ਖਰੜ, 27 ਅਗਸਤ (ਹਰਵਿੰਦਰ ਮਹਿਰਾ)- ਪੁਲਿਸ ਥਾਣਾ ਘੜੂੰਆਂ ਦੀ ਹਦੂਦ ਅੰਦਰ ਆਉਂਦੇ ਪਿੰਡ ਸਿੱਲ ਨੇੜੇ ਇਕ ਤੇਜ਼ ਰਫਤਾਰ ਗੱਡੀ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਫੇਟ ਮਾਰਨ ਨਾਲ ਵਾਪਰੇ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋਂ ਜਾਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਗੜਾਂਗਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਬੀਤੀ ਕੱਲ੍ਹ ਉਸ ਦਾ ਵੱਡਾ ਭਰਾ ਬਲਜੀਤ ਸਿੰਘ (28) ਜੋਂਕਿ ਆਪਣੇ ਨੰਬਰੀ ਮੋਟਰਸਾਈਕਲ ਤੇ ਆਪਣੇ ਕਿਸੇ ਕੰਮ ਤੋਂ ਚੁੰਨੀ-ਮੋਰਿੰਡਾ ਸੜਕ ਤੇ ਜਾ ਰਿਹਾ ਸੀ ਕਿ ਮੋਰਿੰਡਾ ਸਾਈਡ ਤੋਂ ਆਈ ਇਕ ਤੇਜ਼ ਰਫਤਾਰ ਨੰਬਰੀ ਗੱਡੀ ਦੇ ਚਾਲਕ ਨੇ ਬੜੀ ਅਣਗਹਿਲੀ ਨਾਲ ਉਸਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਹ ਸੜਕ ਤੇ ਡਿੱਗਕੇ ਗੰਭੀਰ ਰੂਪ ਵਿੱਚ ਜ਼ਖਮੀ ਹੋਂ ਗਿਆ ਅਤੇ ਉਸਦੇ ਭਰਾ ਦੀ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਮਨਜਿੰਦਰ ਸਿੰਘ ਦੇ ਬਿਆਨਾਂ ਤੇ ਗੱਡੀ ਚਾਲਕ ਜਸਪਾਲ ਸਿੰਘ ਵਾਸੀ ਪਿੰਡ ਰਾਮਪੁਰ ਨਡਿਆਲੀ ਦੇ ਖਿਲਾਫ਼ ਆਈਪੀਸੀ ਦੀ ਧਾਰਾ 279,304ਏ ,427 ਅਧੀਨ ਮਾਮਲਾ ਦਰਜ ਕਰ ਉਸਨੂੰ ਕਾਬੂ ਕਰ ਲਿਆ ਹੈ। ਇਸ ਮੌਕੇ ਸਿਵਲ ਹਸਪਤਾਲ ਖਰੜ ਵਿਖੇ ਆਪਣੇ ਪੋਤੇ ਦੀ ਲਾਸ਼ ਲੈਣ ਆਏ ਬਜੁਰਗ ਹਰਮੀਤ ਸਿੰਘ ਨੇ ਦੱਸਿਆ ਕਿ ਮਿ੍ਰਤਕ ਉਸਦਾ ਵੱਡਾ ਪੋਤਰਾ ਸੀ ਜੋਂਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ।ਜਿਸ ਦੀ ਮਾਂ ਦੀ ਮੌਤ ਤੋਂ ਬਾਅਦ ਉਸਦਾ ਪਾਲਣ ਪੋਸ਼ਣ ਉਨ੍ਹਾਂ ਨੇ ਹੀ ਕੀਤਾ ਸੀ ਜੋਂ ਕਿ ਕੁਆਰਾ ਸੀ। ਪੁਲਿਸ ਵੱਲੋਂ ਸਿਵਲ ਹਸਪਤਾਲ ਖਰੜ ਵਿਖੇ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।