June 17, 2026 7:36 pm

ਗਾਇਕ ਸਿੱਧੂ ਮੂਸੇਵਾਲ ਦੇ ਖ਼ਿਲਾਫ਼ ਹੋਵੇ ਸਖ਼ਤ ਕਾਨੂੰਨੀ ਕਾਰਵਾਈ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ- ਸਿੱਖ ਪੰਥ ਵਿੱਚ ਮਾਈ ਭਾਗੋ ਜੀ ਦਾ ਬਹੁਤ ਹੀ ਮਹੱਤਵਪੂਰਨ ਊਚਾ ਤੇ ਸੁੱਚਾ ਸਥਾਨ ਹੈ। ਮਾਈ ਭਾਗੋ ਜੀ ਨੇ ਸਿੱਖ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਉਨ੍ਹਾਂ ਨੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ। ਆਪਣੇ ਹਰ ਯੁੱਧ ਵਿੱਚ ਇੱਕ ਸੱਚੇ ਸੰਤ ਸਿਪਾਹੀ ਦਾ ਰੋਲ ਅਦਾ ਕੀਤਾ ਹੈ। ਸਿੱਖ ਵੀਰਾਂ ਵਾਂਗੂ ਮਾਈ ਭਾਗੋ ਜੀ ਵੀ ਹਰ ਚਣੋਤੀ ਨੂੰ ਸਵੀਕਾਰ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ ਪਰੰਤੂ ਗਾਇਕ ਸਿੱਧੂ ਮੂਸੇਵਾਲ ਵੱਲੋਂ ਦੁਨੀਆਂ ਵਿੱਚ ਫੋਕੀ ਸ਼ੋਹਰਤ ਹਾਸਲ ਕਰਨ ਲਈ ਆਪਣੇ ਗੀਤ ”ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ” ਵਿੱਚ ਸਿੱਖ ਪੰਥ ਦੀ ਬਹੁਤ ਹੀ ਸਤਿਕਾਰਤ ਸ਼ਖਸ਼ੀਅਤ ਮਾਈ ਭਾਗੋ ਜੀ ਦਾ ਜਿਕਰ ਕਰਕੇ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਜੋ ਨਾ ਬਰਦਾਸ਼ਤ ਕਰਨਯੋਗ ਅਤੇ ਨਾ ਹੀ ਮੁਆਫ ਕਰਨਯੋਗ ਹੈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਵਿੱਚ ਔਰਤ ਜਾਤੀ ਦਾ ਇੱਕ ਵਿਸ਼ੇਸ ਸਥਾਨ ਹੈ। ਸਾਡੇ ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ਵਿੱਚ ਵੀ ਇਸਤਰੀ ਜਾਤੀ ਦਾ ਸਤਿਕਾਰ ਕੀਤਾ ਗਿਆ ਹੈ।ਇਸ ਗਾਇਕ ਵੱਲੋਂ ਇੱਕ ਔਰਤ ਦੀ ਤੁਲਨਾ ਬੰਦੂਕ ਨਾਲ ਕਰਨੀ ਅਤੇ ਸਿੱਖ ਪੰਥ ਦੀ ਸਤਿਕਾਰਤ ਸ਼ਖਸ਼ੀਅਤ ਦਾ ਜਿਕਰ ਕਰਨਾ ਬਹੁਤ ਹੀ ਮੰਦਭਾਗਾ ਹੈ। ਇਸ ਗਾਇਕ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਬਹੁਤ ਸਾਰੇ ਹੋਰ ਗਾਇਕਾਂ ਵੱਲੋਂ ਜੱਟਾਂ ਦੀਆਂ ਧੀਆਂ ਭੈਣਾਂ ਦਾ ਵੀ ਅਪਮਾਨ ਕੀਤਾ ਜਾ ਰਿਹਾ ਹੈ। ਅਜਿਹੇ ਗਾਣੇ ਲਿਖਣ ਅਤੇ ਗਾਉਣ ਵਾਲਿਆਂ ਖਿਲਾਫ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਸਖਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਮਾਹੋਲ ਖਰਾਬ ਨਾ ਹੋਵੇ।

Send this to a friend