ਪੰਜਾਬ ਸਰਕਾਰ ਵੱਲੋਂ 100 ਕਰੋੜ ਦੀ ਰਾਹਤ ਦਾ ਐਲਾਨ
ਰੂਪਨਗਰ, 19 ਅਗਸਤ- ਬੇਸ਼ੱਕ ਬਰਸਾਤ ਤੋਂ ਕੁਝ ਰਾਹਤ ਮਿਲੀ ਹੈ ਪ੍ਰੰਤੂ ਭਾਖੜਾ ਡੈਮ ਤੋਂ ਹੋਰ ਵਧੇਰੇ ਪਾਣੀ ਛੱਡੇ ਜਾਣ ਕਾਰਨ ਪੰਜਾਬ ਵਿੱਚ ਹੜ੍ਹਾਂ ਦਾ ਖ਼ਤਰਾ ਵਧ ਗਿਆ ਹੈ। ਪਾਣੀ ਦੇ ਵਧੇਰੇ ਵਹਾਅ ਕਾਰਨ ਸਤਲੁੱਜ ਆਪੇ ਤੋਂ ਬਾਹਰ ਹੁੰਦਾ ਨਜ਼ਰ ਆ ਰਿਹਾ ਹੈ। ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਫੌਰੀ ਤੌਰ ‘ਤੇ ਕੀਤੇ ਜਾਣ ਵਾਲੇ ਰਾਹਤ ਤੇ ਮੁੜ ਵਸੇਬਾ ਕਾਰਜਾਂ ਲਈ 100 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਪਾਣੀ ਦਾ ਪੱਧਰ ਘਟਣ ਤੋਂ ਤੁਰੰਤ ਬਾਅਦ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਤਾਂ ਕਿ ਪੀੜਤ ਕਿਸਾਨਾਂ ਨੂੰ ਢੁਕਵਾਂ ਮਆਵਜ਼ਾ ਦੇਣਾ ਯਕੀਨੀ ਬਣਾਇਆ ਜਾ ਸਕੇ।ਮੁੱਖ ਮੰਤਰੀ ਨੇ ਇਹ ਐਲਾਨ ਰੂਪਨਗਰ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਕੀਤੇ ਜਿੱਥੇ ਉਨਾਂ ਨੇ ਅੱਜ ਪਿਛਲੇ 72 ਘੰਟਿਆਂ ਤੋਂ ਮੋਹਲੇਧਾਰ ਮੀਂਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਹੜਾਂ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਜ਼ਿਲੇ ਵਿੱਚ ਛੱਤ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨਾਲ ਸੂਬੇ ਵਿੱਚ ਹੜਾਂ ਨਾਲ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਡਰੇਨੇਜ਼ ਦੇ ਚੀਫ ਇੰਜੀਨੀਅਰ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਬਿਆਸ ਅਤੇ ਰਾਵੀ ਦਰਿਆਵਾਂ ਦੀ ਸਮੁੱਚੀ ਸਥਿਤੀ ਕਾਬੂ ਹੇਠ ਹੈ। ਭਾਵੇਂ ਕਿ ਸਤਲੁਜ ਦਰਿਆ ਦੇ ਨਾਲ ਲਗਦੇ ਇਲਾਕਿਆਂ ਅਤੇ ਫ਼ਿਰੋਜ਼ਪੁਰ ਵਿੱਚ ਹਰੀਕੇ ਹੈੱਡਵਰਕਸ ਵਿਖੇ ਦਰਿਆ ਦੇ ਵਹਾਅ ਵਾਲੇ ਇਲਾਕਿਆਂ ਵਿੱਚ ਖਤਰਾ ਮੰਡਰਾ ਰਿਹਾ ਹੈ। ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਬਰਕਰਾਰ ਰੱਖਣ ਲਈ ਵਾਧੂ ਪਾਣੀ ਛੱਡਿਆ ਗਿਆ ਸੀ ਜੋ ਮੌਜੂਦਾ ਸਮੇਂ 1681.23 ਫੁੱਟ ‘ਤੇ ਵਹਿ ਰਿਹਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਡੀਗੜ ਤੋਂ ਰੂਪਨਗਰ ਤੱਕ ਸੜਕ ਰਸਤੇ ਗਏ ਅਤੇ ਉਨਾਂ ਨੇ ਸਥਿਤੀ ਨੂੰ ਗੰਭੀਰ ਦੱਸਦਿਆਂ ਅਤੇ ਸਥਾਨਕ ਵਾਸੀਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾ?ਣ ਦਾ ਭਰੋਸਾ ਦਿੱਤਾ। ਉਨਾਂ ਨੂੰ ਸਥਾਨਕ ਅਧਿਕਾਰੀਆਂ ਨੇ ਭਾਖੜਾ ਡੈਮ ਦੇ ਨਾਲ ਲੱਗਦੇ ਇਲਾਕੇ ਤੋਂ ਪਾਣੀ ਦੇ ਤੇਜ਼ ਵਹਾਅ ਨਾਲ ਖੜੀਆਂ ਫਸਲਾਂ, ਘਰਾਂ, ਜਨਤਕ ਜਾਇਦਾਦਾਂ ਅਤੇ ਪਸ਼ੂਧਨ ਨੂੰ ਹੋਏ ਨੁਕਸਾਨ ਬਾਰੇ ਜਾਣੂ ਕਰਵਾਇਆ।ਆਈ.ਆਈ.ਟੀ. ਰੂਪਨਗਰ ਦੇ ਵਿਦਿਆਰਥੀਆਂ ਜਿਨਾਂ ਨੂੰ ਭਾਰੀ ਹੜਾਂ
ਕਾਰਨ ਉਥੋਂ ਹਟਾਉਣਾ ਪਿਆ, ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਕਿ ਉਨਾਂ ਦੇ ਮੁੜ ਕੈਂਪਸ ਜਾਣ ਤੱਕ ਇਨਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਪੰਜਾਬ ਭਵਨ ਅਤੇ ਕਿਸਾਨ ਭਵਨ ਵਿੱਚ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਆਈ.ਆਈ.ਟੀ. ਦੀ ਡਾਇਰੈਕਟਰ ਦੀ ਬੇਨਤੀ ਨੂੰ ਸਵਿਕਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਨੂੰ ਸਾਂਝੇ ਤੌਰ ‘ਤੇ ਇਕ ਯੋਜਨਾ ਬਣਾਉਣ ਲਈ ਆਖਿਆ ਤਾਂ ਕਿ ਭਵਿੱਖ ਵਿੱਚ ਹੜਾਂ ਨਾਲ ਇਸ ਕੈਂਪਸ ਨੂੰ ਕਿਸੇ ਤਰਾਂ ਦੇ ਨੁਕਸਾਨ ਨੂੰ ਟਾਲਣ ਲਈ ਠੋਸ ਅਤੇ ਪ੍ਰਭਾਵਸ਼ਾਲੀ ਡਰੇਨੇਜ਼ ਸਿਸਟਮ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਮੁੱਖ ਮੰਤਰੀ ਨਾਲ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਤਕਨੀਕੀ ਸਿੱਖਿਆ ਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ, ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੋਂ ਇਲਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਿਪਾਲ ਸਿੰਘ, ਡਵੀਜ਼ਨ ਕਮਿਸ਼ਨਰ ਰੂਪਨਗਰ ਰਾਹੁਲ ਤਿਵਾੜੀ , ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਅਤੇ ਜ਼ਿਲਾ ਪੁਲੀਸ ਮੁਖੀ ਸਵੱਪਨ ਸ਼ਰਮਾ ਹਾਜ਼ਰ ਸਨ।