ਵਿਧਾਨ ਸਭਾ ‘ਚ ਹੁਣ ਸੀਟਾਂ ਦੀ ਗਿਣਤੀ 207 ‘ਤੇ ਸੁੰਗੜੀ
ਬੰਗਲੁਰੂ, 28 ਜੁਲਾਈ- ਕਰਨਾਟਕ ਦਾ ਸਿਆਸੀ ਨਾਟਕ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਐਤਵਾਰ ਨੂੰ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਸ੍ਰੀ ਆਰ. ਰਮੇਸ਼ ਕੁਮਾਰ ਨੇ 14 ਬਾਗੀ ਵਿਧਾਇਕਾਂ ਨੂੰ ਸਾਲ 2023 ਤੱਕ ਅਯੋਗ ਕਰਾਰ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਸਪੀਕਰ ਨੇ ਤਿੰਨ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਕੁੱਲ ਅਯੋਗ ਵਿਧਾਇਕਾਂ ਦੀ ਗਿਣਤੀ 17 ਹੋ ਗਈ ਹੈ। ਸਪੀਕਰ ਦੇ ਇਸ ਫੈਸਲੇ ਮਗਰੋਂ ਇਹ ਵਿਧਾਇਕ 15ਵੀਂ ਵਿਧਾਨ ਸਭਾ ਦਾ ਕਾਰਜਕਾਲ ਪੂਰਾ ਹੋਣ ਤਕ ਨਾ ਚੋਣ ਲੜ ਸਕਣਗੇ ਤੇ ਨਾ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਸਕਣਗੇ।ਸਪੀਕਰ ਵੱਲੋਂ ਅਯੋਗ ਕਰਾਰ ਦਿੱਤੇ ਵਿਧਾਇਕਾਂ ਵਿੱਚ 13 ਕਾਂਗਰਸ, ਤਿੰਨ ਜੇਡੀਐਸ ਤੇ ਇੱਕ ਆਜ਼ਾਦ ਵਿਧਾਇਕ ਸ਼ਾਮਲ ਹੈ। ਸੂਬਾ ਵਿੱਚ ਐਚ.ਡੀ. ਕੁਮਾਰਸਵਾਮੀ ਦੀ ਸਰਕਾਰ ਡਿੱਗਣ ਮਗਰੋਂ ਭਾਜਪਾ ਨੇਤਾ ਬੀਐਸ ਯੇਦਯੁਰੱਪਾ ਨੇ ਮੁੱਖ ਮੰਤਰੀ ਵਜੋਂ ਹਲਫ ਲੈ ਲਿਆ ਹੈ। ਹੁਣ ਉਨ੍ਹਾਂ ਨੂੰ ਸੋਮਵਾਰ ਨੂੰ ਬਹੁਮਤ ਸਾਬਤ ਕਰਨਾ ਹੋਵੇਗਾ।ਕਰਨਾਟਕ ਦੀ ਵਿਧਾਨਸਭਾ ਦੀਆਂ 224 ਸੀਟਾਂ ਹਨ ਤੇ 17 ਵਿਧਾਇਕਾਂ ਦੇ ਅਯੋਗ ਹੋਣ ਕਾਰਨ ਹੁਣ ਵਿਧਾਨ ਸਭਾ ਸੀਟਾਂ ਦੀ ਗਿਣਤੀ 207 ਰਹਿ ਗਈ ਹੈ। ਹੁਣ ਬਹੁਮਤ ਸਾਬਤ ਕਰਨ ਦਾ ਅੰਕੜਾ 104 ਹੋਵੇਗਾ।