ਰਾਜਪੁਰਾ, 27 ਅਗਸਤ (ਦਇਆ ਸਿੰਘ)-ਇਥੋਂ ਦੇ ਗਗਨ ਚੌਂਕ ਵਿੱਚਕਾਰ ਬੀਤੀ ਦੇਰ ਰਾਤ ਯੂਨਾਈਟਿਡ ਸਿੱਖ ਪਾਰਟੀ ਆਗੂਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਦੀ ਯਾਦ ਅਤੇ ਸਰਬੱਤ ਦੇ ਭਲੇੇ ਲਈ ਰਾਂਚੀ (ਝਾਰਖੰਡ) ਦੀ ਸਾਇਕਲ ਯਾਤਰਾ ’ਤੇ ਸ੍ਰੀ ਦਰਬਾਰ ਸਾਹਿਬ ਤੱਕ ਸਾਇਕਲਾਂ ਉਤੇ ਜਾਣ ਵਾਲੀ ਸਿੱਖ ਸੰਗਤ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਯੂਨਾਈਟਿੱਡ ਸਿੱਖ ਪਾਰਟੀ ਦੇ ਕੌਮੀ ਪੰਚ ਭਾਈ ਜਸਵਿੰਦਰ ਸਿੰਘ ਰਾਜਪੁਰਾ, ਭਾਈ ਗੁਰਦਿੱਤ ਸਿੰਘ, ਐਡਵੋਕੇਟ ਰਵਿੱਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਜਸਪਾਲ ਸਿੰਘ ਭੱਟੀ, ਭਾਈ ਗੁਰਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਮਨਮੋਹਨ ਸਿੰਘ, ਭਾਈ ਨਰਿੰਦਰ ਸਿੰਘ ਸਮੇਤ ਹੋਰਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਝਾਂਰਖੰਡ ਰਾਜ ਦੇ ਰਾਂਚੀ ਸ਼ਹਿਰ ਤੋਂ ਸਿੱਖ ਸੰਗਤਾਂ ਭਾਈ ਗੁਰਵਿੰਦਰ ਸਿੰਘ ਗੁੱਡੂ, ਸਤਵੰਤ ਸਿੰਘ ਬੱਗਾ, ਭਾਈ ਮਨਜਿੰਦਰ ਸਿੰਘ, ਭਾਈ ਮਨਜੀਤ ਸਿੰਘ ਦੀ ਅਗਵਾਈ ਵਿੱਚ 24 ਅਗਸਤ 2019 ਦੀ ਰਾਤ ਨੂੰ ਦਿੱਲੀ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਸ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਅੰਮਿ੍ਰਤਸਰ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਅਤੇ ਸਰਬੱਤ ਦੇ ਭਲੇ ਲਈ ਸਾਇਕਲਾਂ ’ਤੇ ਯਾਤਰਾਂ ਕਰ ਰਹੀਆਂ ਹਨ ਤੇ ਇਨ੍ਹਾਂ ਸਿੱਖ ਸੰਗਤਾਂ ਵੱਲੋਂ ਰਸਤੇ ਵਿੱਚ ਥਾਂ-ਥਾਂ ’ਤੇ ਰੁੱਕ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਥੋਂ ਦੇ ਗਗਨ ਚੌਂਕ ਵਿੱਚਕਾਰ 70 ਦੇ ਕਰੀਬ ਸਾਇਕਲਾਂ ’ਤੇ ਪਹੁੰਚੀ ਸਿੱਖ ਸੰਗਤ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਗੁਰਦੁਆਰਾ ਡੇਰਾ ਸ੍ਰੀ ਦੁੱਧਾਧਾਰੀ ਪੁਰਾਣਾ ਰਾਜਪੁਰਾ ਵਿਖੇ ਇਨ੍ਹਾਂ ਸਿੱਖ ਸੰਗਤਾਂ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ। ਯੂਸਿਪ ਦੇ ਕੌਮੀ ਪੰਚ ਭਾਈ ਜ਼ਸਵਿੰਦਰ ਸਿੰਘ ਰਾਜਪੁਰਾ ਤੇ ਉਨ੍ਹਾਂ ਦੀ ਟੀਮ ਵੱਲੋਂ ਅੱਜ ਰਾਂਚੀ ਤੋਂ ਪਹੁੰਚੀ ਸਿੱਖ ਸੰਗਤ ਨੂੰ ਅੱਜ ਸਵੇਰੇ ਲੰਗਰ ਪਾਣੀ ਛਕਾ ਦੇ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤ ਦੇ ਦੂਜੇ ਰਾਜਾਂ ਤੋਂ ਸਿੱਖ ਸੰਗਤਾਂ ਵਿੱਚ 550ਵੇਂ ਪ੍ਰਕਾਸ਼ ਦਿਹਾੜੇ ਨੂੰ ਵੱਡੇ ਪੱਧਰ ਉਤੇ ਮਨਾਉਣ ਦੇ ਲਈ ਕਿੰਨਾ ਉਤਸ਼ਾਹ ਹੈ। ਅਖੀਰ ਸਿੱਖ ਸੰਗਤਾਂ ਦੇ ਅਹੁਦੇਦਾਰਾਂ ਵੱਲੋਂ ਭਾਈ ਜ਼ਸਵਿੰਦਰ ਸਿੰਘ ਰਾਜਪੁਰਾ ਤੇ ਉਨ੍ਹਾਂ ਦੇ ਸਾਥੀ ਸਿੰਘ ਦਾ ਇਸ ਮਹਿਮਾਨ ਨਿਵਾਜ਼ੀ ਬਦਲੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।