June 18, 2026 6:30 pm

ਗੁਰੂ ਨਾਨਕ ਨੇ ਸਮੁੱਚੀ ਲੋਕਾਈ ਨੂੰ ਧਰਮ ਦਾ ਅਸਲ ਰਸਤਾ ਦਿਖਾ ਕੇ ਗਿਆਨ ਦਾ ਚਾਨਣ ਫੈਲਾਇਆ : ਪਰਨੀਤ ਕੌਰ

ਪਟਿਆਲਾ, 26 ਸਤੰਬਰ (ਸਿਕੰਦਰ ਸਿੰਘ)- ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਲੀਕੇ ਗਏ ਪ੍ਰੋਗਰਾਮਾਂ ਤਹਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼ ਵੱਲੋਂ ‘ਗੁਰੂ ਨਾਨਕ ਦੇਵ ਜੀ ਅਤੇ ਮੁਸਲਮਾਨ ਅੰਤਰ ਧਾਰਮਿਕ ਸੰਵਾਦ’ ਵਿਸ਼ੇ ‘ਤੇ ਕਰਵਾਈ ਗਈ ਦੋ ਰੋਜਾ ਇੰਟਰਨੈਸ਼ਨਲ ਸੂਫ਼ੀ ਕਾਨਫ਼ਰੰਸ ਗੁਰੂ ਨਾਨਕ ਦੇ ਫਲਸਫ਼ੇ ਮੁਤਾਬਕ ਆਪਸੀ ਪਿਆਰ-ਮੁਹੱਬਤ, ਵਿਚਾਰ-ਵਟਾਂਦਰਾ ਅਤੇ ਸਮਾਜਿਕ ਕਲਿਆਣ ਦਾ ਸੁਨੇਹਾ ਦੇ ਕੇ ਸਮਾਪਤ ਹੋ ਗਈ।ਕਾਨਫਰੰਸ ਦੇ ਸਮਾਪਤੀ ਸਮਾਰੋਹ ਮੌਕੇ ਪੁੱਜੀ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਸਰਬ ਸਾਂਝੇ ਰਹਿਬਰ ਹੋਏ ਹਨ ਅਤੇ ਉਨ੍ਹਾਂ ਨੇ ਆਪਣੀਆਂ ਸਿੱਖਿਆਵਾਂ ਨਾਲ ਸਮੁੱਚੀ ਲੋਕਾਈ ਨੂੰ ਧਰਮ ਦੇ ਅਸਲ ਤੇ ਸੱਚਾ ਰਸਤਾ ਦਿਖਾਕੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਚਾਨਣ ਫੈਲਾਇਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਨੇ ਜਿੱਥੇ ਇੱਕ ਰੱਬ, ਮਾਨਵੀ ਭਾਈਚਾਰਾ, ਸਚਾਈ ਤੇ ਇਮਾਨਦਾਰੀ ਨਾਲ ਜੀਵਨ ਜਿਉਣ ਅਤੇ ਗ੍ਰਹਿਸਥ ਜੀਵਨ ਨੂੰ ਉਤਮ ਦੱਸਿਆ ਉਥੇ ਹੀ ਅੰਧਵਿਸ਼ਵਾਸ਼, ਫੋਕੇ ਰੀਤੀ ਰਿਵਾਜਾਂ, ਪਾਖੰਡ ਤੇ ਜਾਤੀ ਅਭਿਮਾਨ ਨੂੰ ਵੀ ਤਿਆਗਣ ਦਾ ਸੰਦੇਸ਼ ਦਿਤਾ ਹੈ। ਸ੍ਰੀਮਤੀ ਪਰਨੀਤ ਕੌਰ ਨੇ ਭਾਈ ਗੁਰਦਾਸ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਉਚਾਰਨ ਕੀਤੀਆਂ ਵਾਰਾਂ ਦਾ ਜ਼ਿਕਰ ਕਿਹਾ ਗੁਰੂ ਸਾਹਿਬ ਨੇ ਦੇਸ਼ਾਂ-ਦੇਸ਼ਾਂਤਰਾਂ ਦੀ ਯਾਤਰਾ ਕਰਕੇ ਵੱਖ-ਵੱਖ ਧਰਮਾਂ, ਜਾਤਾਂ ਤੇ ਭਾਸ਼ਾਵਾਂ ਦੇ ਲੋਕਾਂ ਨਾਲ ਸੰਵਾਦ ਰਚਾ ਕੇ ਮਾਨਵਤਾ ਦੀ ਭਲਾਈ ਅਤੇ ਸਾਰਿਆਂ ਦੇ ਇੱਕੋ ਰੱਬ ਦੀ ਔਲਾਦ ਹੋਣ ਦਾ ਇੱਕ ਲਾਮਿਸਾਲ ਸੰਦੇਸ਼ ਦਿੱਤਾ। ਇਸ ਮੌਕੇ ਸੈਂਟਰਲ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਦੇ ਕੁਲਪਤੀ ਪ੍ਰੋ. ਐਚ. ਐਸ. ਬੇਦੀ ਨੇ ਐਲਾਨ ਕੀਤਾ ਕਿ ਹਿਮਾਚਲ ਪ੍ਰਦੇਸ਼ ਦੀ ਕੇਂਦਰੀ ਯੂਨੀਵਰਸਿਟੀ ‘ਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ‘ਚ ਗੁਰੂ ਨਾਨਕ ਚੇਅਰ ਸਥਾਪਤ ਕੀਤੀ ਜਾਵੇਗੀ ਅਤੇ ਐਮ.ਏ. ਪੰਜਾਬੀ ਸ਼ੁਰੂ ਕੀਤੀ ਜਾਵੇਗੀ। ਸੂਫ਼ੀ ਸੈਂਟਰ ਦੇ ਫਾਉਂਡਰ ਡਾਇਰੈਕਟਰ ਡਾ. ਨਾਸ਼ਿਰ ਨਕਵੀ ਨੇ ਕਿਹਾ ਕਿ ਬਾਬਾ ਫ਼ਰੀਦ ਇਕੱਲੇ ਸੂਫ਼ੀ ਹੀ ਨਹੀਂ ਸਨ ਬਲਕਿ ਪਹਿਲੇ ਪੰਜਾਬੀ ਕਵੀ ਵੀ ਸਨ, ਉਨ੍ਹਾਂ ਦੀ ਦੇਣ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਵਾਲੇ ਨਾਲ ਯਾਦ ਕਰਨਾ ਪੰਜਾਬੀ ਯੂਨੀਵਰਸਿਟੀ ਦਾ ਸ਼ਲਾਘਾਯੋਗ ਉਪਰਾਲਾ ਹੈ। ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ ਦੇ ਇੰਚਾਰਜ ਡਾ. ਮੁਹੰਮਦ ਹਬੀਬ ਨੇ ਦੱਸਿਆ ਕਿ ਇਸ ਕਾਨਫਰੰਸ ਨੇ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਫ਼ਰੀਦ ਸਮੇਤ ਸੂਫ਼ੀਆਂ ਦਰਮਿਆਨ ਰਿਸ਼ਤੇ ਨੂੰ ਜਾਨਣ ‘ਚ ਅਹਿਮ ਯੋਗਦਾਨ ਪਾਇਆ ਹੈ। ਇਸ ਦੌਰਾਨ 30 ਪਰਚੇ ਪੜ੍ਹੇ ਗਏ ਅਤੇ ਸੂਫ਼ੀਇਜ਼ਮ-ਸਿੱਖ ਗੁਰੂ ਸਾਹਿਬਾਨ, ਸਿੱਖਇਜ਼ਮ-ਇਸਲਾਮ ਅਤੇ ਪੰਜਾਬੀ-ਪਰਸ਼ੀਅਨ ਦਰਮਿਆਨ ਆਪਸੀ ਗੂੜ੍ਹੇ ਸਬੰਧਾਂ ‘ਤੇ ਖੁਲ੍ਹਕੇ ਵਿਚਾਰ ਚਰਚਾ ਕੀਤੀ ਗਈ ਹੈ।ਸਮਾਪਤੀ ਸਮਾਰੋਹ ਮੌਕੇ ਖੋਜ਼ੀ ਕਾਫ਼ਰ, ਚੇਅਰਮੈਨ ਤੇ ਡੀਨ ਅਕਾਦਮਿਕ ਮਾਮਲੇ ਡਾ. ਜੀ. ਐਸ. ਬੱਤਰਾ, ਸਾਬਕਾ ਡੀਨ ਰਿਸਰਚ ਡਾ. ਜਸਪਾਲ ਕੌਰ ਧੰਜੂ, ਡਾ. ਧਨਵੰਤ ਕੌਰ, ਡਾ. ਗੁਰਮੀਤ ਸਿੰਘ ਸਿੱਧੂ, ਦੇਸ਼ ਵਿਦੇਸ਼ ਤੋਂ ਪੁੱਜੇ ਵਿਦਵਾਨਾਂ ਸਮੇਤ ਵੱਡੀ ਗਿਣਤੀ ਵਿਦਿਆਰਥੀ, ਅਧਿਆਪਕ ਤੇ ਹੋਰ ਪਤਵੰਤੇ ਮੌਜੂਦ ਸਨ।

Send this to a friend