June 11, 2026 1:32 pm

ਖੰਨਾ ਪੁਲਿਸ ਨੇ ਸੁਲਝਾਇਆ ਅੰਨ੍ਹੇ ਕਤਲ ਦਾ ਮਾਮਲਾ

ਪਤੀ ਹੀ ਨਿਕਲਿਆ ਰਾਧਿਕਾ ਗਾਬਾ ਦਾ ਕਾਤਲ

ਖੰਨਾ, 24 ਸਤੰਬਰ (ਬਲਜਿੰਦਰ ਪਨਾਗ, ਹਰਪਾਲ ਸਲਾਣਾ) : ਖੰਨਾ ਪੁਲਸ ਨੇ ਕਰੀਬ ਡੇਢ ਮਹੀਨੇ ਖੰਨਾ ਤੋਂ ਥੋੜ੍ਹੀ ਦੂਰ ਬਲਦੇਵ ਢਾਬੇ ਤੋਂ ਥੋੜਾ ਅੱਗੇ ਵਾਪਰੀ ਕਥਿਤ ਲੁੱਟ ਖੋਹ ਦੀ ਘਟਨਾ, ਜਿਸ ਵਿਚ ਇਕ ਔਰਤ ਗੋਲੀ ਲੱਗਣ ਤੋਂ ਬਾਅਦ ਜਖਮਾਂ ਦਾ ਤਾਬ ਨਾ ਸਹਿੰਦੀ ਹੋਈ ਅਪੋਲੋ ਹਸਪਤਾਲ ‘ਚ ਦਮ ਤੋੜ ਗਈ ਸੀ, ਨੂੰ ਸੁਲਝਾਉਂਦੇ ਹੋਏ ਮ੍ਰਿਤਕਾ ਦੇ ਪਤੀ ਰਾਕੇਸ਼ ਕੁਮਾਰ ਗਾਬਾ ਨੂੰ ਆਪਣੀ ਪਤਨੀ ਦੇ ਕਤਲ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ। ਅੱਜ ਪੁਲਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਦੱਸਿਆ ਕਿ 29 ਜੁਲਾਈ ਦੀ ਰਾਤ ਨੂੰ ਰਾਕੇਸ਼ ਕੁਮਾਰ ਗਾਬਾ ਪੁੱਤਰ ਮਦਨ ਲਾਲ ਗਾਬਾ ਵਾਸੀ ਮਕਾਨ ਨੰਬਰ 78/79 ਗਲੀ ਨੰਬਰ 01 ਨਿਊ ਵਿਜੈ ਨਗਰ ਤਾਜਪੁਰ ਰੋਡ ਲੁਧਿਆਣਾ ਦੇ ਦੱਸਣ ਅਨੁਸਾਰ ਉਹ ਆਪਣੀ ਪਤਨੀ ਰਾਧਿਕਾ ਗਾਬਾ ਨਾਲ ਕਾਰ ਮਾਰਕਾ ਡਸਟਰ ਨੰਬਰ ਪੀਬੀ-10-ਈਟੀ-0975 ‘ਤੇ ਸਵਾਰ ਹੋ ਕੇ ਚੰਡੀਗੜ੍ਹ ਤੋਂ ਵਾਇਆ ਸਰਹਿੰਦ, ਖੰਨਾ ਹੁੰਦੇ ਲੁਧਿਆਣਾ ਨੂੰ ਜਾ ਰਹੇ ਸਨ ਕਿ ਨੇੜੇ ਬਲਦੇਵ ਢਾਬਾ ਜੀ. ਟੀ. ਰੋਡ ਖੰਨਾ ਕੋਲ ਆਪਣੀ ਉਕਤ ਕਾਰ ਪਿਸ਼ਾਬ ਕਰਨ ਲਈ ਰੋਕੀ ਤਾਂ ਨਾ-ਮਾਲੂਮ ਮੋਟਰ ਸਾਇਕਲ ਸਵਾਰ ਵਿਅਕਤੀਆਂ ਵਲੋਂ ਪਿਸਤੌਲ ਦੀ ਨੋਕ ‘ਤੇ ਉਨ੍ਹਾਂ ਕੋਲੋਂ 28000/- ਰੁਪੈ ਦੀ ਨਗਦੀ, ਸੋਨੇ ਦਾ ਬ੍ਰੈਸਲੇਟ ਅਤੇ ਸੋਨੇ ਦੀ ਚੈਨੀ ਦੀ ਲੁੱਟ ਖੋਹ ਕੀਤੀ ਅਤੇ ਇਸੇ ਦੌਰਾਨ ਉਕਤ ਲੁਟੇਰਿਆਂ ਵਲੋਂ ਰਾਧਿਕਾ ਗਾਬਾ ਪਤਨੀ ਰਾਕੇਸ਼ ਗਾਬਾ ਦੀ ਅੰਗੂਠੀ ਖੋਹਣ ਦੀ ਕੋਸ਼ਿਸ ਕੀਤੀ ਤਾਂ ਰਾਧਿਕਾ ਗਾਬਾ ਦੇ ਵਿਰੋਧ ਕਰਨ ‘ਤੇ ਉਕਤ ਲੁਟੇਰਿਆਂ ਨੇ ਉਸ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਸੀ, ਜਿਸਦੀ ਅਗਲੇ ਦਿਨ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਮੌਤ ਹੋ ਗਈ ਸੀ। ਜਿਸ ਸਬੰਧੀ ਰਾਕੇਸ਼ ਕੁਮਾਰ ਗਾਬਾ ਦੇ ਬਿਆਨ ‘ਤੇ ਥਾਣਾ ਸਦਰ ਖੰਨਾ ਪੁਲਸ ਵੱਲੋਂ 30 ਜੁਲਾਈ ਨੂੰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 397/302/34 ਅਤੇ ਅਸਲਾ ਐਕਟ ਦੀਆਂ 25/54/59 ਧਾਰਾ ਤਹਿਤ ਮਾਮਲਾ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਲਈ ਖੰਨਾ ਪੁਲਸ ਗਠਿਤ ਸਪੈਸ਼ਲ ਟੀਮ, ਜਿਸ ‘ਚ ਐਸ. ਪੀ. (ਆਈ.) ਜਗਵਿੰਦਰ ਸਿੰਘ ਚੀਮਾ, ਡੀ. ਐਸ. ਪੀ. (ਆਈ) ਖੰਨਾ ਤਰਲੋਚਨ ਸਿੰਘ, ਸਬ ਡਵੀਜ਼ਨ ਖੰਨਾ ਡੀ. ਐਸ. ਪੀ. ਰਾਜਨ ਪਰਮਿੰਦਰ ਸਿੰਘ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਅਤੇ ਥਾਣਾ ਸਦਰ ਦੇ ਐਸ. ਐਚ. ਓ. ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਬਰੀਕੀ, ਡੂੰਘਾਈ ਅਤੇ ਤਕੀਨੀਕੀ ਢੰਗ ਨਾਲ ਤਫਤੀਸ਼ ਕਰਦਿਆਂ ਇਹ ਤੱਥ ਸਾਹਮਣੇ ਆਏ ਕਿ ਰਾਕੇਸ਼ ਕੁਮਾਰ ਗਾਬਾ ਵਲੋਂ ਸਾਜਿਸ਼ ਰਚ ਕੇ ਹੀ ਆਪਣੀ ਪਤਨੀ ਰਾਧਿਕਾ ਨੂੰ ਸ਼ਾਪਿੰਗ ਕਰਾਉਣ ਦੇ ਬਹਾਨੇ ਰੋਪੜ ਹੁੰਦਾ ਹੋਇਆ ਚੰਡੀਗੜ੍ਹ ਗਿਆ, ਵਾਪਸੀ ‘ਤੇ ਸਰਹਿੰਦ ਤੋਂ ਲੁਧਿਆਣਾ ਜਾਂਦੇ ਹੋਏ ਖੰਨਾ ਨੇੜੇ ਆਪਣੇ ਹੀ ਪਿਤਾ ਮਦਨ ਲਾਲ ਗਾਬਾ ਦੇ ਲਾਇੰਸੈਂਸੀ ਰਿਵਾਲਵਰ .32 ਬੌਰ ਨਾਲ ਆਪਣੀ ਪਤਨੀ ਰਾਧਿਕਾ ਗਾਬਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਖੁਦ ਨੂੰ ਬਚਾਉਣ ਲਈ ਉਸ ਵਲੋਂ ਲੁੱਟ ਖੋਹ ਦੀ ਸਾਰੀ ਮਨਘੜ੍ਹਤ ਕਹਾਣੀ ਬਣਾ ਕੇ ਨਾਮਲੂਮ ਵਿਅਕਤੀਆਂ ਖਿਲਾਫ ਝੂਠਾ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੇ ਆਪਣੇ ਪਿਤਾ ਮਦਨ ਲਾਲ ਗਾਬਾ ਦੇ ਲਾਇੰਸੈਂਸੀ ਰਿਵਾਲਵਰ .32 ਬੋਰ ਨੂੰ ਚੋਰੀ ਕਰਕੇ 29 ਜੁਲਾਈ ਨੂੰ ਆਪਣੀ ਪਤਨੀ ਰਾਧਿਕਾ ਗਾਬਾ ਦਾ ਖੰਨਾ ਨੇੜੇ ਕਤਲ ਕੀਤਾ ਸੀ ਕਿਉਂਕਿ ਉਸਦੀ ਪਤਨੀ ਰਾਧਿਕਾ ਗਾਬਾ ਨੂੰ ਉਸ ‘ਤੇ ਹੋਰਨਾਂ ਔਰਤਾਂ ਨਾਲ ਨਜਾਇਜ਼ ਸਬੰਧ ਹੋਣ ਬਾਰੇ ਸ਼ੱਕ ਸੀ ਅਤੇ ਉਹ ਅਕਸਰ ਘਰ ਵਿਚ ਉਸ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ। ਖੰਨਾ ਪੁਲਸ ਨੇ ਕਥਿਤ ਦੋਸ਼ੀ ਰਾਕੇਸ਼ ਗਾਬਾ ਤੋਂ ਵਾਰਦਾਤ ਦੌਰਾਨ ਵਰਤਿਆ .32 ਬੋਰ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ ਹੈ।

Send this to a friend