ਰਾਮਪੁਰਾ ਫੂਲ, 20 ਸਤੰਬਰ (ਕੁਲਜੀਤ ਸਿੰਘ ਢੀਂਗਰਾ, ਸੁਖਮੰਦਰ ਸਿੰਘ)- ਸਥਾਨਕ ਦਰਜੀਆਂ ਵਾਲੇ ਚੌਂਕ ਵਿੱਚ ਰਹਿੰਦੇ ਇੱਕ ਨੌਜਵਾਨ ਦੀ ਭੇਦ-ਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਇੱਕ ਦਿਨ ਤੋਂ ਗੁੰਮ ਗੌਰਵ ਗੋਇਲ (28) ਜਦ ਆਪਣੇ ਕੰਮ ਤੋ ਰੋਜਾਨਾ ਦੀ ਤਰਾਂ ਘਰ ਵਾਪਸ ਨਹੀ ਆਇਆ ਤਾਂ ਪਰਿਵਾਰਿਕ ਮੈਂਬਰਾਂ ਨੇ ਇਸ ਸੰਬੰਧੀ ਥਾਣਾ ਸਿਟੀ ਰਾਮਪੁਰਾ ਵਿਖੇ ਇਤਲਾਹ ਦੇ ਦਿੱਤੀ। ਮ੍ਰਿਤਕ ਦੇ ਪਿਤਾ ਭਾਰਤ ਭੂਸ਼ਨ ਵਾਸੀ ਰਾਮਪੁਰਾ ਨੇ ਦੱਸਿਆ ਕਿ ਮੇਰਾ ਲੜਕਾ ਮੈਡੀਕਲ ਸਟੋਰ ਵਾਲਿਆਂ ਦੇ ਲੱਗਾ ਹੋਇਆ ਸੀ ਤੇ ਨਾਲ-ਨਾਲ ਸੇਲਜਮੈਨ ਦੇ ਤੌਰ ਤੇ ਵੀ ਕੰਮ ਕਰਦਾ ਸੀ। ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਕਿ ਫੂਲ ਰੋਡ ਤੋਂ ਪਿੰਡ ਗਿੱਲ ਕਲਾਂ ਨੂੰ ਜਾਂਦੀ ਲਿੰਕ ਸੜਕ ਤੇ ਇੱਕ ਲਾਸ਼ ਪਈ ਹੈ ਤਾਂ ਸਹਾਰਾ ਟੀਮ ਨੇ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ ਨੂੰ ਥਾਣਾ ਫੁਲ ਟਾਊਨ ਦੀ ਪੁਲਸ ਦੀ ਮੌਜੂਦਗੀ ਵਿੱਚ ਸਿਵਲ ਹਸਪਤਾਲ ਰਾਮਪੁਰਾ ਵਿਖੇ ਲਿਆਂਦਾ ਗਿਆ। ਥਾਣਾ ਫੂਲ ਦੇ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਉੱਕਤ ਨੌਜਵਾਨ ਪਿਛਲੇ ਕਈ ਦਿਨਾ ਤੋ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ। ਉਨਾਂ ਅੱਗੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਭਾਰਤ ਭੂਸ਼ਨ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ।