ਮਨੁੱਖ ਦੀ ਜਿੰਦਗੀ ਅਲੱਗ-ਅਲੱਗ ਸਮੇਂ ’ਚ ਅਨੇਕਾਂ ਤਰ੍ਹਾਂ ਦੇ ਬਦਲਾਅ ’ਚੋਂ ਲੰਘੀ ਹੈ, ਪਰ ਦੁਨੀਆਂ ਦਾ ਪਿਛਲੇ ਪੰਦਰ੍ਹਾਂ ਕੁ ਸਾਲਾਂ ਦਾ ਬਦਲਾਅ ਬੜਾ ਅਜੀਬ ਹੈ।
ਦੁਨੀਆਂ ਦੇ ਬਦਲਾਅ ਤੋਂ ਭਾਵ ਮਨੁੱਖ, ਪਰਿਵਾਰ, ਪਿੰਡ, ਸ਼ਹਿਰ, ਰਿਸ਼ਤੇ-ਨਾਤੇ, ਦੋਸਤੀ -ਯਾਰੀ, ਤਿਓਹਾਰ ਮਨਾਉਣ ਦੇ ਚਾਅ ’ਚ ਆਏ ਬਦਲਾਅ ਤੋਂ ਹੈ। ਪਿਛਲੇ ਡੇਢ ਦਹਾਕੇ ਦੇ ਦੌਰਾਨ ਮਨੱਖ ਦਾ ਜੀਵਨ, ਮਨੁੱਖ ਦੇ ਮੂਲ ਜੀਵਨ ਜਿਹਾ ਨਹੀਂ ਰਿਹਾ। ਜੋ ਕੁਝ ਹੈ, ਜਿਹੋ ਜਿਹਾ ਹੈ, ਸਭ ਰਫ਼ਤਾਰ ਦੇ ਹਵਾਲੇ ਹੈ। ਲੋਕਾਂ ਨੂੰ ਸਾਹ ਲੈਣ ਦੀ ਫੁਰਸਤ ਵੀ ਨਹੀਂ।
ਕਿਸੇ ਨਾਲ ਆਪਣਾਪਨ, ਮੋਹ-ਪ੍ਰੇਮ ਅਤੇ ਹਮਦਰਦੀ ਦੀ ਉਮੀਦ ਤਾਂ ਹੁਣ ਬੇਈਮਾਨੀ ਹੀ ਲੱਗਦੀ ਹੈ। ਧਰਤੀ ਦੇ ਇਕ ਸਿਰੇ ’ਤੇ ਰਹਿ ਰਿਹਾ ਮਨੁੱਖ ਅੱਜ ਧਰਤੀ ਦੇ ਦੂਜੇ ਸਿਰੇ ’ਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਕਿਸੇ ਵੀ ਵਕਤ ਅਸਾਨੀ ਨਾਲ ਰਾਬਤਾ ਕਰ ਸਕਦਾ ਹੈ। ਇਸ ਦੇ ਲਈ ਉਸ ਕੋਲ ਬਹੁਤ ਸਾਰੇ ਸੰਚਾਰ ਸਾਧਨ ਮੌਜੂਦ ਹਨ। ਮੋਬਾਇਲ ਫੋਨ, ਸਮਾਰਟਫੋਨ ਤੋਂ ਲੈਕੇ ਕੰਪਿਊਟਰ ਅਤੇ ਵੀਡੀਓ ਕਾਲ, ਸੋਸ਼ਲ ਮੀਡੀਆ ਦੇ ਕਈ ਮੰਚਾ ਦੇ ਮਾਧਿਅਮ ਰਾਹੀਂ ਸਿੱਧੇ ਸੰਪਰਕ ’ਚ ਰਹਿਣ ਦੀਆਂ ਸਹੂਲਤਾਵਾਂ ਮੌਜੂਦ ਹਨ।
ਪੈਸਾ ਹੈ, ਸਹੂਲਤਾਵਾਂ ਹਨ, ਐਸ਼ ਅਤੇ ਅਰਾਮ ਹੈ, ਸਭ ਕੁਝ ਹੈ। ਫਿਰ ਵੀ ਇਕ ਬੇਚੈਨੀ ਹੈ। ਇਕ ਅਜੀਬ ਡਗਮਗਾਹਟ ਹੈ। ਆਪਣੀਆਂ ਭਾਵਨਾਵਾਂ ਨੂੰ ਸੰਭਾਲਣ ’ਚ ਰੁਕਾਵਟ ਬਣਨ ਵਾਲੇ ਕੌੜੇ ਤਜ਼ੁਰਬਿਆਂ ਦਾ ਸੰਘਰਸ਼ ਹੈ। ਇਹ ਸਭ ਕੁਝ ਮਨੁੱਖ ਨੂੰ ਦੂਜੇ ਮਨੁੱਖ ਦੇ ਨਾਲ ਦਿਲੋਂ ਅਤੇ ਸਾਰਥਕ ਸੰਵਾਦ ਨਹੀਂ ਕਰਨ ਦੇ ਰਿਹਾ ।ਨਾ ਚਾਹੁੰਦੇ ਹੋਏ ਵੀ ਲੋਕ ਅਜਿਹੀਆ ਹਨੇਰੀਆਂ ਗੁਫਾਵਾਂ ’ਚ ਗੁਆਚ ਦੇ ਜਾ ਰਹੇ ਹਨ, ਜਿਥੋਂ ਇਕ ਆਦਰਸ਼ ਮਨੁੱਖ ਦੇ ਰੂਪ ’ਚ ਵਾਪਸ ਆਉਣਾ ਉਨ੍ਹਾਂ ਦੇ ਲਈ ਨਾ-ਮੁੰਮਕਿੰਨ ਹੋ ਚੁੱਕਿਆ ਹੈ। ਚਾਰੇ ਪਾਸੇ ਅਸੀਂ ਉਹੀ ਹੁੰਦਾ ਦੇਖ ਰਹੇ ਹਾਂ, ਜੋ ਮਨੁੱਖ ਨੂੰ ਨਹੀਂ ਕਰਨਾ ਚਾਹੀਦਾ। ਮਨੁੱਖ ਦੀ ਆਕੜ ਅਤੇ ਹੰਕਾਰ ਇਸ ਕਦਰ ਵਧ ਚੁਕਿਆ ਹੈ ਕਿ ਉਹ ਕੁਦਰਤ ਦੇ ਪ੍ਰਤੀਬਿੰਬ -ਚੰਦ-ਸੂਰਜ, ਤਾਰੇ, ਧਰਤੀ ਅਤੇ ਜੰਗਲ-ਵਨਸਪਤੀ ਪ੍ਰਤੀ ਵੀ ਨਿਮਰ ਨਹੀਂ ਹੈ। ਆਪਣੀ ਹੋਂਦ ,ਸਾਹ ਲੈੈਣ, ਜਿੰਦਗੀ ’ਚ ਮੌਜੂਦ ਹੋਣ ਅਤੇ ਜਿਉਂਦੇ ਰਹਿਣ ਦੇ ਇਨ੍ਹਾਂ ਕੁਦਰਤੀ ਸਰੋਤਾਂ ਦੇ ਲਈ ਮਨੁੱਖ ਦੇ ਮਨ ’ਚ ਮਾਣ-ਸਨਮਾਨ ਅਤੇ ਕਦਰ ਨਹੀਂ ਰਹੀ। ਜਿਥੇ ਮਨੁੱਖ ਦੀ ਅੱਧੀ ਜਿੰਦਗੀ ਇਹਨਾਂ ਕੁਦਰਤੀ ਨਜ਼ਾਰਿਆਂ ਦੀ ਖੂਬਸੂਰਤੀ ’ਤੇ ਵਿਚਾਰ ਕਰਾਦੇ ਹੋਏ ਬਤੀਤ ਹੋਣੀ ਚਾਹੀਦੀ ਸੀ, ਉਥੇ ਇਸ ਤੋਂ ਉਲਟ ਜਿੰਦਗੀ ਕੀੜਿਆਂ ਤੋਂ ਵੀ ਬੱਦਤਰ ਲੰਘ ਰਹੀ ਹੈ। ਅਜਿਹੇ ਹਲਾਤਾਂ ’ਚ ਆਖ਼ਰ ਜਿੰਦਗੀ ਕਿਸ ਤਰ੍ਹਾਂ ਆਧੁਨਿਕ ਹੋ ਰਹੀ ਹੈ। ਕੀ ਆਧੁਨਿਕਤਾ ਇਹੀ ਹੈ ਕਿ ਬੇਲੋੜੀਆਂ ਚੀਜਾਂ ਨੂੰ ਭੋਗ ਕੇ ਧਰਤੀ ਨੂੰ ਪਲਾਸਟਿਕ ਦੇ ਕੂੜੇ ਦੇ ਢੇਰ ’ਚ ਬਦਲ ਦਿੱਤਾ ਜਾਵੇ? ਫਿਰ ਉਸ ਕੂੜੇ ਦਾ ਸਹੀ ਨਿਪਟਾਰਾ ਨਾ ਹੋਣ ਕਾਰਨ ਉਸ ਨੂੰ ਅੱਗ ਲਾ ਦਿੱਤੀ ਜਾਵੇ ਅਤੇ ਅੱਗ ਵਿਚੋਂ ਨਿਕਲਣ ਵਾਲੀ ਭੈੜੀ ,ਸੜੀ ਦੁਰਗੰਧ ਨਾਲ ਸਾਹ ਘੋਟ ਰਹੇ ਧੂੰਏ ’ਚ ਜਿੰਦਗੀ ਨੂੰ ਦਮ ਤੋੜਦੇ ਹੋਏ ਦੇਖਿਆ ਜਾਵੇ? ਗੈਰ-ਮਿਆਰੀ ਸਿਆਸਤ, ਮੂਰਖ ਲੀਡਰਾਂ ,ਭ੍ਰਿਸ਼ਟ ਕਰਮਚਾਰੀਆਂ ਅਤੇ ਮਨਫ਼ੀ ਵਿਚਾਰਾਂ ਵਾਲੇ ਦੇਸ਼-ਸਮਾਜ ’ਚ ਜਿੰਦਗੀ ਭਲਾਂ ਠੀਕ ਹੋ ਵੀ ਕਿਵੇਂ ਸਕਦੀ ਹੈ?ਅਜਿਹੇ ਵਾਤਾਵਰਨ ’ਚ ਚੰਗਾ ਸੋਚਣ ਅਤੇ ਚੰਗਾ ਕੰਮ ਕਰਨ ਵਾਲੇ ਹੈ ਹੀ ਕਿੰਨੇ ਹਨ , ਕਿ ਜੋ ਉਨ੍ਹਾਂ ਦੀ ਪ੍ਰੇਰਣਾ ਨਾਲ ਸਭ ਠੀਕ ਹੋ ਜਾਵੇਗਾ ।ਜਿੱਧਰ ਦੇਖੋ ਉਧਰ ਲਾਲਚ ਪਸਰਿਆ ਹੋਇਆ ਹੈ। ਕਿਸੇ ਨੂੰ ਸ਼ਾਂਤੀ-ਸੰਤੁਸ਼ਟੀ ਨਹੀਂ ਚਾਹੀਦੀ। ਸਭ ਨੇ ਬੱਸ ਭੱਜਣਾ ਹੈ।ਇਧਰੋਂ -ਉਧਰ, ਉਧਰੋਂ-ਇੱਧਰ। ਆਖ਼ਰੀ ਪੜਾਅ ਅਤੇ ਮੰਜਿਲ -ਮਕਸਦ ਕੀ ਹੈ, ਇਹ ਜਾਣੇ ਬਿਨਾਂ, ਬੱਸ ਭੱਜਣਾ ਹੈ। ਇਸ ਲਈ ਸਭ ਭੱਜੀ ਜਾ ਰਹੇ ਹਨ। ਸਾਨੂੰ ਖੁਦ ਦੇਖਣਾ ਹੋਵੇਗਾ ਅਤੇ ਸਵੈ-ਪੜਚੋਲ ਕਰਨੀ ਪਵੇਗੀ। ਆਪਣੀ ਮਾਨਸਿਕ ਸਿਹਤ ਬਾਰੇ ਸੋਚਨਾ ਪਵੇਗਾ। ਕੀ ਅਸੀਂ ਖਤਰਨਾਕ ਤਰੀਕੇ ਨਾਲ ਘੁਟਣ ਅਤੇ ਅਸਤ-ਵਿਅਸਤ ਤਰੀਕੇ ਨਾਲ ਨਹੀਂ ਜਿਉਂ ਰਹੇ ਹਾਂ? ਕਈ ਵਾਰ ਅਜਿਹਾ ਲੱਗਦਾ ਹੈ ਕਿ ਸਾਡੀ ਸੋਚਣ ਦੀ ਸਮਰੱਥਾ ਬਿਲਕੁਲ ਖਤਮ ਹੋ ਚੁੱਕੀ ਹੈ। ਕੁਝ ਸੋਚਣ ਤੋਂ ਪਹਿਲਾਂ ਹੀ ਸਾਡੀ ਜੁਬਾਨ ਦੇ ਲਹਿਜ਼ੇ ’ਚ ਗੁੱਸਾ ਆ ਜਾਂਦਾ ਹੈ।ਐਥੋਂ ਤੱਕ ਕਿ ਸਾਨੂੰ ਆਪਣੇ ਮੂਹੋਂ ਬੋਲਿਆ ਹੋਇਆ ਵੀ ਯਾਦ ਨਹੀਂ ਰਹਿੰਦਾ। ਇਹ ਰੋਜ਼ਾਨਾ ਦੀ ਆਦਤ ਬਣ ਚੁੱਕੀ ਹੈ ਕਿ ਅਸੀਂ ਗੁੱਸੇ ’ਚ ਕੁਝ ਨਾ ਕੁਝ ਜਰੂਰ ਬੋਲਣਾ ਹੈ। ਇਹ ਸਭ ਇਸਲਈ ਹੋ ਰਿਹਾ ਹੈ ਕਿਉਂਕਿ ਅਸੀਂ ਆਪਣੀ ਕੁਦਰਤੀ ਜਿੰਦਗੀ ਨੂੰ ਆਧੁਨਿਕਤਾ ਦੇ ਰੰਗ ’ਚ ਰੰਗ ਲਿਆ ਹੈ। ਮੋਬਾਇਲ, ਲੈਪਟਾੱਪ, ਟੀ ਦੇ ਨਾਟਕਾਂ, ਸੋਸ਼ਲ ਮੀਡੀਆ, ਫੇਸਬੁੱਕ, ਇੰਸਟਾਗ੍ਰਾਮ ਜਿਹੀਆਂ ਚੀਜ਼ਾਂ ਨਾਲ ਅਸੀਂ ਆਪਣੇ ਆਪ ਨੂੰ ਚਿਪਕਾ ਲਿਆ ਹੈ। ਆਧੁਨਿਕ ਜਿੰਦਗੀ ਦਾ ਦੁਰਉਪਯੋਗ ਦੋ ਮੁਲਕਾਂ ਦੇ ਦਰਮਿਆਨ ,ਪਰਮਾਣੂ ਜੰਗ ਅਤੇ ਕੁਦਰਤੀ ਆਫਤਾਂ ਦੇ ਰੂਪ ’ਚ ਤਾਂ ਬਾਅਦ ’ਚ ਆਵੇਗਾ, ਪਰ ਮੋਬਾਇਲ,ਟੀ ਕੰਪਿਊਟਰ, ਲੈਪਟਾਪ ਅਤੇ ਇੰਟਰਨੈੱਟ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦੇਣ ਦੇ ਰੂਪ ’ਚ ਇਹ ਪਿਛਲੇ ਅੱਠ-ਦਸ ਸਾਲਾਂ ਤੋਂ ਖਤਰਨਾਕ ਤਰੀਕੇ ਨਾਲ ਹੋ ਰਿਹਾ ਹੈ।ਹਜੇ ਵੀ ਸਮਾਂ ਹੈ।ਇਕ ਤਰੀਕਾ ਹੈ ਜਿਸ ਨਾਲ ਸਾਡੀ ਜਿੰਦਗੀ ਸੁਖਾਵੀਂ, ਸ਼ਾਂਤ ਅਤੇ ਕੁਦਰਤੀ ਤਰੀਕੇ ਨਾਲ ਬਚੀ ਰਹਿ ਸਕਦੀ ਹੈ। ਸਾਨੂੰ ਆਧੁਨਿਕ ਉਪਕਰਣਾ ਅਤੇ ਸਹੂਲਤਾਵਾਂ ’ਤੇ ਨਿਰਭਰ ਰਹਿਣ ਦੀਆਂ ਆਪਣੀਆਂ ਆਦਤਾਂ ਹੌਲੀ-ਹੌਲੀ ਘੱਟ ਕਰਦੇ ਹੋਏ ਇਕ ਦਿਨ ਪੂਰੀ ਤਰ੍ਹਾ ਖਤਮ ਕਰਨੀਆਂ ਪੈਣਗੀਆਂ। ਇਸ ਦੇ ਲਈ ਸਾਡਾ ਮਾਰਗਦਰਸ਼ਨ ਦੇਸ਼ ,ਨੇਤਾ, ਪੂੰਜੀਪਤੀ, ਕਾਰੋਬਾਰੀ , ਵਪਾਰਕ ਅਦਾਰੇ, ਸਕੂਲ-ਕਾਲਜ ਨਹੀਂ ਕਰਣਗੇ ਕਿਉਂਕਿ ਆਧੁਨਿਕ ਤਕਨੀਕਾਂ ਅਤੇ ਸਹੂਲਤਾਂ ’ਤੇ ਸਾਡੇ ਨਿਰਭਰ ਹੋਣ ਨਾਲ ਇਨ੍ਹਾਂ ਦੇ ਵੀ ਆਰਥਕ-ਸਮਾਜਕ ਸਵਾਰਥ ਜੁੜੇ ਹੋਏ ਹਨ।ਜੋ ਕੁਝ ਕਰਨਾ ਹੈ ਅਸੀਂ ਆਪ ਹੀ ਕਰਨਾ ਹੈ।ਜਿਨ੍ਹਾਂ ਲੋਕਾਂ ਦੀ ਮਜਬੂਰੀ ਹੈ ,ਉਨ੍ਹਾਂ ਬਾਰੇ ਤਾਂ ਸਮਝ ਲੱਗਦੀ ਹੈ, ਪਰ ਜਿਹਨਾਂ ਨੂੰ ਮੋਬਾਇਲ, ਕੰਪਿਊਟਰ, ਲੈਪਟਾਪ, ਇੰਟਰਨੈੱਟ ਆਦਿ ਵਸਤਾਂ-ਸਹੂਲਤਾਵਾਂ ਨਾਲ ਕੌਈ ਕੰਮ ਨਹੀਂ ਹੈ,ਉਹ ਕਿਉ ਇਹਨਾਂ ਨੂੰ ਆਪਣੇ ਗਡੇ ’ਚ ਫਸੀ ਹੱਡੀ ਵਾਂਗ ਇਸਤੇਮਾਲ ਕਰ ਰਹੇ ਹਨ, ਇਹੋ ਸਮਝ ਤੋਂ ਬਾਹਰ ਹੈ। ਇਨ੍ਹਾਂ ਸਾਰੀਆਂ ਚੀਜਾਂ ਦੀ ਇਹ ਵਰਤੋਂ ਸੀਮਤ ਹੋਵੇ ਜਾਂ ਫਿਰ ਬਹੁਤ ਜਿਆਦਾ ਜਰੂਰਤ ਮਹਿਸੂਸ ਹੋਣ ’ਤੇ ਹੀ ਹੋਵੇ। ਜਦੋਂ ਅਜਿਹਾ ਹੋਵੇਗਾ, ਉਦੋਂ ਅਸੀਂ ਆਪਣੀ ਜਿੰਦਗੀ ਨੂੰ ਕੁਦਰਤੀ ਵਿਵਸਥਾ ਕੇ ਮੁਤਾਬਿਕ ਜਿਉਂ ਸਕਾਂਗੇ ਅਤੇ ਨਾਲ ਹੀ ਕੁਦਰਤ ਨੂੰ ਬਚਾਵੁਣ ’ਚ ਆਪਣਾ ਸਹਿਯੋਗ ਵੀ ਦੇ ਸਕਾਂਗੇ।