ਦਿੱਲੀ ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਜੀ.ਕੇ. ਨੂੰ ਵਫਦ ਸਮੇਤ ਹੈਦਰਾਬਾਦ ਭੇਜਿਆ
ਚੰਡੀਗੜ੍ਹ 15 ਮਈ (ਵਿਸ਼ਵ ਵਾਰਤਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਹੈਦਰਾਬਾਦ ਦੇ ਕਿਸ਼ਨਬਾਗ ਇਲਾਕੇ ਵਿਚ ਸਿੱਖ ਛਾਉਣੀ ਦੇ ਗੁਰੂਦਵਾਰਾ ਸਾਹਿਬ ਦਾ ਨਿਸ਼ਾਨ ਸਾਹਿਬ ਸਾੜੇ ਜਾਣ ਦੀ ਘਟਨਾ ਦੀ ਸਖਤ ਨਿੰਦਾ ਕੀਤੀ ਹੈ।ਇਥੋਂ ਇਕ ਜਾਰੀ ਬਿਆਨ ਵਿਚ ਇਸ ਮੰਦਭਾਗੀ ਘਟਨਾ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਵਲੋਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਨੂੰ ਵਫ਼ਦ ਸਮੇਤ ਹੈਦਰਾਬਾਦ ਦੇ ਉਕਤ ਗੁਰੂਦੁਆਰਾ ਸਾਹਿਬ ਵਿਖੇ ਭੇਜਿਆ ਜਾ ਰਿਹਾ ਹੈ ਤਾਂ ਜੋ ਉਹ ਇਸ ਦੁੱਖਦਾਇਕ ਘਟਨਾ ਦਾ ਮੌਕੇ ’ਤੇ ਜਾਇਜ਼ਾ ਲੈ ਸਕਣ ਅਤੇ ਇਸ ਘਟਨਾ ਨਾਲ ਉਪਜੇ ਵਿਵਾਦ ਸਬੰਧੀ ਉਹ ਪ੍ਰਭਾਵਿਤ ਸਿੱਖ ਭਾਇਚਾਰੇ ਦੇ ਆਗੂਆਂ ਨਾਲ ਗੱਲਬਾਤ ਕਰਕੇ ਪੜਤਾਲ ਕਰਨਗੇ।
ਸ. ਬਾਦਲ ਨੇ ਹੈਦਰਾਬਾਦ ਸਥਿਤ ਸਮੂਹ ਸਿੱਖ ਭਾਇਚਾਰੇ ਨੂੰ ਯਕੀਨ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ ਹਰ ਦੁੱਖ-ਸੁੱਖ ਦੀ ਘੜੀ ਵਿਚ ਉਨ੍ਹਾਂ ਨਾਲ ਖੜਾ ਹੈ ਅਤੇ ਇਸ ਘਿਨਾਉਣੀ ਘਟਨਾ ਨਾਲ ਸਬੰਧਤ ਦੋਸ਼ਿਆ ਨੂੰ ਬਣਦੀ ਸਜ਼ਾ ਦਿਵਾਈ ਜਾਵੇਗੀ।
ਸ. ਬਾਦਲ ਨੇ ਆਂਧਰਾ ਪ੍ਰਦੇਸ਼ ਸਰਕਾਰ ਨੂੰ ਵੀ ਕਿਹਾ ਹੈ ਕਿ ਉਹ ਇਸ ਘਟਨਾ ਨਾਲ ਸਬੰਧਤ ਦੋਸ਼ਿਆਂ ਖਿਲਾਫ ਸਖਤ ਅਤੇ ਫੈਸਲਾਕੂੰਨ ਕਾਰਵਾਈ ਕਰੇ ਅਤੇ ਗੁਰੂਦੁਆਰਾ ਸਾਹਿਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਢੁਕਵੇਂ ਕਦਮ ਚੁੱਕੇ ਜਾਣ। ਉਨ੍ਹਾਂ ਰਾਜ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਆਂਧਰਾ ਪ੍ਰਦੇਸ਼ ਵਿਚ ਰਹਿ ਰਹੇ ਸਮੂਹ ਸਿੱਖ ਭਾਇਚਾਰੇ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਇਆ ਜਾਵੇ।