ਮਨਜੀਤ ਸਿੰਘ ਗਿੱਲ ਜਿਸਦੇ ਖ਼ੂਨ ਵਿਚ ਸੁਹਜ ਕਲਾ ਦੀ ਪ੍ਰਵਿਰਤੀ ਰਚੀ ਹੋਈ ਹੈ। ਪੰਜਾਬ ਦੇ ਮੋਗਾ ਜਿਲ੍ਹੇ ਦੇ ਪਿੰਡ ਘਲ ਕਲਾਂ ਵਿਚ ਇਸ ਬੁੱਤਤਰਾਸ਼ ਮਨਜੀਤ ਸਿੰਘ ਗਿੱਲ ਨੇ ਭਾਰਤ ਦੀਆਂ ਇਤਿਹਾਸਕ ਤੇ ਵਿਰਾਸਤੀ ਘਟਨਾਵਾਂ, ਕਿਰਦਾਰਾਂ, ਅਤੇ ਮਹੱਤਵਪੂਰਨ ਵਿਅਕਤੀਆਂ ਜਿਨ੍ਹਾਂ ਨੇ ਆਪੋ ਆਪਣੇ ਖੇਤਰਾਂ ਵਿਚ ਵਿਲੱਖਣ ਯੋਗਦਾਨ ਪਾਇਆ ਹੈ, ਉਨ੍ਹਾਂ ਦੇ ਬੁੱਤ ਬਣਾਕੇ ‘‘ਮਹਾਨ ਦੇਸ਼ ਭਗਤ’’ ਨਾਮ ਦੇ ਪਾਰਕ ਵਿਚ ਸਥਾਪਤ ਕੀਤੇ ਹਨ। ਇਹ ਪਾਰਕ ਬਣਾਉਣ ਲਈ ਉਸਨੇ ਕਿਸੇ ਸਰਕਾਰ ਜਾਂ ਸੰਸਥਾ ਤੋਂ ਕੋਈ ਆਰਥਿਕ ਮੱਦਦ ਨਹੀਂ ਲਈ। ਆਪਣੀ ਇੱਕ ਏਕੜ ਥਾਂ ਵਿਚ ਇਹ ਪਾਰਕ ਸਥਾਪਤ ਕੀਤਾ ਹੈ। ਹਰ ਰੋਜ਼ ਇਸ ਪਾਰਕ ਨੂੰ ਵੇਖਣ ਲਈ ਸੈਂਕੜੇ ਲੋਕ ਆਉਂਦੇ ਹਨ। ਇਸ ਪਾਰਕ ਨੂੰ ਵੇਖਣ ਲਈ ਕੋਈ ਟਿਕਟ ਨਹੀਂ ਲਗਾਈ ਗਈ। ਸਗੋਂ ਜਿਹੜੇ ਵਿਸ਼ੇਸ਼ ਵਿਅਕਤੀ ਇਸ ਪਾਰਕ ਨੂੰ ਵੇਖਣ ਲਈ ਆਉਂਦੇ ਹਨ, ਉਨ੍ਹਾਂ ਦੀ ਆਓ ਭਗਤ ਵੀ ਮਨਜੀਤ ਸਿੰਘ ਗਿੱਲ ਆਪ ਆਪਣੇ ਕੋਲੋਂ ਕਰਕੇ ਖ਼ੁਸ਼ ਹੁੰਦਾ ਹੈ। ਛੁੱਟੀ ਵਾਲੇ ਦਿਨ ਮੇਲੇ ਵਰਗੇ ਹਾਲਾਤ ਬਣੇ ਹੁੰਦੇ ਹਨ। ਇਹ ਪਾਰਕ ਮੋਗਾ ਕੋਟਕਪੂਰਾ ਸੜਕ ਤੇ ਮੋਗੇ ਤੋਂ 7 ਮੀਲ ਦੂਰ ਹੈ। ਮਨਜੀਤ ਸਿੰਘ ਗਿੱਲ ਅਤੇ ਉਸਦਾ ਭਰਾ ਸੁਰਜੀਤ ਸਿੰਘ ਗਿੱਲ ਦੋਵੇਂ ਬੁਤਤਰਾਸ਼ ਹਨ। ਸੁਰਜੀਤ ਸਿੰਘ ਗਿੱਲ ਵੀ ਹਮੇਸ਼ਾ ਆਪਣੇ ਭਰਾ ਦਾ ਸਾਥ ਦਿੰਦਾ ਰਹਿੰਦਾ ਹੈ। ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੇ ਇਤਿਹਾਸਕ ਵਿਅਕਤੀਆਂ, ਘਟਨਾਵਾਂ ਅਤੇ ਆਪਣੀ ਵਿਰਾਸਤ ਬਾਰੇ ਜਾਨਣ ਦਾ ਮੌਕਾ ਮਿਲਦਾ ਹੈ। ਮਨਜੀਤ ਸਿੰਘ ਗਿੱਲ ਨੂੰ ਬਚਪਨ ਤੋਂ ਹੀ ਕਲਾ ਕਿ੍ਰਤੀਆਂ ਵਿਚ ਦਿਲਚਸਪੀ ਸੀ, ਜਦੋਂ ਉਹ ਬਚਪਨ ਵਿਚ ਮਿੱਟੀ ਦੇ ਘਰ ਬਣਾਕੇ ਖੇਡਦਾ ਸੀ। ਉਸਦੀ ਬੁਤਤਰਾਸ਼ੀ ਦੀ ਕਲਾ ਦਾ ਪ੍ਰਗਟਾਵਾ ਪਹਿਲੀ ਵਾਰ 1982 ਦੀਆਂ ਏਸ਼ੀਅਨ ਖੇਡਾਂ ਮੌਕੇ ਮਨਜੀਤ ਸਿੰਘ ਨੇ ਮਿੱਟੀ ਦਾ ‘ਅੱਪੂ ਹਾਥੀ’ ਬਣਾਇਆ ਤਾਂ ਸਕੂਲ ਦੇ ਮੁੱਖੀ ਦਲੀਪ ਸਿੰਘ ਭੁਪਾਲ ਨੇ ਆਪਦੀ ਕਲਾ ਦੀ ਪਛਾਣ ਕਰਦਿਆਂ ਪ੍ਰਸੰਸਾ ਕੀਤੀ। ਉਦੋਂ ਮਨਜੀਤ ਸਿੰਘ ਗਿੱਲ ਸਿਰਫ 11 ਸਾਲ ਦਾ ਸੀ। ਉਸ ਦਿਨ ਤੋਂ ਬਾਅਦ ਮਨਜੀਤ ਸਿੰਘ ਗਿੱਲ ਨੂੰ ਮਹਿਸੂਸ ਹੋਇਆ ਕਿ ਉੋਸਨੂੰ ਬੁੱਤ ਤਰਾਸ਼ੀ ਤੇ ਹੱਥ ਅਜਮਾਉਣਾ ਚਾਹੀਦਾ ਹੈ। ਉਹ ਬੁੱਤਤਰਾਸ਼ੀ ਨੂੰ ਪਹਿਲ ਦੇਣ ਲੱਗ ਪਿਆ। ਉਸਦੇ ਸ਼ੌਕ ਨੂੰ ਬੂਰ ਉਦੋਂ ਪਿਆ ਜਦੋਂ ਭਰ ਜਵਾਨੀ ਵਿਚ 20 ਸਾਲ ਦੀ ਉਮਰ ਵਿਚ ਉਸਨੇ ਜਗਦੇਵ ਸਿੰਘ ਜੱਸੋਵਾਲ ਅਤੇ ਡਾ ਗੁਰਭਜਨ ਗਿੱਲ ਦੇ ਕਹਿਣ ਤੇ ਪ੍ਰੋ ਮੋਹਨ ਸਿੰਘ ਦਾ ਬੁੱਤ ਬਣਾਇਆ। ਉਹ ਬੁੱਤ ਆਰਤੀ ਚੌਕ ਲੁਧਿਆਣਾ ਵਿਚ ਲਗਾਇਆ ਗਿਆ। ਜਦੋਂ ਉਸ ਬੁੱਤ ਦਾ ਉਦਘਾਟਨ ਕਰਨ ਲਈ 1991 ਵਿਚ ਪੰਜਾਬ ਦੇ ਉਦੋਂ ਦੇ ਰਾਜਪਾਲ ਸ੍ਰੀ ਸੁਰਿੰਦਰ ਨਾਥ ਪ੍ਰੋ ਮੋਹਨ ਸਿੰਘ ਮੇਲੇ ਵਿਚ ਆਏ ਤਾਂ ਉਹ ਇਸ ਨੌਜਵਾਨ ਮਨਜੀਤ ਸਿੰਘ ਗਿੱਲ ਵੱਲੋਂ ਸੁੰਦਰ ਅਤੇ ਦਿਲਕਸ਼ ਬੁੱਤ ਬਣਾਉਣ ਤੋਂ ਪ੍ਰਭਾਵਤ ਹੋ ਗਏ। ਉਨ੍ਹਾਂ ਮੌਕੇ ਤੇ ਹੀ ਮਨਜੀਤ ਸਿੰਘ ਗਿੱਲ ਨੂੰ ਗੌਰਮਿੰਟ ਕਾਲਜ ਆਫ ਫਾਈਨ ਆਰਟ ਚੰਡੀਗੜ੍ਹ ਵਿਚ ਪ੍ਰੋਫੈਸ਼ਨਲ ਸਿਖਿਆ ਲੈਣ ਲਈ ਪ੍ਰੇਰਤ ਕੀਤਾ। ਇਸ ਪੜ੍ਹਾਈ ਲਈ ਰਾਜਪਾਲ ਨੇ 11 ਹਜ਼ਾਰ ਰੁਪਏ ਦੀ ਆਰਥਿਕ ਮਦਦ ਕੀਤੀ। ਮਨਜੀਤ ਸਿੰਘ ਗਿੱਲ ਨੇ ਫਿਰ ਗੌਰਮਿੰਟ ਕਾਲਜ ਆਫ ਫਾਈਨ ਆਰਟ ਚੰਡੀਗੜ੍ਹ ਤੋਂ 1997 ਵਿਚ ਬੈਚੂਲਰ ਆਫ ਆਰਟ ਅਤੇ 2009 ਵਿਚ ਮਾਸਟਰ ਆਫ ਫਾਈਨ ਆਰਟ ਬੁਤਤਰਾਸ਼ੀ ਪਾਸ ਕੀਤੀ। ਪੰਜਾਬ ਸਰਕਾਰ ਨੇ ਮਨਜੀਤ ਸਿੰਘ ਗਿੱਲ ਨੂੰ ਪੰਜਾਬ ਦੇ ਸਭਿਆਚਾਰਕ ਮਾਮਲੇ, ਪੁਰਾਤਤਵ ਅਤੇ ਅਜਾਇਬ ਘਰ ਵਿਭਾਗ ਵਿਚ ਆਰਟ ਐਗਜੈਕਟਿਵ ਦੇ ਤੌਰ ਤੇ ਭਰਤੀ ਕਰ ਲਿਆ। ਫਿਰ ਆਪਨੂੰ ਚੀਫ ਵਿਜੀਲੈਂਸ ਅਧਿਕਾਰੀ ਲਗਾ ਦਿੱਤਾ ਗਿਆ। ਮਨਜੀਤ ਸਿੰਘ ਗਿੱਲ ਨੇ ਮਹਿਸੂਸ ਕੀਤਾ ਕਿ ਉਸਦੀ ਬੁਤਤਰਾਸ਼ੀ ਦੀ ਕਲਾ ਉਸਦੇ ਅਧਿਕਾਰੀ ਰਹਿੰਦਿਆਂ ਇਤਿਹਾਸਕ ਵਿਰਾਸਤ ਵਿਚ ਵਡਮੁਲਾ ਯੋਗਦਾਨ ਨਹੀਂ ਪਾ ਸਕੇਗੀ। ਉਸਨੂੰ ਆਪਣੇ ਸ਼ੌਕ ਦੀ ਪੂਰਤੀ ਅਤੇ ਵਿਰਾਸਤੀ ਖਜਾਨੇ ਨੂੰ ਅਮੀਰ ਕਰਨ ਲਈ ਸਰਕਾਰੀ ਨੌਕਰੀ ਛੱਡਣੀ ਚਾਹੀਦੀ ਹੈ। ਉਸਨੇ ਇਸ ਨੌਕਰੀ ਤੋਂ ਅਸਤੀਫਾ ਦੇ ਕੇ ਆਪਣੇ ਪਿੰਡ ਵਿਚ ਹੀ ਬੁਤਤਰਾਸ਼ੀ ਦਾ ਕੰਮ ਦੁਆਰਾ ਸ਼ੁਰੂ ਕਰ ਲਿਆ ਕਿਉਂਕਿ ਉਸਦੀ ਸਰਕਾਰੀ ਨੌਕਰੀ ਵਿਚ ਉਸ ਅੰਦਰਲਾ ਬੁੱਤਤਰਾਸ਼ ਕਲਾਕਾਰ ਮਰ ਰਿਹਾ ਸੀ। ਉਸਨੇ ਪਹਿਲਾਂ ਕਲੇਅ ਮਾਡÇਲੰਗ ਕਰਨੀ ਸ਼ੁਰੂ ਕੀਤੀ ਸੀ। ਉਸ ਵਿਚ ਸਿਖਲਾਈ ਪ੍ਰਾਪਤ ਕਰਕੇ ਮੁਹਾਰਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਫਾਈਬਰ ਦੇ ਬੁੱਤ ਬਣਾਉਣੇ ਸ਼ੁਰੂ ਕੀਤੇ। ਨੌਕਰੀ ਛੱਡਣ ਤੋਂ ਬਾਅਦ ਮਨਜੀਤ ਸਿੰਘ ਗਿੱਲ ਅਤੇ ਸੁਰਜੀਤ ਸਿੰਘ ਗਿੱਲ ਦੋਹਾਂ ਭਰਾਵਾਂ ਨੇ 50 ਤੋਂ ਵੱਧ ਬੁਤ ਬਣਾਕੇ ਪਾਰਕ ਵਿਚ ਸਥਾਪਤ ਕਰ ਦਿੱਤੇ। ਉਸ ਵੱਲੋਂ ਬਣਾਏ ਗਏ ਕੁਝ ਕੁ ਬੁੱਤ ਇਸ ਪ੍ਰਕਾਰ ਹਨ-ਦੇਸ਼ ਭਗਤਾਂ ਵਿਚੋਂ ਸਰਵ ਸ੍ਰੀ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਰਾਜ ਗੁਰੂ, ਸੁਖਦੇਵ , ਮਦਨ ਲਾਲ ਢੀਂਗਰਾ, ਸੁਭਾਸ਼ ਚੰਦਰ ਬੋਸ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਰਣਧੀਰ ਸਿੰਘ, ਜਨਰਲ ਹਰਬਖ਼ਸ਼ ਸਿੰਘ, ਸਾਰਾਗੜੀ੍ਹ ਦੇ ਸ਼ਹੀਦਾਂ ਦੇ ਜਿਨ੍ਹਾਂ ਵਿਚ ਹਵਾਲਦਾਰ ਈਸ਼ਰ ਸਿੰਘ ਅਤੇ ਸੈਕੰਡ ਲੈਫਟੀਨੈਂਟ ਕਰਤਾਰ ਸਿੰਘ, ਸਿਆਸਤਦਾਨਾ ਵਿਚੋਂ ਮਾਸਟਰ ਤਾਰਾ ਸਿੰਘ, ਦਰਸ਼ਨ ਸਿੰਘ ਫੇਰੂਮਾਨ, ਡਾ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ, ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਵਿਗਿਆਨੀਆਂ ਵਿਚੋਂ ਏ ਪੀ ਜੇ ਅਬਦੁਲ ਕਲਾਮ, ਫਾਈਬਰ ਵਾਇਰ ਦੇ ਪਿਤਾਮਾ ਡਾ ਨਰਿੰਦਰ ਸਿੰਘ ਕੰਪਾਨੀ, ਬੁੱਧੀਜੀਵੀ ਲੇਖਕਾਂ ਵਿਚੋਂ ਬੁਲ੍ਹੇ ਸ਼ਾਹ, ਵਾਰਿਸ ਸ਼ਾਹ, ਮੁਨਸ਼ੀ ਪਰੇਮ ਚੰਦ, ਉਸਤਾਦ ਚਿਰਾਗ ਦੀਨ ਦਾਮਨ, ਸਿਰਦਾਰ ਕਪੂਰ ਸਿੰਘ, ਪ੍ਰੋ ਮੋਹਨ ਸਿੰਘ, ਬਾਬੂ ਰਜ਼ਬ ਅਲੀ, ਲਾਲ ਚੰਦ ਯਮੁਲਾ ਜੱਟ, ਸ਼ਿਵ ਕੁਮਾਰ ਬਟਾਲਵੀ, ਕਰਨੈਲ ਸਿੰਘ ਪਾਰਸ, ਬਾਬਾ ਨਜ਼ਮੀ, ਬਾਬਾ ਪੂਰਨਾ ਚੰਦ ਆਰਿਫ, ਗੌਰੀ ਸ਼ੰਕਰ ਲੰਕੇਸ਼, ਸੰਗੀਤਕਾਰਾਂ ਵਿਚੋਂ ਨੁਸਰਤ ਫਤਿਹ ਅਲੀ ਖਾਂ, ਧਾਰਮਿਕ ਵਿਚੋਂ ਮਹਾਤਮਾ ਬੁਧ, ਸਾਂਈਂ ਮੀਆਂ ਮੀਰ, ਆਨੰਦਪੁਰ ਸਾਹਿਬ ਵਿਖੇ ਭਾਈ ਕਨ੍ਹਈਆ ਜੀ ਲੜਾਈ ਦੇ ਮੈਦਾਨ ਵਿਚ ਪਾਣੀ ਪਿਲਾਉਂਦੇ ਹੋਏ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰਿਆਂ ਨੂੰ ਅੰਮਿ੍ਰਤ ਪਾਨ ਕਰਾਉਂਦੇ ਹੋਇਆਂ ਦਾ ਕੰਧ ਚਿਤ੍ਰ ਬਣਾਇਆ ਹੋਇਆ ਹੈ, ਖਿਡਾਰੀ ਮਿਲਖਾ ਸਿੰਘ, 350 ਯਾਤਰੀਆਂ ਦੀ ਜਾਨ ਬਚਾਉਣ ਵਾਲੀ ਫਲਾਈਟ ਅਟੈਂਡੈਂਟ ਨੀਰਜਾ ਭਨੋਟ ਅਤੇ ਦਿੱਲੀ ਵਿਚ 1984 ਦਾ ਕਤਲੇਆਮ, ਅਮਰੀਕਾ ਅਤੇ ਭਾਰਤ ਦੀ ਮਿਤਤਰਤਾ ਨੂੰ ਦਰਸਾਉਂਦੀ ਕਲਾਕਿ੍ਰਤ ਅਤੇ ਪੰਜਾਬ ਦੀ ਵਿਰਾਸਤ ਦੀਆਂ ਪ੍ਰਤੀਕ ਆਦਿ ਸ਼ਾਮਲ ਹਨ। ਪਾਕਿਸਤਾਨ ਵਿਚ ਲੜਕੀਆਂ ਦੀ ਪੜ੍ਹਾਈ ਲਈ ਉਦਮ ਕਰਨ ਵਾਲੀ ਮਲਾਲਾ ਹਾਫਜਾਈ ਦਾ ਬੁੱਤ ਵੀ ਬਣਾਇਆ ਗਿਆ। ਉਸ ਵੱਲੋਂ ਬਣਾਏ ਗਏ ਬੁੱਤ ਸੰਸਾਰ ਅਤੇ ਦੇਸ਼ ਵਿਚ ਕਈ ਮਹੱਤਵਪੂਰਨ ਸਥਾਨਾ ਤੇ ਲਗਾਏ ਹੋਏ। ਬਾਬਾ ਬੰਦਾ ਸਿੰਘ ਬਹਾਦਰ ਅਤੇ ਪਹਿਲੀ ਸੰਸਾਰ ਜੰਗ ਵਿਚ ਬਿਹਤਰੀਨ ਪਰਦਰਸ਼ਨ ਕਰਨ ਵਾਲੇ ਬਹਾਦਰ ਜਵਾਨਾ ਦੇ ਦੋ ਬੁਤ ਜਿਨ੍ਹਾਂ ਵਿਚ ਇਕ ਜਵਾਨ ਇਕ ਬੱਚੇ ਨੂੰ ਕੁਛੜ ਚੁੱਕਕੇ ਲੜਾਈ ਵਿਚ ਲੜਦਾ ਵਿਖਾਇਆ ਗਿਆ ਹੈ ਦੇ ਬੁੱਤ ਇੰਗਲੈਂਡ ਦੇ ਡਰਬੀ ਅਜਾਇਬ ਘਰ ਵਿਚ ਸਥਾਪਤ ਕੀਤੇ ਗਏ ਹਨ। ਇਸੇ ਤਰ੍ਹਾਂ ਨਿਊਜ਼ੀਲੈਂਡ ਦੇ ਇਕ ਗੁਰੂ ਘਰ ਵਿਚ ਜਿਹੜੇ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਨ੍ਹਾਂ ਸਾਰਿਆਂ ਦੇ ਬਣਾਏ ਬੁੱਤ ਲਗਾਏ ਗਏ ਹਨ। ਮਲੇਸ਼ੀਆ ਵਿਚ ਮਚਪ ਗੁਰੂ ਘਰ ਵਿਚ ਸਾਂਈਂ ਮੀਆਂ ਮੀਰ ਦਾ ਬੁੱਤ ਲਗਾਇਆ ਗਿਆ ਹੈ। ਨਸਰਤ ਫਤਿਹ ਅਲੀ ਖ਼ਾਂ ਦੇ ਬੁੱਤ ਆਸਟਰੇਲੀਆ, ਨਿਊਜੀਲੈਂਡ ਅਤੇ ਇੰਗਲੈਂਡ ਵਿਚ ਲਗਾਏ ਗਏ ਹਨ। ਭੰਗੀ ਮਿਸਲ ਦੀਆਂ 14-14 ਫੁੱਟ ਦੀਆਂ ਦੋ ਤੋਪਾਂ ਪੁਲਿਸ ਅਕਾਡਮੀ ਫਿਲੌਰ ਵਿਚ ਮਨਜੀਤ ਸਿੰਘ ਗਿੱਲ ਦੀਆਂ ਬਣਾਈਆਂ ਹੋਈਆਂ ਲਗਾਈਆਂ ਹੋਈਆਂ ਹਨ। ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੇ ਪਹਿਲਾ ਗੰਗਾਨਗਰ ਦਾ ਨਿਵਾਸੀ ਕਰਨਲ ਅਵਤਾਰ ਸਿੰਘ ਚੀਮਾਂ ਦਾ ਬੁੱਤ ਵੀ ਬਣਾਇਆ ਗਿਆ ਹੈ।
ਮਨਜੀਤ ਸਿੰਘ ਦੀ ਬੁੱਤ ਤਰਾਸ਼ੀ ਦਾ ਅਹਿਮ ਪੱਖ ਹੈ ਕਿ ਉਸਨੇ ਪੰਜਾਬੀ ਸਭਿਆਚਾਰ ਦੀ ਪੁਰਾਤਨ ਵਿਰਾਸਤ ਨੂੰ ਇਤਿਹਾਸ ਵਿਚ ਯਾਦ ਰੱਖਣ ਲਈ ਪੰਜਾਬ ਦੇ ਦਿਹਾਤੀ ਸਭਿਆਚਾਰ ਨੂੰ ਪ੍ਰਗਟਾਉਂਦੇ ਬੁੱਤ ਬਣਾਏ ਹਨ। ਉਸਦਾ ਜਨਮ ਪਿਤਾ ਕਰਨੈਲ ਸਿੰਘ ਗਿੱਲ ਅਤੇ ਮਾਤਾ ਸੁਰਿੰਦਰ ਕੌਰ ਦੇ ਘਰ ਮੋਗਾ ਜਿਲ੍ਹੇ ਦੇ ਘਲ ਕਲਾਂ ਪਿੰਡ ਵਿਚ 6 ਨਵੰਬਰ 1971 ਨੂੰ ਹੋਇਆ। ਮਨਜੀਤ ਸਿੰਘ ਗਿੱਲ ਨੂੰ ਇੰਡੀਅਨ ਅਕਾਡਮੀ ਆਫ ਫਾਈਨ ਆਰਟ ਨੇ 2008 ਵਿਚ ਪਹਿਲੀ ਵਾਰੀ 10 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਸੀ। ਪੰਜਾਬ ਦੇ ਸਭਿਅਚਾਰਕ ਮਾਮਲੇ, ਪੁਰਾਤਤਵ ਅਤੇ ਅਜਾਇਬ ਘਰ ਵਿਭਾਗ ਨੇ ਬਾਬਾ ਬੰਦਾ ਸਿੰਘ ਬਹਾਦਰ ਐਵਾਰਡ, ਦਿੱਤਾ। ਪ੍ਰੋ ਮੋਹਨ ਸਿੰਘ ਅਵਾਰਡ, ਦੀਦਾਰ ਸਿੰਘ ਸੰਧੂ ਅਵਾਰਡ, ਐਸ ਐਲ ਪ੍ਰਾਸ਼ਰ ਅਵਾਰਡ ਅਤੇ ਦੀਵਾਨ ਸਿੰਘ ਕਾਲੇਪਾਣੀ ਅਵਾਰਡ ਦਿੱਤੇ ਗਏ।