ਤਲਵੰਡੀ ਸਾਬੋ, 21 ਅਗਸਤ (ਰਾਮ ਰੇਸ਼ਮ ਨਥੇਹਾ)- ਸਬ ਡਵੀਜ਼ਨ ਦੇ ਪਿੰਡ ਨੰਗਲਾ ਵਿਖੇ ਇੱਕ 65 ਸਾਲਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਬਜ਼ੁਰਗ ਔਰਤ ਜੋ ਰਾਤ ਦੇ ਹਨੇਰੇ ਵਿੱਚ ਬਲਾਤਕਾਰ ਦਾ ਸ਼ਿਕਾਰ ਹੋ ਗਈ ਸੀ ਜਿਸਦੀ ਹਾਲਤ ਗੰਭੀਰ ਹੋਣ ਤੇ ਬੀਤੀ ਕੱਲ੍ਹ ਉਸਨੂੰ ਚੰਗੇਰੇ ਇਲਾਜ਼ ਲਈ ਬਠਿੰਡਾ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਉਸਦੀ ਮੌਤ ਹੋਣ ਤੇ ਸਿਵਲ ਹਸਪਤਾਲ ਤਲਵੰਡੀ ਸਾਬੋ ਤੋਂ ਪੋਸਟ ਮਾਰਟਮ
ਕਰਵਾਉਣ ਉਪਰੰਤ ਪੁਲਿਸ ਨੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।ਚੇਤੇ ਰਹੇ ਕਿ ਉਕਤ ਬਜ਼ੁਰਗ ਮਹਿਲਾ ਨਾਲ ਬਲਾਤਕਾਰ ਕਰਨ ਵਾਲੇ ਪਿੰਡ ਦੇ ਹੀ ਇੱਕ ਹਵਸ਼ੀ ਦਰਿੰਦੇ ਨੂੰ ਗਿਰਫ਼ਤਾਰ ਕਰਕੇ ਸੀਂਗੋ ਚੌਂਕੀ ਦੀ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਸੀ ਜਿਸ ਨੂੰ ਮਾਨਯੋਗ ਅਦਾਲਤ ਨੇ ਸੈਂਟਰਲ ਜੇਲ੍ਹ ਬਠਿੰਡਾ ਭੇਜ ਦਿੱਤਾ।ਪ੍ਰਾਪਤ ਜਾਣਕਾਰੀ ਅਤੇ ਦਰਜ਼ ਮੁਕੱਦਮੇਂ ਅਨੁਸਾਰ ਪਿੰਡ ਨੰਗਲਾ ਦੀ ਇੱਕ ਵਿਆਹੁਤਾ ਔਰਤ ਗੁਰਦੇਵ ਕੌਰ ਪਤਨੀ ਸੋਹਣ ਸਿੰਘ ਜੋ ਪਿਛਲੇ 8-9 ਸਾਲ ਤੋਂ ਮਾਨਸਿਕ ਪ੍ਰੇਸ਼ਾਨ ਹੋਣ ਕਾਰਨ ਪਿੰਡ ਦੀਆਂ ਗਲੀਆਂ ਵਿੱਚ ਹੀ ਅਕਸਰ ਘੁੰਮਦੀ ਰਹਿੰਦੀ ਸੀ ਅਤੇ ਲੋਕਾਂ ਦੇ ਘਰਾਂ ਵਿੱਚੋਂ ਹੀ ਆਪਣਾ ਪੇਟ ਵੀ ਭਰ ਲੈਂਦੀ ਸੀ ਨੂੰ ਬੀਤੇ ਦਿਨੀਂ ਪਿੰਡ ਦਾ ਹੀ ਇੱਕ ਨੌਜਵਾਨ ਆਪਣੀ ਹਵਸ ਮਿਟਾਉਣ ਲਈ ਰਾਤ ਦੇ ਸਮੇਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਲੈ ਗਿਆ ਜਿੱਥੇ ਉਸ ਬੇਗੈਰਤ ਨੇ ਉਕਤ ਮਾਨਸਿਕ ਪ੍ਰੇਸ਼ਾਨ ਔਰਤ ਨਾਲ ਸ਼ਰੀਰਕ ਸੰਬੰਧ ਬਣਾਏ।ਪੀੜਤ ਮਹਿਲਾ ਦੇ ਪੁੱਤਰ ਚਮਕੌਰ ਸਿੰਘ ਪੁੱਤਰ ਸੋਹਣ ਸਿੰਘ ਨੇ ਪੁਲਿਸ ਨੂੰ ਲਿਖਵਾਏ ਆਪਣੇ ਬਿਆਨ ਵਿੱਚ ਦੱਸਿਆ ਕਿ ਜਦੋਂ ਰਾਤ ਸਮੇਂ ਉਸਨੂੰ ਆਪਣੀ ਮਾਂ ਮੰਜੇ ਤੋਂ ਗਾਇਬ ਦਿਸੀ ਤਾਂ ਉਨ੍ਹਾਂ ਟਾਰਚ ਦੀ ਰੌਸ਼ਨੀ ਵਿੱਚ ਉਸਨੂੰ ਲੱਭਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਹ ਆਪਣੇ ਘਰ ਦੇ ਨਜ਼ਦੀਕ ਹੀ ਸਰਕਾਰੀ ਸਕੂਲ ਵਿੱਚ ਪਹੁੰਚੇ ਤਾਂ ਜਸਵੰਤ ਸਿੰਘ ਕੌਮ ਮਜ੍ਹਬੀ ਸਿੱਖ ਉਨ੍ਹਾਂ ਦੀ ਮਾਂ ਨਾਲ ਸ਼ਰੀਰਕ ਸੰਬੰਧ ਬਣਾ ਰਿਹਾ ਸੀ ਜੋ ਉਨ੍ਹਾਂ ਨੂੰ ਵੇਖ ਕੇ ਮੌਕੇ ਤੋਂ ਭੱਜ ਗਿਆ ਅਤੇ ਪਰਿਵਾਰ ਨੇ ਪੀੜਤ ਬਜ਼ੁਰਗ ਮਹਿਲਾ ਨੂੰ ਇਲਾਜ ਲਈ ਐੱਸ ਡੀ ਐੱਚ ਤਲਵੰਡੀ ਸਾਬੋ ਭਰਤੀ ਕਰਵਾਇਆ ਸੀ ਅਤੇ ਬੀਤੀ ਕੱਲ੍ਹ ਦੇਰ ਸ਼ਾਮ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।ਪੁਲਿਸ ਨੇ ਕਥਿਤ ਦੋਸ਼ੀ ਦੇ ਖਿਲਾਫ ਧਾਰਾ 376 ਤਹਿਤ ਮੁਕਦਮਾ ਨੰਬਰ 255 ਮਿਤੀ 18/8/2019 ਦਰਜ਼ ਕਰ ਲਿਆ ਸੀ ਜਿਸ ਵਿੱਚ ਉਕਤ ਪੀੜਤ ਮਹਿਲਾ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਧਾਰਾ 304 ਆਈ ਪੀ ਸੀ ਦਾ ਵਾਧਾ ਕਰ ਦਿੱਤਾ ਹੈ।