ਵਾਰਾਨਸੀ, 8 ਮਈ (ਪੀ.ਟੀ.) – ਹੁਣ ਜਦੋਂ ਚੋਣਾਂ ਦਾ ਦੌਰ ਚਲ ਰਿਹਾ ਹੈ ਤਾਂ ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ ਵਿਚਕਾਰ ਚੋਟੀ ਦੀ ਸਿਆਸੀ ਜੰਗ ਦੀ ਕਵਰੇਜ ਲਈ ਅੰਤਰਰਾਸ਼ਟਰੀ ਮੀਡੀਆ ਨੇ ਇਸ ਮੰਦਿਰਾਂ ਵਾਲੇ ਸ਼ਹਿਰ ’ਚ ਡੇਰੇ ਲਾਏ ਹੋਏ ਹਨ। ਦੋਵਾਂ ਨੂੰ ਟਾਈਮ ਰਸਾਲੇ ਨੇ ਵਿਸ਼ਵ ਦੀਆਂ ਬਹੁਤ ਹੀ ਬਾਰਸੂਖ 100 ਸ਼ਖਸੀਅਤਾਂ ਵਿਚ ਸ਼ਮਾਰ ਕੀਤਾ ਹੈ। ਵਿਦੇਸ਼ੀ ਮੀਡੀਆ ਲਈ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਵਿਚਕਾਰ ਵਿਚਾਰਾਂ ਦੀ ਲੜਾਈ ਹੈ ਜਿਸ ਦੀ ਅਮੇਠੀ ਅਤੇ ਰਾਏ ਬਰੇਲੀ ਸਮੇਤ ਦੂਸਰੇ ਕਿਸੇ ਵੀ ਹਲਕੇ ਨਾਲੋਂ ਵਿਸ਼ਵ ਭਰ ਦੇ ਲੋਕਾਂ ’ਚ ਰੁਚੀ ਹੈ। ਏ. ਐਫ. ਪੀ. ਦੇ ਦੱਖਣੀ ਏਸ਼ੀਆ ਦੇ ਬਿਊਰੋ ਚੀਫ ਕਰਿਸ ਓਟਨ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਵਾਰਾਨਸੀ ਦੀ ਚੋਣ ਨੇ ਵਿਦੇਸ਼ੀ ਮੀਡੀਆ ਦਾ ਧਿਆਨ ਖਿੱਚਿਆ
ਹੈ ਕਿਉਂਕਿ ਇਸ ਹਲਕੇ ’ਚ ਇਸ ਵਾਰ ਦੋ ਬਹੁਤ ਚਰਚਿਤ ਭਾਰਤੀ ਸਿਆਸਤਦਾਨ ਆਹਮੋ-ਸਾਹਮਣੇ ਹਨ। ਸ੍ਰੀ ਓਟਨ ਨੇ ਕਿਹਾ ਕਿ ਭਾਵੇਂ ਲੰਬੀ ਚੋਣ ਪ੍ਰਕਿਰਿਆ ਕਾਰਨ ਭਾਰਤੀ ਚੋਣਾਂ ਵਿਚ ਵਿਦੇਸ਼ੀ ਲੋਕਾਂ ਦੀ ਰੁਚੀ ਘੱਟ ਹੈ ਪਰ ਵਾਰਾਨਸੀ ਦੇ ਗਰੈਂਡ ਫਿਨਾਲ ਪ੍ਰਤੀ ਲੋਕਾਂ ਦੀ ਰੁਚੀ ਜ਼ੋਰ ਫੜ ਰਹੀ ਹੈ। ਟਾਈਮ ਰਸਾਲੇ ਦੀ ਦੱਖਣੀ ਏਸ਼ੀਆ ਦੀ ਪੱਤਰਕਾਰ ਨਿਲੰਜਨਾ ਭਾਮਿਕ ਦਾ ਕਹਿਣਾ ਕਿ ਬਿਨਾਂ ਸ਼ੱਕ ਇਹ ਰਾਜਸੀ ਲੜਾਈ ਹੈ ਪਰ ਇਹ ਵਿਚਾਰਾਂ ਦੀ ਵੀ ਜੰਗ ਹੈ। ਭਾਵੇਂ ਕਾਂਗਰਸ ਨੇ ਸਥਾਨਕ ਆਗੂ ਅਤੇ ਪਿੰਦਰਾ ਵਿਧਾਨ ਸਭਾ ਹਲਕੇ ਤੋਂ ਵਿਧਾਕਿ ਅਜੇ ਰਾਏ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਪਰ ਬਹੁਤੇ ਵਿਦੇਸ਼ੀ ਪੱਤਰਕਾਰਾਂ ਦਾ ਕਹਿਣਾ ਕਿ ਮੁੱਖ ਲੜਾਈ ਤਾਂ ਮੋਦੀ ਅਤੇ ਕੇਜਰੀਵਾਲ ਵਿਚਕਾਰ ਹੈ ਜਿਹੜੇ 12 ਮਈ ਦੀ ਚੋਣ ਲਈ ਧੂੰਆਂ ਧਾਰ ਪ੍ਰਚਾਰ ਕਰ ਰਹੇ ਹਨ।