April 23, 2026 3:00 pm

ਬੱਚੇ ਚੁੱਕਣ ਦੀ ਅਫ਼ਵਾਹ ਦੇ ਚੱਲਦਿਆਂ ਮਜ਼ਦੂਰਾਂ ਦਾ ਲੋਕਾਂ ਨੇ ਕੀਤਾ ਕੁਟਾਪਾ- ਹਾਲਤ ਨਾਜ਼ੁਕ

ਲਹਿਰਾਗਾਗਾ, 29 ਜੁਲਾਈ (ਜਤਿੰਦਰ ਜਲੂਰ)- ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਅੰਦਰ ਬੱਚੇ ਚੁੱਕਣ ਦੀਆਂ ਸ਼ੋਸ਼ਲ ਮੀਡੀਆ ਰਾਹੀਂ ਫੈਲ ਰਹੀਆਂ ਅਫਵਾਹਾਂ ਕਰਕੇ ਡਰ ਅਤੇ ਸਹਿਮ ਦਾ ਮਾਹੌਲ ਹੈ । ਪੰਜਾਬ ਅੰਦਰ ਜਿੱਥੇ ਇੱਕਾ ਦੁੱਕਾ ਬੱਚੇ ਚੁੱਕਣ ਦੀਆਂ ਘਟਨਾਵਾਂ ਸੱਚਮੁੱਚ ਵਾਪਰੀਆਂ ਹਨ, ਉੱਥੇ ਜਿਆਦਾਤਰ ਬੱਚੇ ਚੁੱਕਣ ਦੀਆਂ ਸ਼ੋਸ਼ਲ ਮੀਡੀਆ ਉੱਪਰ ਝੂਠੀਆਂ ਖਬਰਾਂ ਵਾਇਰਲ ਹੋ ਰਹੀਆ ਹਨ ਅਤੇ ਇਹੋ ਜਿਹੀਆਂ ਝੂਠੀਆਂ ਖਬਰਾਂ ਫੈਲਾਉਣ ਵਾਲੇ ਲੋਕਾਂ ਖਿਲਾਫ ਪੰਜਾਬ ਪੁਲਿਸ ਵੱਲੋਂ ਕੇਸ ਵੀ ਦਰਜ ਕੀਤੇ ਜਾ ਰਹੇ ਹਨ । ਬੀਤੀ ਰਾਤ ਅਜਿਹੀ ਹੀ ਇੱਕ ਅਫਵਾਹ ਲਹਿਰਾਗਾਗਾ ਨੇੜਲੇ ਪਿੰਡ ਹਰਿਆਊ ਵਿੱਚ ਬੱਚਾ ਚੋਰੀ ਦੀ ਅਫਵਾਹ ਦੇ ਚੱਲਦੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੇ ਗੱਡੀ ਵਿੱਚ ਆ ਰਹੇ ਡਸਕਾ ਪਿੰਡ ਦੇ ਮਜਦੂਰਾਂ ਦੀ ਮਾਰ ਕੁਟਾਈ ਕਰ ਦਿੱਤੀ । ਇਹ ਮਜਦੂਰ ਗੁਡਥਲੀ ਪਿੰਡ ਵਿੱਚ ਰਹਿੰਦੇ ਆਪਣੇ ਭਰਾ ਦਾ ਘਰ ਬਣਾਕੇ ਜੀਪ ਰਾਹੀਂ ਵਾਪਸ ਆ ਰਹੇ ਸਨ , ਜਦੋਂ ਇਹ ਪਿੰਡ ਫਲੇੜਾ ਪਹੁੰਚੇ ਤਾਂ ਬੱਚੇ ਚੁੱਕਣ ਦੀ ਅਫਬਾਹ ਦੇ ਚੱਲਦਿਆਂ ਲੋਕ ਪਿੱਛੇ ਪੈ ਗਏ , ਡਰ ਦੇ ਮਾਰੇ ਇਨ੍ਹਾਂ ਨੇ ਆਪਣੀ ਗੱਡੀ ਭਜਾ ਲਈ ਅਤੇ ਹਰਿਆਊ ਨਜਦੀਕ ਜਾਕੇ ਗੱਡੀ ਖੇਤਾਂ ਵਿੱਚ ਪਲਟ ਗਈ । ਜਿੱਥੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਗੱਡੀ ਵਿੱਚ ਫਸੇ ਲੋਕਾਂ ਨੂੰ ਕੱਢਣ ਦੀ ਬਜਾਏ ਬੱਚਾ ਚੋਰੀ ਕਰਨ ਵਾਲਾ ਗੈਂਗ ਸਮਝ ਕੇ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਵੱਲੋ ਇਨ੍ਹਾਂ ਗਰੀਬ ਮਜਦੂਰਾਂ ਦੀ ਕੀਤੀ ਮਾਰਕੁੱਟ ਨਾਲ ਹਾਲਤ ਇੰਨੀ ਨਾਜਕ ਹੋ ਗਈ ਕਿ ਇਨ੍ਹਾਂ ਨੂੰ ਮਾਨਸਾ,ਲਹਿਰਾਗਾਗਾ ਅਤੇ ਸੰਗਰੂਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਉਣਾ ਪਿਆ ,ਜਿੱਥੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।ਇਨ੍ਹਾਂ ਮਜਦੂਰਾਂ ਦੇ ਘਰ ਵਾਲਿਆਂ ਨੇ ਮੀਡਿਆ ਦੇ ਸਾਹਮਣੇ ਆਕੇ ਦੱਸਿਆ ਕਿ ਸਾਡਾ ਇੱਕ ਮੁੰਡਾ ਗੁਡਥਲੀ ਪਿੰਡ ਵਿੱਚ ਰਹਿੰਦਾ ਹੈ ਜਿਸਦਾ ਮਕਾਨ ਢਹਿ ਗਿਆ ਸੀ ਅਤੇ ਜੋ ਲੋਕ ਉਸਦਾ ਮਕਾਨ ਬਣਾਉਣ ਲਈ ਉੱਥੇ ਗਏ ਹੋਏ ਸਨ ਜਦੋਂ ਇਹ ਲੋਕ ਵਾਪਸ ਆ ਰਹੇ ਸਨ ਤਾਂ ਪਿੰਡ ਆਲਮਪੁਰ ਦੇ ਕੋਲ ਕੁੱਝ ਲੋਕਾਂ ਨੇ ਅਫਵਾਹ ਫੈਲਾ ਦਿੱਤੀ ਕਿ ਇਹ ਲੋਕ ਬੱਚਾ ਚੋਰੀ ਕਰ ਕੇ ਭੱਜ ਰਹੇ ਹਨ । ਲੋਕ ਇਨ੍ਹਾਂ ਦੇ ਪਿੱਛੇ ਪੈ ਗਏ ਅਤੇ ਗੱਡੀ ਨੂੰ ਇੱਟਾਂ ਮਾਰਨ ਲੱਗੇ, ਜਿਸਦੇ ਚਲਦੇ ਉਨ੍ਹਾਂ ਨੇ ਆਪਣੀ ਗੱਡੀ ਭਜਾ ਲਈ ਅਤੇ ਅੱਗੇ ਜਾਕੇ ਗੱਡੀ ਪਲਟ ਗਈ ਜਿਸਦੇ ਚਲਦੇ ਉੱਥੇ ਇੱਕਠੇ ਹੋਏ ਦੂਜੇ ਪਿੰਡ ਦੇ ਲੋਕਾਂ ਨੇ ਸਾਡੇ ਬੱਚਿਆ ਦੀ ਮਾਰ ਕੁਟਾਈ ਕੀਤੀ ।ਇਸ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਕੱਲ ਰਾਤ ਸਾਨੂੰ ਸੂਚਨਾ ਮਿਲੀ ਸੀ ਕਿ ਕੁੱਝ ਲੋਕ ਬੱਚੇ ਚੋਰੀ ਕਰਕੇ ਮਾਨਸਾ ਜਿਲ੍ਹੇ ਵਲੋਂ ਲਹਿਰਾਗਾਗਾ ਵੱਲ ਆ ਰਹੇ ਹਨ । ਜਦੋਂ ਅਸੀ ਮੌਕੇ ਉੱਤੇ ਗਏ ਤਾਂ ਹਰਿਆਊ ਪਿੰਡ ਕੋਲ ਲੋਕ ਰਸ਼ਤੇ ਵਿੱਚ ਨਾਕੇ ਲਗਾ ਕੇ ਖੜੇ ਸਨ ਅਤੇ ਸਾਨੂੰ ਇੱਕ ਗੱਡੀ ਪਲਟੀ ਹੋਈ ਮਿਲੀ ਜਿੱਥੇ ਕੁੱਝ ਜਵਾਨਾਂ ਨੂੰ ਲੋਕਾਂ ਨੇ ਫੜਿਆ ਹੋਇਆ ਸੀ । ਅਸੀਂ ਪੂਰੀ ਜਾਂਚ ਕਰਕੇ ਪਤਾ ਕੀਤਾ ਕਿ ਕੋਈ ਬੱਚਾ ਚੋਰੀ ਵਾਲੀ ਗੱਲ ਨਹੀ ਸੀ ਸਗੋਂ ਇਹ ਸਿਰਫ ਇੱਕ ਅਫਵਾਹ ਸੀ, ਅਸੀ ਜਿਨ੍ਹਾਂ ਲੋਕੋ ਨੇ ਅਫਵਾਹ ਫੈਲਾਈ ਅਤੇ ਇਹਨਾਂ ਮਜਦੂਰਾਂ ਦੀ ਮਾਰ ਕੁਟਾਈ ਕੀਤੀ , ਜਾਂਚ ਉਨ੍ਹਾਂ ਬਣਦੀ ਸਖਤ ਤੋਂ ਸਖਤ ਕਰਵਾਈ ਕਰਾਂਗੇ ।

Send this to a friend