖ਼ਤਰਿਆਂ ਦੀਆਂ ਘੰਟੀਆਂ ਵੱਜਦੀਆਂ ਸੁਣਾਈ ਦੇਣ ਲਗਦੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਬ) ਅੱਜ ਉਸ ਮੁਕਾਮ ’ਤੇ ਪੁੱਜ ਗਿਆ ਜਾਪਦਾ ਹੈ, ਜਿਥੇ ਉਸ ਨੂੰ ਪੂਰੀ ਤਰ੍ਹਾਂ ‘ਓਵਰ ਹਾਲਿੰਗ’ ਦੀ ਜ਼ਰੂਰਤ ਜਾਪਣ ਲੱਗੀ ਹੈ।ਪਿਛਲੇ ਸੱਤ ਸਾਲ ਤੋਂ ਪਾਰਟੀ ਰਾਜ ਸੱਤਾ ’ਚ ਹੈ। ਪੰਜਾਬ ਦੇ ਬਹੁਤੇ ਲੋਕ ਨਾਰਾਜ਼ ਅਤੇ ਨਿਰਾਸ਼ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਇਹ ਗੱਲ ਕਿਸੇ ਸੋਚ ’ਤੇ ਆਧਾਰਿਤ ਨਹੀਂ ਹੈ, ਸਗੋਂ ਅਸਲੀਅਤ ’ਤੇ ਆਧਾਰਿਤ ਸਾਹਮਣੇ ਪੇਸ਼ ਅੰਕੜਿਆਂ ’ਤੇ ਕਹੀ ਜਾ ਸਕਦੀ ਹੈ। ਹੁਣ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਚਾਹੇ ਕਈ ਵੱਡੇ ਅਕਾਲੀ ਆਗੂ ਇਹ ਆਖਣ ਲੱਗ ਪਏ ਹਨ ਕਿ ਉਨ੍ਹਾਂ ਦੀਆਂ ਪਹਿਲਾਂ ਦੀਆਂ ਤਰ੍ਹਾਂ 4 ਸੀਟਾਂ ਬਰਕਰਾਰ ਰਹੀਆਂ ਹਨ ਪਰ ਅੰਕੜੇ ਬੋਲਦੇ ਹਨ ਕਿ ਉਨ੍ਹਾਂ ਦੇ ਵੋਟ ਬੈਂਕ ਨੂੰ ਵੱਡਾ ਖੋਰਾ ਲੱਗਾ ਹੈ। ਇਕ ਨਵੀਂ ਉੱਠੀ ਪਾਰਟੀ ਜਿਸ ਦਾ ਪੰਜਾਬ ’ਚ ਕੋਈ ਆਧਾਰ ਨਹੀਂ ਸੀ, ਜਿਸ ਦੀ ਸੂਬੇ ’ਚ ਕੋਈ ਸਪੱਸ਼ਟ ਬਣਤਰ ਵੀ ਨਹੀਂ ਸੀ, ਜਿਸ ਦਾ ਇਥੇ ਪਿਛਲੇ ਸਮੇਂ ’ਚ ਕੋਈ ਵੀ ਨਾਂਅ ਲੈਣ ਯੋਗ ਆਗੂ ਦਿਖਾਈ ਨਹੀਂ ਸੀ ਦਿੰਦਾ, ਜੇਕਰ ਉਸ ਪਾਰਟੀ ਨੂੰ ਆਪ ਮੁਹਾਰੇ ਭਰਪੂਰ ਵੋਟਾਂ ਪੈ ਰਹੀਆਂ ਹਨ, ਜੇਕਰ ਅੰਕੜਿਆਂ ਦੇ ਹਿਸਾਬ ਨਾਲ ਉਹ ਪੁਰਾਣੀ ਟਕਸਾਲੀ ਪਾਰਟੀ ਦੇ ਬਰਾਬਰ ਆਉਂਦੀ ਦਿਖਾਈ ਦੇ ਰਹੀ ਹੈ, ਤਾਂ ਇਸ ਤੋਂ ਕੀ ਸਿੱਟਾ ਕੱਢਿਆ ਜਾ ਸਕਦਾ ਹੈ? ਅਰੁਣ ਜੇਤਲੀ ਕੌਮੀ ਪਾਰਟੀ ਭਾਜਪਾ ਦੇ ਪ੍ਰਮੁੱਖ ਨੇਤਾ ਹਨ। ਵੱਡੇ ਅਕਾਲੀ ਆਗੂ ਉਨ੍ਹਾਂ ਨੂੰ ਸੱਦਾ ਦੇ ਕੇ ਅੰਮ੍ਰਿਤਸਰ ਲਿਆਏ ਸਨ ਪਰ ਨਰਿੰਦਰ ਮੋਦੀ ਦਾ ਜਾਦੂ ਦੇਸ਼ ਭਰ ‘ਚ ਤਾਂ ਚੱਲਿਆ, ਕਾਂਗਰਸ ਵਰਗੀ ਪਾਰਟੀ ਨੂੰ ਇਸ ਨਾਂਅ ਨੇ ਰੋਲ ਕੇ ਰੱਖ ਦਿੱਤਾ ਪਰ ਉਨ੍ਹਾਂ ਦੇ ਆਪਣੇ ਜੋਟੀਦਾਰ ਜੇਤਲੀ ਨੂੰ ਚੋਣਾਂ ’ਚ ਵੱਡੀ ਮਾਯੂਸੀ ਦਾ ਮੂੰਹ ਦੇਖਣਾ ਪਿਆ। ਦੇਸ਼ ਭਰ ’ਚ ਮੋਦੀ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ ਪਰ ਪੰਜਾਬ ’ਚ ਇਹ ਲੋਕਾਂ ਦੇ ਸਿਰਾਂ ਉੱਪਰੋਂ ਹੀ
ਗੁਜ਼ਰ ਗਿਆ। ਜੇਤਲੀ ਦੀ ਹਾਰ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਨਹੀਂ ਹੈ। ਇਹ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋਣ ਦੀ ਕਹਾਣੀ ਪੇਸ਼ ਕਰਦੀ ਹੈ। ਪੰਜਾਬ ਦੇ ਸਾਰੇ ਹੀ ਵੱਡੇ ਸ਼ਹਿਰਾਂ ’ਚੋਂ ਅਕਾਲੀ ਦਲ ਨੂੰ ਵੱਡੀ ਨਮੋਸ਼ੀ ’ਚੋਂ ਗੁਜ਼ਰਨਾ ਪਿਆ ਹੈ।
ਮਾਲਵੇ ਦੇ ਪੇਂਡੂ ਖੇਤਰਾਂ ’ਚ ਲੋਕ ਆਪ ਮੁਹਾਰੇ ਹੋ ਕੇ ਸਰਕਾਰ ਦੇ ਖਿਲਾਫ਼ ਵੋਟ ਪਾਉਣ ਤੁਰੇ ਹਨ। ਹਰਸਿਮਰਤ ਵਰਗੀ ਆਗੂ ਜਿਸ ਨੇ ਸਾਲਾਂਬੱਧੀ ਕੰਮ ਕਰਕੇ ਬਠਿੰਡਾ ਇਲਾਕੇ ਦੀ ਸ਼ਕਲ ਸੂਰਤ ਬਦਲ ਦਿੱਤੀ ਹੋਵੇ, ਜਿਸ ਦੇ ਲੱਖਾਂ ਵੋਟਾਂ ਨਾਲ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਹੋਣ, ਉਸ ਨੂੰ ਮਹਿਜ਼ 20 ਕੁ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤ ਕੇ ਸਬਰ ਦਾ ਘੁੱਟ ਪੀਣਾ ਪਿਆ ਅਤੇ ਨਵੀਂ ਉੱਠੀ ਪਾਰਟੀ ‘ਆਪ’ ਦੇ ਉਮੀਦਵਾਰਾਂ ਨੇ ਲੱਖਾਂ ਵੋਟਾਂ ਦੇ ਫ਼ਰਕ ਨਾਲ ਜਿੱਤ ਕੇ ਝੰਡੇ ਗੱਡ ਦਿੱਤੇ। ਬਿਲਕੁਲ ਨਵੇਂ ਅਤੇ ਕੋਰੇ ਉਮੀਦਵਾਰਾਂ ਨੇ ਵੱਡੀਆਂ ਪਾਰਟੀਆਂ ਦੇ ਥੰਮ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਪਿਛਲੇ ਕਈ ਸਾਲਾਂ ਤੋਂ ਸਰਕਾਰ ਨੂੰ ਲਗਦਾ ਅਜਿਹਾ ਖੋਰਾ ਨਜ਼ਰ ਆ ਰਿਹਾ ਸੀ ਪਰ ਆਗੂਆਂ ਨੂੰ ਅਜਿਹਾ ਕੁਝ ਦਿਖਾਈ ਨਹੀਂ ਸੀ ਦੇ ਰਿਹਾ। ਲੋਕ ਤਰ੍ਹਾਂ-ਤਰ੍ਹਾਂ ਦੇ ਪੈਦਾ ਹੋਏ ਮਸਲਿਆਂ ਤੋਂ ਹੈਰਾਨ ਤੇ ਪ੍ਰੇਸ਼ਾਨ ਸਨ। ਉਹ ਦੁਹਾਈਆਂ ਦੇਣ ਲੱਗੇ ਸਨ ਪਰ ਸਬੰਧਤ ਆਗੂਆਂ ਨੂੰ ਅਜਿਹਾ ਕੁਝ ਸੁਣਾਈ ਨਹੀਂ ਦਿੱਤਾ।
ਸਰਕਾਰ ਦੀਆਂ ਇਕਪਾਸੜ ਨੀਤੀਆਂ ਨੇ ਸੂਬੇ ਦੀ ਆਰਥਿਕਤਾ ਨੂੰ ਡਾਵਾਂਡੋਲ ਕਰਕੇ ਰੱਖ ਦਿੱਤਾ ਹੈ। ਤਰ੍ਹਾਂ-ਤਰ੍ਹਾਂ ਦੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਨੌਜਵਾਨੀ ਨਸ਼ਿਆਂ ’ਚ ਗਰਕ ਹੋ ਰਹੀ ਹੈ ਪਰ ਇਸ ਸਭ ਕੁਝ ਨਾਲ ਨਿਪਟਣ ਲਈ ਕੋਈ ਯੋਜਨਾਬੰਦੀ ਨਹੀਂ ਹੈ। ਕਿਸੇ ਤਰ੍ਹਾਂ ਦੇ ਅਜਿਹੇ ਪ੍ਰਭਾਵਸ਼ਾਲੀ ਕਦਮ ਨਹੀਂ ਉਠਾਏ ਜਾ ਰਹੇ, ਜਿਨ੍ਹਾਂ ਦੀ ਅੱਜ ਸਖ਼ਤ ਜ਼ਰੂਰਤ ਭਾਸਦੀ ਹੈ। ਚੰਨ ’ਤੇ ਪਹੁੰਚਣ ਦੇ ਅਤੇ ਹਵਾ ’ਚ ਉੱਡਣ ਦੇ ਵੱਡੇ ਤੋਂ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਰਕਾਰ ਦੇ ਕਦਮ ਧਰਤੀ ਤੋਂ ਉੱਖੜਦੇ ਦਿਖਾਈ ਦੇ ਰਹੇ ਹਨ। ਖ਼ਤਰੇ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਹਨ। ਜੇਕਰ ਹੁਣ ਵੀ ਇਹ ਸੁਣਾਈ ਨਾ ਦਿੱਤੀਆਂ ਤਾਂ ਸੂਬੇ ਦੀ ਸਥਿਤੀ ਹੋਰ ਵੀ ਡਾਵਾਂਡੋਲ ਹੋ ਜਾਏਗੀ, ਜਿਸ ਲਈ ਉਹ ਆਗੂ ਜ਼ਿੰਮੇਵਾਰ ਹੋਣਗੇ, ਜਿਨ੍ਹਾਂ ਨੂੰ ਸੂਬੇ ਦੇ ਹਿਤਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਨ੍ਹਾਂ ਦੇ ਹੱਥ ਕੁੰਜੀਆਂ ਫੜਾਈਆਂ ਗਈਆਂ ਸਨ। ਕਿਤੇ ਚਲਦੀਆਂ, ਕਿਤੇ ਵਗਣ ਲੱਗੀਆਂ ਸਖ਼ਤ ਤੇਜ਼ ਹਵਾਵਾਂ ’ਚ ਇਹ ਕੁੰਜੀਆਂ ਗੁਆਚ ਹੀ ਨਾ ਜਾਣ।
ਡਾ. ਬਰਜਿੰਦਰ ਸਿੰਘ ਹਮਦਰਦ
ਮੁੱਖ ਸੰਪਾਦਕ
ਅਜੀਤ ਗਰੁੱਪ ਜਲੰਧਰ