April 29, 2026 6:47 pm

ਅਣਪਛਾਤੇ ਵੱਲੋਂ ਨੌਜਵਾਨ ’ਤੇ ਜਾਨਲੇਵਾ ਹਮਲਾ”

ਕੁੱਪ-ਕਲਾਂ, 1 ਸਤੰਬਰ (ਅੰਮਿ੍ਰਤ ਪੰਧੇਰ)- ਬੀਤੀ ਰਾਤ ਲੱਕੀ ਸਪੋਰਟਸ ਤੇ ਮਸਲ ਜੋਨ ਜਿੰਮ ਕੁੱਪ-ਕਲਾਂ ਦੇ ਮਾਲਕ ਨੌਜਵਾਨ ਲਖਵੀਰ ਸਿੰਘ ਲੱਕੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰਕੇ ਗੰਭੀਰ ਰੂਪ ‘ਚ ਜਖਮੀ ਕਰ ਦਿੱਤਾ ਗਿਆ ਅਤੇ ਗੰਭੀਰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਸਦਰ ਥਾਣਾ ਅਹਿਮਦਗੜ੍ਹ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਖਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸਰੌਦ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਰੋਜਾਨਾ ਦੀ ਤਰ੍ਹਾਂ ਕੁੱਪ ਕਲਾਂ ਵਿਖੇ ਆਪਣੇ ਲੱਕੀ ਸਪੋਰਟਸ ਸੋ-ਰੂਮ ਤੇ ਜਿੰਮ ਤੋਂ ਰਾਤ ਤਕਰੀਬਨ 8:30 ਵਜੇ ਸੋਰੂਮ ਬੰਦ ਕਰਕੇ ਆਪਣੇ ਘਰ ਵਾਪਸ ਜਾਣ ਲਈ ਬਾਹਰ ਆਪਣੀ ਗੱਡੀ ਕੋਲ ਆਇਆ ਤਾਂ ਪਹਿਲਾਂ ਤੋਂ ਹੀ ਉਥੇ ਖੜ੍ਹੀ ਸਵਿਫਟ ਡਿਜਾਇਰ ਕਾਰ ਵਿਚੋਂ ਨਿੱਕਲੇ ਅਣਪਛਾਤੇ ਤਿੰਨ ਵਿਅਕਤੀਆਂ ਵੱਲੋਂ ਉਸ ‘ਤੇ ਕਾਤਲਾਨਾ ਹਮਲਾ ਕੀਤਾ ਗਿਆ ਜਿਸ ਦੌਰਾਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਤੇ ਜਦੋਂ ਉਸਨੇ ਆਪਣਾ ਲਾਇਸੈਸੀ ਰਿਵਾਲਵਰ ਨਾਲ ਆਪਣੇ ਬਚਾਅ ਲਈ ਫਾਇਰ ਕੀਤੇ ਤਾਂ ਹਮਲਾਵਰ ਉਥੋਂ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਮਲੇਰਕੋਟਲਾ ਵੱਲ ਭੱਜ ਗਏ। ਲਖਵੀਰ ਸਿੰਘ ਦੇ ਬਿਆਨਾਂ ਅਨੁਸਾਰ ਹਮਲਾਵਰਾਂ ਵਿਚੋਂ ਦੋ ਵਿਅਕਤੀਆਂ ਨੇ ਉਸ ਤੇ ਕਿਰਪਾਨਾਂ ਨਾਲ ਤੇ ਤੀਸਰੇ ਵਿਅਕਤੀ ਨੇ ਡੰਡੇ ਨਾਲ ਹਮਲਾ ਕੀਤਾ ਤੇ ਉਸਦੀ ਗੱਡੀ ਦੀ ਭੰਨ ਤੋੜ ਵੀ ਕੀਤੀ। ਇਸ ਘਟਨਾ ਸੰਬੰਧੀ ਸਦਰ ਥਾਣਾ ਅਹਿਮਦਗੜ੍ਹ ਦੇ ਮੁਖੀ ਸੰਜੀਵ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਲਖਵੀਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 307/324/427/323/34 ਆਈ.ਪੀ.ਸੀ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਤਫਤੀਸੀ ਅਧਿਕਾਰੀ ਸਬ-ਇੰਸਪੈਕਟਰ ਬਸੀਰ ਵੱਲੋਂ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਜੋ ਦੋਸੀਆਂ ਦੀ ਸਨਾਖਤ ਹੋ ਸਕੇ।ਇਸ ਘਟਨਾ ਸਬੰਧੀ ਸੁਬੇਗ ਸਿੰਘ ਡੀ.ਐਸ.ਪੀ ਅਮਰਗੜ੍ਹ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਾਤ ਸਮੇਂ ਘਟਨਾ ਸਥਾਨ ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜਾ ਲਿਆ ਗਿਆ ਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

Send this to a friend