ਸ੍ਰੀ ਅਨੰਦਪੁਰ ਸਾਹਿਬ, 21 ਅਗਸਤ (ਦਵਿੰਦਰਪਾਲ ਸਿੰਘ)- ਭਾਈ ਰਵੀ ਸਿੰਘ ਤੇ ਯੂਰਪ ਦੇ ਆਸਟਰੀਆ ਦੇ ਸ਼ਹਿਰ ਵਿਆਨਾ ਹਵਾਈ ਅੱਡੇ ‘ਤੇ ਹੋਈ ਨਸਲੀ ਟਿੱਪਣੀ ਦੀ ਕਰੜੇ ਸ਼ਬਦਾਂ ‘ਚ ਨਿੰਦਿਆ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਕਿਹਾ ਕਿ ਖਾਲਸਾ ਏਡ ਸੰਸਥਾ ਦੇ ਸੰਸਥਾਪਕ ਭਾਈ ਰਵੀ ਸਿੰਘ ਅਤੇ ਇਸ ਸੰਸਥਾ ਦੇ ਮੈਂਬਰਾਂ ਵੱਲੋਂ ਬਿਨਾਂ ਕਿਸੇ ਭੇਦ-ਭਾਵ ਦੇ ਲੋੜਵੰਦਾਂ ਦੀ ਸੇਵਾ ਕੀਤੀ ਜਾਂਦੀ ਹੈ। ਇਸ ਸੰਸਥਾ ਦੇ ਮੈਂਬਰ ਗੁਰੂ ਸਾਹਿਬ ਵੱਲੋਂ ਬਖਸ਼ੇ ਸਿਧਾਂਤਾਂ ਅਨੁਸਾਰ ਨਿਸ਼ਕਾਮ ਤੌਰ ਤੇ ਦੁਨੀਆ ਵਿੱਚ ਸੇਵਾ ਨਿਭਾਉਂਦੇ ਹਨ। ਪੂਰੇ ਸੰਸਾਰ ਵਿੱਚ ਕਿਤੇ ਵੀ ਮੁਸੀਬਤ ਸਮੇਂ ਇਹ ਸੰਸਥਾ ਲੋੜਵੰਦਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਕਰਕੇ ਸਿੱਖ ਧਰਮ ਦਾ ਨਾਮ ਰੌਸ਼ਨ ਕਰਦੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਕੌਮ ਹਰ ਰੋਜ਼ ਹੀ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਦੀ ਹੈ ਅਤੇ ਮੰਗਦੀ ਰਹੇਗੀ। ਉਨ੍ਹਾਂ ਕਿਹਾ ਕਿ
ਸਿੱਖਾਂ ਨੇ ਆਪਣੀ ਮਿਹਨਤ ਅਤੇ ਸੇਵਾ ਦੇ ਸਦਕਾ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਆਪਣਾ ਇੱਕ ਵੱਖਰਾ ਸਥਾਨ ਬਣਾਇਆ ਹੈ। ਇਸੇ ਤਰ੍ਹਾਂ ਭਾਈ ਰਵੀ ਸਿੰਘ ਹੋਰਾਂ ਦੀ ਸੰਸਥਾ ਖਾਲਸਾ ਏਡ ਨੇ ਆਪਣੀ ਸੇਵਾ ਦੇ ਸਦਕਾ ਵਿਸ਼ਵ ਪੱਧਰ ਤੇ ਵੱਖਰੀ ਪਹਿਚਾਣ ਬਣਾਈ ਹੈ। ਆਸਟਰੀਆ ਦੇ ਹਵਾਈ ਅੱਡੇ ਤੇ ਤਾਇਨਾਤ ਮਹਿਲਾ ਸੁਰੱਖਿਆ ਅਧਿਕਾਰੀ ਵੱਲੋਂ ਅਜਿਹੇ ਸੇਵਾ ਭਾਵਨਾ ਵਾਲੇ ਸਿੱਖ ਦੀ ਦਸਤਾਰ ਤੇ ਨਸਲੀ ਟਿੱਪਣੀ ਕਰਨਾ ਅਤਿ ਨਿੰਦਣਯੋਗ ਹੈ। ਸਿੰਘ ਸਾਹਿਬ ਨੇ ਕਿਹਾ ਕਿ ਇਸ ਘਟਨਾ ਸਬੰਧੀ ਸਿੱਖਾਂ ਦੇ ਮਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਸਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਅਜਿਹੀਆਂ ਨਸਲੀ ਟਿੱਪਣੀਆਂ ਨਾ ਕੀਤੀਆਂ ਜਾਣ।