April 26, 2026 4:28 pm

ਸ਼੍ਰੋਮਣੀ ਅਕਾਲੀ ਦਲ ਰਾਜਾਂ ਲਈ ਵੱਧ ਅਧਿਕਾਰਾਂ ਦਾ ਹਮਾਇਤੀ ਪਰ ਧਾਰਾ 370 ਖ਼ਤਮ ਕਰਨੀ ਸੀ ਜ਼ਰੂਰੀ : ਸ. ਭੂੰਦੜ

ਕਿਹਾ ਭਾਰਤ ਪਾਕਿ ਤਣਾਅ ਦਾ ਸ੍ਰੀ ਕਰਤਾਪੁਰ ਸਾਹਿਬ ਕਾਰੀਡੋਰ ਨਿਰਮਾਣ ਤੇ ਨਹੀਂ ਪਵੇਗਾ ਕੋਈ ਅਸਰ

ਤਲਵੰਡੀ ਸਾਬੋ, 9 ਅਗਸਤ (ਰਾਮ ਰੇਸ਼ਮ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਵਾਂਗ ਹੁਣ ਵੀ ਸ੍ਰੀ ਆਨੰਦਪੁਰ ਸਾਹਿਬ ਮਤੇ ਵਾਂਗ ਰਾਜਾਂ ਲਈ ਵੱਧ ਅਧਿਕਾਰਾਂ ਦਾ ਹਾਮੀ ਹੈ ਪਰ ਦੇਸ਼ ਵਿੱਚ ਇੱਕ ਵਿਧਾਨ,ਇੱਕ ਸੰਵਿਧਾਨ ਦੀ ਵੀ ਹਮਾਇਤ ਕਰਦਾ ਹੈ ਇਸਲਈ ਧਾਰਾ 370 ਨੂੰ ਖਤਮ ਕਰਨ ਦੇ ਮੁੱਦੇ ਤੇ ਅਕਾਲੀ ਦਲ ਨੇ ਸਮੱਰਥਨ ਦਿੱਤਾ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨ:ਆਗੂ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਭੂੰਦੜ ਨੇ ਕਿਹਾ ਕਿ ਅਸੀਂ ਅੱਜ ਵੀ ਕੇਂਦਰ ਸਰਕਾਰ ਸਾਹਮਣੇ ਇਹ ਗੱਲ ਰੱਖੀ ਹੈ ਕਿ ਧਾਰਾ 370 ਖਤਮ ਕਰਨਾ ਸ਼ਲਾਘਾਯੋਗ ਕਦਮ ਹੈ ਪ੍ਰੰਤੂ ਕਸ਼ਮੀਰੀਆਂ ਦੇ ਹਿੱਤਾਂ ਵੱਲ ਵੀ ਸਰਕਾਰ ਵਿਸ਼ੇਸ ਧਿਆਨ ਦੇਵੇ।ਉਨਾਂ ਕਿਹਾ ਕਿ ਜਿਵੇਂ ਪੰਜਾਬ ਵਿੱਚ ਹਰ ਦੇਸ਼ ਵਾਸੀ ਨੂੰ ਜਮੀਨ ਖਰੀਦਣ ਦੀ ਖੁੱਲ ਹੈ ਉਸੇ ਤਰ੍ਹਾਂ ਪੰਜਾਬੀਆਂ ਨੂੰ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਵਿੱਚ ਜਮੀਨ ਖਰੀਦਣ ਦੀ ਖੁੱਲ ਮਿਲਣੀ ਚਾਹਿਦੀ ਹੈ।ਧਾਰਾ 370 ਦੇ ਖਾਤਮੇ ਉਪਰੰਤ ਭਾਰਤ ਪਾਕਿਸਤਾਨ ਸਬੰਧਾਂ ਦੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨਿਰਮਾਣ ਤੇ ਕਿਸੇ ਕਿਸਮ ਦੇ ਅਸਰ ਦੇ ਸਵਾਲ ਤੇ ਉਨਾਂ
ਕਿਹਾ ਕਿ ਜਦੋਂ ਪੁਲਵਾਮਾ ਹਮਲਾ ਹੋਇਆ ਉਸ ਸਮੇਂ ਵੀ ਸਥਿੱਤੀ ਤਣਾਅਪੂਰਨ ਸੀ ਪਰ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਲੈ ਕੇ ਦੋਵਾਂ ਦੇਸ਼ਾਂ ਵਿੱਚ ਮੀਟਿੰਗਾਂ ਚਲਦੀਆਂ ਰਹੀਆਂ ਸਨ ਤੇ ਹੁਣ ਵੀ ਭਾਂਵੇ ਦੋਵਾਂ ਦੇਸ਼ਾਂ ਵਿੱਚ ਸਬੰਧ ਤਣਾਅਪੂਰਨ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ ਪ੍ਰੰਤੂ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਤੇ ਇਸਦਾ ਕੋਈ ਅਸਰ ਨਹੀ ਪਵੇਗਾ ਤੇ ਉਮੀਦ ਹੈ ਕਿ ਦੋਵੇਂ ਸਰਕਾਰਾਂ ਤੈਅ ਸਮੇਂ ਤੇ ਕਾਰੀਡੋਰ ਨਿਰਮਾਣ ਦਾ ਕੰਮ ਸੰਪੰਨ ਕਰ ਲੈਣਗੀਆਂ।

Send this to a friend